PRTC ਬੱਸ ਡਰਾਈਵਰ ਦੀ ਮੌਤ 'ਤੇ ਪਰਿਵਾਰ ਨੇ ਲਾਇਆ ਧਰਨਾ, ਮਹਿਕਮੇ 'ਤੇ ਲਾਏ ਗੰਭੀਰ ਇਲਜ਼ਾਮ
Thursday, Sep 08, 2022 - 06:05 PM (IST)

ਸੰਗਰੂਰ(ਸਿੰਗਲਾ) : ਅੱਜ ਪੀ.ਆਰ.ਟੀ.ਸੀ. ਦੇ ਡਰਾਈਵਰ ਦੀ ਮੌਤ ਤੋਂ ਬਾਅਦ ਭੜਕੇ ਵਾਰਸਾਂ ਵੱਲੋਂ ਸੰਗਰੂਰ ਬੱਸ ਸਟੈਂਡ ਨੂੰ ਜਿੰਦਾ ਲਗਾ ਕੇ ਤੇ ਮ੍ਰਿਤਕ ਦੀ ਦੀ ਲਾਸ਼ ਬੱਸ ਸਟੈਂਡ ਦੇ ਸਾਹਮਣੇ ਲੰਘਦੀ ਸੜਕ ’ਤੇ ਰੱਖ ਕੇ ਮਹਿਕਮੇ ਅਤੇ ਉੱਚ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਂ ਸਤਿਗੁਰ ਸਿੰਘ ਸੀ ਜੋ ਪੀ.ਆਰ.ਟੀ.ਸੀ. ਠੇਕੇਦਾਰੀ ਸਿਸਟਮ ਤਹਿਤ ਡਰਾਈਵਰ ਵਜੋਂ ਕੰਮ ਕਰਦਾ ਸੀ । ਸਤਿਗੁਰ ਦਾ ਕੁਝ ਦਿਨ ਪਹਿਲਾਂ ਡਿਊਟੀ ਤੋਂ ਪਰਤਦੇ ਸਮੇਂ ਐਕਸੀਡੈਂਟ ਹੋ ਗਿਆ ਸੀ ਅਤੇ ਛੁੱਟੀ ਨਾ ਮਿਲਣ ਕਾਰਨ ਉਸਦੀ ਹਾਲਤ ਖ਼ਰਾਬ ਹੋ ਗਈ ਅਤੇ ਬਾਅਦ ’ਚ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਮੌਤ ’ਤੇ ਭੜਕੇ ਉਸਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਸੰਗਰੂਰ ਬੱਸ ਸਟੈਂਡ ਨੂੰ ਜਿੰਦਾ ਲਾ ਕੇ ਉਸਦੀ ਲਾਸ਼ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ- ਅਮਰਗੜ੍ਹ ਦੇ ਵਿਧਾਇਕ ਗੱਜਣਮਾਜਰਾ ਦੇ ਟਿਕਾਣਿਆਂ 'ਤੇ ED ਦੀ ਛਾਪੇਮਾਰੀ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮਿਤੀ 25 ਅਗਸਤ ਨੂੰ ਸਤਿਗੁਰ ਸਿੰਘ ਆਪਣੀ ਡਿਊਟੀ ਖ਼ਤਮ ਕਰ ਕੇ ਆਪਣੇ ਪਿੰਡ ਕਲੌਦੀ ਵੱਲ ਆ ਰਿਹਾ ਸੀ ਤਾਂ ਰਸਤੇ ’ਚ ਉਸਦਾ ਐਕਸੀਡੈਂਟ ਹੋ ਗਿਆ। ਜਿਸ ਕਾਰਨ ਉਸ ਦੇ ਪੇਟ ’ਚ ਸੱਟਾਂ ਵੱਜੀਆਂ । ਅਗਲੇ ਦਿਨ ਉਸਨੇ ਆਪਣੇ ਅਧਿਕਾਰੀਆਂ ਨੂੰ ਇਸ ਬਾਬਤ ਜਾਣੂ ਕਰਵਾਇਆ ਅਤੇ ਛੁੱਟੀ ਦੀ ਮੰਗ ਕੀਤੀ ਪਰ ਮਹਿਕਮੇ ਦੇ ਅਧਿਕਾਰੀਆਂ ਨੇ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ ਸਗੋਂ ਦਿੱਲੀ ਦੇ ਲੰਬੇ ਰੂਟ ਵੱਲ ਭੇਜ ਦਿੱਤਾ। ਦਿੱਲੀ ਜਾ ਕੇ ਸਤਿਗੁਰ ਦੀ ਹਾਲਤ ਹੋਰ ਖ਼ਰਾਬ ਹੋ ਗਈ। ਦਿੱਲੀ ਤੋਂ ਪਰਤਦੇ ਹੀ ਪਰਿਵਾਰ ਨੇ ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ , ਜਿੱਥੇ ਉਸਦੀ ਸਿਹਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਤੋਂ ਉਸ ਨੂੰ ਲੁਧਿਆਣਾ ਡੀ.ਐੱਮ.ਸੀ. ਰੈਫਰ ਕਰ ਦਿੱਤਾ ਗਿਆ ।
ਇਹ ਵੀ ਪੜ੍ਹੋ- ਦਿਨ ਚੜ੍ਹਦਿਆਂ ਮਲੋਟ 'ਚ ਵਾਪਰੀ ਵੱਡੀ ਘਟਨਾ, ਪਰਿਵਾਰ 'ਤੇ ਜਾਨਲੇਵਾ ਹਮਲਾ ਕਰ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਅੱਜ ਸਤਿਗੁਰ ਸਿੰਘ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਇਲਾਜ ਤੇ ਲਗਭਗ 3-4 ਲੱਖ ਰੁਪਏ ਦਾ ਖ਼ਰਚ ਆ ਚੁੱਕਾ ਹੈ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੈ ।ਦੱਸ ਦੇਈਏ ਕਿ ਮ੍ਰਿਤਕ ਆਪਣੇ ਪਿੱਛੇ 8 ਸਾਲਾਂ ਦੀ ਇਕ ਕੁੜੀ ਅਤੇ ਇਕ ਛੋਟਾ ਬੱਚਾ ਛੱਡ ਗਿਆ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਿੰਡੋਂ ਵੱਡੀ ਗਿਣਤੀ ’ਚ ਲੋਕ ਪੁੱਜ ਚੁੱਕੇ ਹਨ ਅਤੇ ਨਾਲ ਹੀ ਕਿਸਾਨ ਯੂਨੀਅਨਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੂੰ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।