ਪਰਿਵਾਰ ਨੇ ਜਤਾਇਆ ਖਦਸ਼ਾ, ਪ੍ਰਿੰਸ ਲਾਹੌਰੀਆ ਨੂੰ ਗੈਂਗਸਟਰ ਨਾ ਬਣਾ ਦੇਵੇ ਪੁਲਸ
Saturday, Feb 03, 2018 - 06:24 AM (IST)
ਜਲੰਧਰ, (ਸ. ਹ.)- ਪ੍ਰਿੰਸ ਲਾਹੌਰੀਆ ਦੇ ਪਰਿਵਾਰ ਨੇ ਖਦਸ਼ਾ ਜਤਾਇਆ ਹੈ ਕਿ ਉਨ੍ਹਾਂ ਦੇ ਲੜਕੇ ਪ੍ਰਿੰਸ ਨੂੰ ਪੁਲਸ ਗੈਂਗਸਟਰ ਬਣਾ ਸਕਦੀ ਹੈ। ਪਰਿਵਾਰਕ ਮੈਂਬਰਾਂ ਨੇ ਪ੍ਰਿੰਸ ਦੇ ਫੁੱਫੜ ਬਲਦੇਵ ਸਿੰਘ, ਮਾਮਾ ਬਿਕਰਮਜੀਤ ਸਿੰਘ ਨੇ ਹੋਰਨਾਂ ਲੋਕਾਂ ਦੇ ਨਾਲ ਦੱਸਿਆ ਕਿ ਪ੍ਰਿੰਸ ਇਕ ਸਕੂਲ ਵਿਚ ਬੱਸ ਡਰਾਈਵਰ ਹੈ ਅਤੇ ਥੋੜ੍ਹੀ ਜਿਹੀ ਤਨਖਾਹ ਵਿਚ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਫੁੱਫੜ ਬਲਦੇਵ ਸਿੰਘ ਨੇ ਦੱਸਿਆ ਕਿ ਪ੍ਰਿੰਸ ਦਾ ਪ੍ਰੇਮਾ ਲਾਹੌਰੀਆ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਪ੍ਰਿੰਸ ਦਾ ਕਿਸੇ ਤਰ੍ਹਾਂ ਦੇ ਗਲਤ ਕੰਮ ਨਾਲ ਕੋਈ ਸਬੰਧ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਪ੍ਰਿੰਸ ਨੂੰ ਇਕ ਝਗੜੇ ਦੇ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਜੇਕਰ ਪ੍ਰਿੰਸ ਦਾ ਪ੍ਰੇਮਾ ਲਾਹੌਰੀਆ ਜਾਂ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਹੁੰਦਾ ਤਾਂ ਅਸੀਂ ਪਰਿਵਾਰ ਵਾਲੇ ਖੁਦ ਉਸ ਨੂੰ ਥਾਣੇ ਲੈ ਕੇ ਨਾ ਜਾਂਦੇ। ਬਲਦੇਵ ਸਿੰਘ ਅਤੇ ਬਿਕਰਮਜੀਤ ਸਿੰਘ (ਬਿੱਕਰ ਸਿੰਘ) ਨੇ ਕਿਹਾ ਕਿ ਜਦੋਂ ਪ੍ਰਿੰਸ ਨੂੰ ਲੈ ਕੇ ਅਸੀਂ ਥਾਣੇ ਪਹੁੰਚੇ ਤਾਂ ਪੁਲਸ ਨੇ ਸਾਨੂੰ ਕਿਹਾ ਸੀ ਕਿ ਇਕ ਝਗੜੇ ਦੇ ਸਬੰਧ ਵਿਚ ਇਸ ਤੋਂ ਪੁੱਛਗਿੱਛ ਕਰਨੀ ਹੈ ਪਰ ਜਦੋਂ ਅਸੀਂ ਦੁਬਾਰਾ ਉਸ ਨੂੰ ਥਾਣੇ ਤੋਂ ਲੈਣ ਗਏ ਤਾਂ ਪਤਾ ਲੱਗਾ ਕਿ ਪ੍ਰਿੰਸ ਨੂੰ ਰਾਜਪੁਰਾ ਪੁਲਸ ਪੁੱਛਗਿੱਛ ਲਈ ਲੈ ਕੇ ਗਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਬਾਅਦ ਹੁਣ ਤੱਕ ਪ੍ਰਿੰਸ ਕਿਥੇ ਹੈ, ਪੁਲਸ ਕੁਝ ਨਹੀਂ ਦੱਸ ਰਹੀ ਹੈ।

ਗੈਂਗਸਟਰਾਂ ਨੂੰ ਪਨਾਹ ਦੇਣ ਦਾ ਪਰਚਾ ਪਾਇਆ ਪ੍ਰਿੰਸ 'ਤੇ : ਬਲਦੇਵ ਸਿੰਘ
ਫੁੱਫੜ ਬਲਦੇਵ ਸਿੰਘ ਦੇ ਨਾਲ ਭਜਨ ਸਿੰਘ, ਕਾਬੁਲ ਸਿੰਘ, ਰਜਨੀਸ਼ ਕੁਮਾਰ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਪੁਲਸ ਨੇ ਪ੍ਰਿੰਸ 'ਤੇ ਪਨਾਹ ਦੇਣ ਦਾ ਪਰਚਾ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸ 'ਤੇ ਇਹ ਕੇਸ ਸ਼ਰਾਰਤ ਵਜੋਂ ਅਤੇ ਨਾਜਾਇਜ਼ ਪਾਇਆ ਗਿਆ ਹੈ। ਨਾ ਤਾਂ ਪ੍ਰਿੰਸ ਦਾ ਪ੍ਰੇਮਾ ਲਾਹੌਰੀਆ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਪਨਾਹ ਦਿੱਤੀ ਹੈ। ਵਰਣਨਯੋਗ ਹੈ ਕਿ ਪ੍ਰਿੰਸ ਲਾਹੌਰੀਆ ਨੂੰ ਪੁਲਸ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਤੋਂ ਦੋ ਦਿਨ ਪਹਿਲਾਂ ਚੁੱਕ ਕੇ ਰਾਜਪੁਰਾ ਲੈ ਗਈ ਸੀ।
