ਪਰਿਵਾਰ ਦਾ ਦੋਸ਼ ਕੁੱਟਮਾਰ ਕਾਰਨ ਹੋਈ ਮੌਤ, ਲਾਸ਼ ਨੂੰ ਡੀ. ਐੱਸ. ਪੀ. ਦਫਤਰ ਅੱਗੇ ਰੱਖ ਲਗਾਇਆ ਧਰਨਾ

Tuesday, Jan 09, 2024 - 05:18 PM (IST)

ਪੱਟੀ (ਸੌਰਭ) : ਪਿੰਡ ਸਰਹਾਲੀ ਮੰਡਾਂ ਤੋਂ ਪਿੰਡ ਨਿਵਾਸੀਆ ਨੇ ਲਾਸ਼ ਨੂੰ ਡੀ. ਐੱਸ. ਪੀ. ਦਫਤਰ ਪੱਟੀ ਸਾਹਮਣੇ ਰੱਖ ਕੇ ਕੁੱਟਮਾਰ ਕਰਨ ਵਾਲਿਆਂ ਅਤੇ ਇਨਸਾਫ ਨਾ ਦੇਣ ’ਤੇ ਪੁਲਸ ਖਿਲਾਫ ਧਰਨਾ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਗਾਇਆ ਗਿਆ ਪਿੰਡ ਦੇ ਚਾਰ ਵਿਅਕਤੀਆਂ ਵੱਲੋਂ ਝੂਠੇ ਚੋਰੀ ਦੇ ਮਾਮਲੇ ਵਿਚ ਮੇਰੇ ਬੇਟੇ ਹਰਪਾਲ ਸਿੰਘ (30), ਜਰਮਨ ਸਿੰਘ ਪੁੱਤਰ ਪਰਮਜੀਤ ਸਿੰਘ, ਜਸਬੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸਰਹਾਲੀ ਮੰਡਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਕਾਰਨ ਹਰਪਾਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਮਹੀਨੇ ਤੋਂ ਵੱਧ ਚਲੇ ਇਲਾਜ ਤੋਂ ਬਾਅਦ ਹਰਪਾਲ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਜਰਮਨ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਦੇ ਚਾਰ ਵਿਅਕਤੀਆਂ ਨੇ ਸਾਨੂੰ ਤਿੰਨਾਂ ਨੂੰ ਘਰ ਲਿਜਾ ਕੇ ਮਨਾਉਂਦੇ ਰਹੇ ਕਿ ਮੰਨੋ ਕਿ ਤੁਸੀਂ ਤੇਲ ਚੋਰੀ ਕੀਤਾ ਹੈ ਪਰ ਅਸੀਂ ਨਾ ਮੰਨੇ ਤਾਂ ਇੰਨ੍ਹਾਂ ਨੇ ਤਿੰਨਾਂ ਨੂੰ ਆਪਣੇ ਘਰ ਲਿਜਾ ਕੇ ਮੰਝਿਆ ਨਾਲ ਬੰਨ੍ਹ ਕੇ ਤਸ਼ੱਦਦ ਕੀਤਾ ਅਤੇ ਸਾਨੂੰ ਤਿੰਨਾਂ ਨੂੰ ਕੁੱਟਦੇ ਮਾਰਦੇ ਕੈਰੋਂ ਚੌਂਕੀ ਲਿਜਾ ਕੇ ਪੁਲਸ ਹਵਾਲੇ ਕਰ ਦਿੱਤਾ ਅਤੇ ਝੂਠਾ ਪਰਚਾ ਕਰਵਾ ਕੇ ਜੇਲ੍ਹ ਭੇਜ ਦਿੱਤਾ। 

ਜਰਮਨ ਨੇ ਦੱਸਿਆ ਕਿ ਪੱਟੀ ਜੇਲ੍ਹ ਵਿਚ ਮੈਂ ਖੁਦ ਹਰਪਾਲ ਸਿੰਘ ਨੂੰ ਪਖਾਨਾ ਕਰਵਾਉਂਦਾ ਰਿਹਾ ਹੈ ਪਰ ਉਸ ਦੀ ਹਾਲਤ ਵਿਗੜਦੀ ਗਈ ਅਤੇ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਉਸ ਦੀ ਮੌਤ ਗਈ। ਇਸ ਮੌਕੇ ਸੁਆਮੀ ਸ਼ੈਣੀ ਮੰਗ ਰਾਸ਼ਟਰੀ ਪ੍ਰਧਾਨ ਲੋਕ ਭਲਾਈ ਸੰਗਠਨ ਨੇ ਦੱਸਿਆ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਧਰਨੇ ਨੂੰ ਹੋਰ ਤਿੱਖਾ ਕਰਾਂਗੇ, ਜਿਸ ਦੀ ਜ਼ਿੰਮੇਵਾਰੀ ਪੁਲਸ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਡੀ. ਐੱਸ. ਪੀ. ਦਫਤਰ ਵਿਚ ਹਾਜ਼ਰ ਕੰਵਲਜੀਤ ਸਿੰਘ ਐੱਸ. ਆਈ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ 174 ਦੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਲਾਭ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਬਾਬਾ ਬਲਜੀਤ ਸਿੰਘ, ਕੋਮਲ ਸਿੰਘ, ਅਮਰੀਕ ਸਿੰਘ, ਚਰਨ ਸਿੰਘ, ਗੁਰਲਾਲ ਸਿੰਘ ਆਦਿ ਹਾਜ਼ਰ ਸਨ।


Gurminder Singh

Content Editor

Related News