ਭਾਰਤ-ਪਾਕਿ ਦੀ ਵੰਡ ਨੇ ਇਕ-ਦੂਜੇ ਤੋਂ ਜੁਦਾ ਕਰ ਦਿੱਤਾ ਸੀ ਪਰਿਵਾਰ, ਫੇਸਬੁੱਕ ਨੇ ਇੰਝ ਮਿਲਵਾਇਆ (ਤਸਵੀਰਾਂ)

08/22/2017 7:13:04 PM

ਨਵਾਂਸ਼ਹਿਰ(ਮਨੋਰੰਜਨ)— ਅੱਜ ਦਾ ਦੌਰ ਸੋਸ਼ਲ ਨੈੱਟਵਰਕਿੰਗ ਦਾ ਦੌਰ ਹੈ। ਸੋਸ਼ਲ ਮੀਡੀਆ ਜਿਸ 'ਚੋਂ ਫੇਸਬੁੱਕ ਇਕ ਅਜਿਹਾ ਜ਼ਰੀਆ ਬਣ ਗਿਆ ਹੈ, ਜਿਸ ਨੇ ਹੁਣ ਤੱਕ ਕਈ ਵਿਛੜੇ ਲੋਕਾਂ ਨੂੰ ਮਿਲਾਇਆ ਹੈ। ਫੇਸਬੁੱਕ 'ਤੇ ਅਸੀਂ ਜਾਂ ਤੁਸੀਂ ਅਜਿਹੀਆਂ ਕਹਾਣੀਆਂ ਪੜ੍ਹੀਆਂ ਜਾਂ ਦੇਖੀਆਂ ਹੋਣਗੀਆਂ, ਜਿਸ ਨੇ ਕਈ ਸਾਲਾਂ ਤੋਂ ਵਿਛੜੇ ਭੈਣ-ਭਰਾਵਾਂ, ਬੱਚਿਆਂ ਅਤੇ ਪੁੱਤਰਾਂ ਨੂੰ ਆਪਣੇ ਸਕੇ-ਸੰਬੰਧੀਆਂ ਨਾਲ ਮਿਲਵਾਇਆ ਹੈ। ਇਸ ਦਾ ਤਾਜ਼ਾ ਉਦਾਹਰਣ ਨਵਾਂਸ਼ਹਿਰ 'ਚ ਦੇਖਣ ਨੂੰ ਮਿਲਿਆ, ਜਿੱਥੇ ਫੇਸਬੁੱਕ ਨੇ 1947 'ਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਵਿਛੜੇ ਪਰਿਵਾਰ ਨੂੰ ਇਕ ਦੂਜੇ ਨਾਲ ਮਿਲਵਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ 1947 'ਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਪਾਕਿਸਤਾਨ ਰਹਿ ਗਏ ਰਾਹੋਂ ਦੇ ਸੁੰਦਰ ਸਿੰਘ ਕਾਹਲੋਂ ਪੁੱਤਰ ਬਿਸ਼ਨ ਸਿੰਘ ਦੇ ਦਿਹਾਂਤ ਤੋਂ ਉਸ ਦੀਆਂ ਦੋ ਬੇਟੀਆਂ ਨੇ ਫੇਸਬੁੱਕ ਰਾਹੀਂ ਭਾਰਤ 'ਚ ਰਹਿੰਦੇ ਆਪਣੇ ਪਰਿਵਾਰ ਨੂੰ ਲੱਭ ਲਿਆ। ਨਵਾਂਸ਼ਹਿਰ ਕੋਰਟ 'ਚ ਪ੍ਰੈਕਟਿਸ ਕਰਦੇ ਐਡਵੋਕੇਟ ਤੇਜਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਪਾਕਿਸਤਾਨ ਤੋਂ ਫੋਨ ਆਇਆ। ਫੋਨ 'ਤੇ ਗੱਲ ਕਰਨ ਵਾਲੀ ਮਹਿਲਾ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਸਾਧੂ ਸਿੰਘ ਦੇ ਲੜਕੇ ਹੋ ਤਾਂ ਉਨ੍ਹਾਂ ਕਿਹਾ ਕਿ ਉਹ ਸਾਧੂ ਸਿੰਘ ਦੇ ਭਰਾ ਸੁਵਿੰਦਰ ਸਿੰਘ ਦੇ ਪੁੱਤਰ ਹਨ। ਇੰਨਾ ਸੁਣਦਿਆਂ ਹੀ ਮਹਿਲਾ ਨੇ ਖੁਸ਼ੀ ਭਰੇ ਲਹਿਜੇ ਵਿਚ ਕਿਹਾ ਕਿ ਉਹ ਪਾਕਿਸਤਾਨ ਤੋਂ ਉਸ ਦੀ ਭੂਆ ਬੋਲ ਰਹੀ ਹੈ। 
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਇਸ ਸਮੇਂ ਉਨ੍ਹਾਂ ਨੂੰ ਦੱਸਿਆ ਕਿ 1947 'ਚ ਭਾਰਤ-ਪਾਕਿ ਵੰਡ ਦੌਰਾਨ ਉਨ੍ਹਾਂ ਦਾ ਇਕ ਚਾਚਾ ਸੁੰਦਰ ਸਿੰਘ ਪਾਕਿਸਤਾਨ 'ਚ ਰਹਿ ਗਿਆ ਸੀ। ਉਸ ਸਮੇਂ ਸੁੰਦਰ ਸਿੰਘ ਦੀ ਉਮਰ 40 ਸਾਲ ਸੀ। ਮਹਿਲਾ ਨੇ ਦੱਸਿਆ ਕਿ ਸੁੰਦਰ ਸਿੰਘ ਨੇ ਮੁਸਲਮਾਨ ਧਰਮ ਅਪਣਾ ਕੇ ਆਪਣਾ ਨਾਂ ਦੀਨ ਮੁਹੰਮਦ ਰੱਖ ਲਿਆ ਸੀ ਅਤੇ ਉਸ ਦਾ ਵਿਆਹ ਮੁਸਲਮਾਨ ਪਰਿਵਾਰ ਦੀ ਲੜਕੀ ਸ਼ੀਰਫਾ ਨਾਲ ਹੋ ਗਿਆ। 
ਦੀਨ ਮੁਹੰਮਦ ਉਰਫ ਸੁੰਦਰ ਸਿੰਘ ਦੀਆਂ ਦੋ ਬੇਟੀਆਂ ਰਿਕਾਵਤ ਕਾਹਲੋਂ ਅਤੇ ਸਾਜਦਾ ਪ੍ਰਵੀਨ ਕਾਹਲੋਂ ਹੋਈਆਂ। ਐਡਵੋਕੇਟ ਤੇਜਿੰਦਰਪਾਲ ਸਿੰਘ ਨੂੰ ਉਸ ਦੀਆਂ ਉਕਤ ਦੋਵੇਂ ਭੂਆ ਰਿਕਾਵਤ ਅਤੇ ਸਾਜਦਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ 1970 ਤੇ ਮਾਤਾ ਦੀ 1994 ਵਿਚ ਮੌਤ ਹੋ ਗਈ ਅਤੇ ਉਨ੍ਹਾਂ ਦੋਹਾਂ ਦਾ ਵਿਆਹ ਪਿੰਡ ਸੀਹੋਵਾਲ ਲਾਹੌਰ 'ਚ ਬਾਜਵਾ ਪਰਿਵਾਰ ਵਿਚ ਹੋ ਗਿਆ।
ਇਸ ਦੌਰਾਨ ਰਿਕਾਵਤ ਬੀਬੀ ਨੇ ਦੱਸਿਆ ਕਿ 1970 ਵਿਚ ਉਨ੍ਹਾਂ ਨੇ ਰਾਹੋਂ 'ਚ ਇਕ ਪੱਤਰ ਵੀ ਲਿਖ ਕੇ ਭੇਜਿਆ ਸੀ, ਜਿਸ ਦਾ ਜਵਾਬ ਨਹੀਂ ਆਇਆ ਸੀ। ਉਨ੍ਹਾਂ ਦੇ ਪਿਤਾ ਦੀਨ ਮੁਹੰਮਦ ਉਰਫ ਸੁੰਦਰ ਸਿੰਘ ਆਪਣੇ ਭਰਾਵਾਂ ਨੂੰ ਮਿਲਣ ਲਈ ਤੜਫਦੇ ਰਹੇ। ਕੁਝ ਮਹਿਨੇ ਪਹਿਲਾਂ ਹੀ ਰਿਕਾਵਤ ਦੀ ਫੇਸਬੁੱਕ 'ਤੇ ਰਾਹੋਂ ਦੇ ਵਿਅਕਤੀ ਨਾਲ ਪਛਾਣ ਹੋਈ ਅਤੇ ਪਰਿਵਾਰ ਬਾਰੇ ਜ਼ਿਕਰ ਕੀਤਾ। ਰਾਹੋਂ ਦੇ ਇਸੇ ਵਿਅਕਤੀ ਨੇ ਉਨ੍ਹਾਂ ਐਡਵੋਕੇਟ ਤੇਜਿੰਦਰ ਦਾ ਨੰਬਰ ਦਿੱਤਾ ਤਾਂ ਦੋਵੇਂ ਪਰਿਵਾਰਾਂ 'ਚ ਗੱਲਬਾਤ ਸ਼ੁਰੂ ਹੋ ਗਈ। 
ਹੁਣ ਵਿਛੜੇ ਪਰਿਵਾਰ ਨੂੰ ਮਿਲਣ 'ਤੇ ਸਾਨੂੰ ਆਜਿਹਾ ਮਹਿਸੂਸ ਹੋ ਰਿਹਾ ਹੈ, ਜਿਵੇਂ ਸਾਡਾ ਨਵਾਂ ਜਨਮ ਹੋਇਆ ਹੈ। ਐਡਵੋਕੇਟ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਆਪਣੀ ਭੈਣ ਨੂੰ ਮਿਲ ਕੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਮਨ ਬਣਾਇਆ ਹੈ ਕਿ ਉਹ ਪਾਕਿਸਤਾਨ ਜਾ ਕੇ ਉਨ੍ਹਾਂ ਦੋਹਾਂ ਨੂੰ ਜਲਦ ਹੀ ਮਿਲ ਕੇ ਆਉਣਗੇ।


Related News