ਪੰਜਾਬ ਸਿਰ ਮੰਡਰਾਅ ਰਿਹੈ ਇਕ ਹੋਰ ਵੱਡਾ ਖ਼ਤਰਾ, ਤਲਖ਼ ਹਕੀਕਤ ਜਾਣ ਖੁੱਲ੍ਹ ਜਾਣਗੀਆਂ ਅੱਖਾਂ

Monday, Nov 21, 2022 - 12:05 PM (IST)

ਪੰਜਾਬ ਸਿਰ ਮੰਡਰਾਅ ਰਿਹੈ ਇਕ ਹੋਰ ਵੱਡਾ ਖ਼ਤਰਾ, ਤਲਖ਼ ਹਕੀਕਤ ਜਾਣ ਖੁੱਲ੍ਹ ਜਾਣਗੀਆਂ ਅੱਖਾਂ

ਫਗਵਾੜਾ (ਜਲੋਟਾ)-ਫਗਵਾੜਾ ਦੀਆਂ ਗਲੀਆਂ, ਮੁਹੱਲੇ, ਕਾਲੋਨੀਆਂ ਆਦਿ ਜਿੱਥੇ ਹਮੇਸ਼ਾ ਨੌਜਵਾਨ ਪੀੜ੍ਹੀ ਦੇ ਵੱਡੇ-ਵੱਡੇ ਇਕੱਠ ਹੁੰਦੇ ਵੇਖੇ ਜਾਂਦੇ ਸਨ। ਅੱਜ ਹਾਲਾਤ ਇਹ ਹਨ ਕਿ ਨੌਜਵਾਨ ਉੱਥੇ ਕਿਤੇ ਵੀ ਨਜ਼ਰ ਹੀ ਨਹੀਂ ਆ ਰਹੇ ਹਨ। ਆਲਮ ਇਹ ਹੈ ਕਿ ਜਿਹੜੇ ਨੌਜਵਾਨ ਹਨ, ਉਨ੍ਹਾਂ ਨੂੰ ਵੀ ਛੇਤੀ ਤੋਂ ਛੇਤੀ ਇਥੋਂ ਵਿਦੇਸ਼ਾਂ ’ਚ ਸੈਟਲ ਹੋਣ ਦੀ ਦੌੜ ਲਗੀ ਹੋਈ ਹੈ? ਇਹੋ ਸਮੇਂ ਦੀ ਹਕੀਕਤ ਹੈ, ਜਿਸ ਨੂੰ ਹਰ ਕੋਈ ਜਾਣਦਾ ਹੈ ਪਰ ਨਾ ਤਾਂ ਸਰਕਾਰਾਂ ਕੁਝ ਕਰ ਰਹੀਆਂ ਹਨ ਅਤੇ ਨਾ ਹੀ ਅਜਿਹੀ ਕੋਈ ਪਹਿਲ ਦੂਰ-ਦੂਰ ਤੱਕ ਵੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਵੇਖ ਕੇ ਇਹ ਕਿਹਾ ਜਾਵੇ ਕੀ ਹਾਲਾਤ ਜਲਦ ਠੀਕ ਹੋਣ ਵਾਲੇ ਹਨ, ਜਿਸ ਨਾਲ ਨੌਜਵਾਨ ਪੀੜ੍ਹੀ ਦੀ ਇਸ ਮਾਨਸਿਕ ਸਥਿਤੀ ਨੂੰ ਦੂਰ ਕੀਤਾ ਜਾ ਸਕੇ ਪਰ ਮੌਜੂਦਾ ਸਮੇਂ ਦੀ ਇਕ ਹੋਰ ਤਲਖ਼ ਹਕੀਕਤ ਇਹ ਵੀ ਪ੍ਰਤੱਖ ਰੂਪ ਵਿਚ ਸਾਹਮਣੇ ਆ ਰਹੀ ਹੈ ਕਿ ਹੁਣ ਫਗਵਾੜਾ ਸਮੇਤ ਪੰਜਾਬ ਦੇ ਦੋਆਬਾ, ਮਾਲਵਾ ਅਤੇ ਮਾਝਾ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਵਸਦੇ ਪੰਜਾਬੀ ਪਰਿਵਾਰਾਂ ਦੇ ਪਰਿਵਾਰ ਵਿਦੇਸ਼ਾਂ ਵਿਚ ਜਾ ਕੇ ਵੱਸਣ ਦੀਆਂ ਤਿਆਰੀਆਂ ਕਰ ਰਹੇ ਹਨ।

ਮਾਹਿਰਾਂ ਦੀ ਰਾਏ ’ਚ ਜੇਕਰ ਇਹ ਦੌਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਵਿਦੇਸ਼ੀ ਦੇਸ਼ ਹੀ ਜ਼ਿਆਦਾਤਰ ਪੰਜਾਬੀ ਪਰਿਵਾਰਾਂ ਦੀ ਅਸਲ ਪਛਾਣ ਹੋ ਜਾਵੇਗੀ। ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਸੂਬੇ ’ਚ ਚੰਗੇ-ਭਲੇ ਕਾਰੋਬਾਰ, ਸਨਅੱਤਾਂ, ਦੁਕਾਨਾਂ, ਸ਼ੋਅਰੂਮ ਆਦਿ ਹਨ, ਉਹ ਵੀ ਲਗਾਤਾਰ ਵਿਦੇਸ਼ਾਂ ਵਿਚ ਵਸਣ ਨੂੰ ਤਰਜੀਹ ਦੇ ਰਹੇ ਹਨ। ਜਦੋਂ ‘ਜਗ ਬਾਣੀ' ਦੀ ਟੀਮ ਨੇ ਫਗਵਾੜਾ ਸਮੇਤ ਕੁਝ ਨੇੜਲੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਪੁੱਛਿਆ ਤਾਂ ਸਾਰਿਆਂ ਨੇ ਇਕੋ ਸੁਰ ’ਚ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਵਸਣਾ ਚਾਹੁੰਦੇ ਹਨ ਅਤੇ ਇਸੇ ਕਾਰਜ ਨੂੰ ਸਿਰੇ ਚਾੜ੍ਹਣ ਲਈ ਉਨ੍ਹਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ DGP ਦੀ ਗੈਰ-ਕਾਨੂੰਨੀ ਹਥਿਆਰਾਂ ਤੇ ਭੜਕਾਊ ਭਾਸ਼ਣਾਂ ਖ਼ਿਲਾਫ਼ ਸਖ਼ਤੀ, ਸ਼ੁਰੂ ਹੋਵੇਗੀ 90 ਦਿਨਾਂ ਦੀ ਮੁਹਿੰਮ

ਜਦੋਂ ਨੌਜਵਾਨਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਾ ਤਾਂ ਭਾਰਤ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉਨ੍ਹਾਂ ਦੇ ਭਵਿੱਖ ਲਈ ਰੋਜ਼ਗਾਰ ਨਾਲ ਸਬੰਧਤ ਕੋਈ ਠੋਸ ਉਪਰਾਲਾ ਕਰ ਰਹੀ ਹੈ ਅਤੇ ਨਾ ਹੀ ਮੌਜੂਦਾ ਸਮੇਂ ਵਿਚ ਅਜਿਹਾ ਕੋਈ ਸਰਕਾਰੀ ਸਿਸਟਮ ਹੈ, ਜਿਸ ਨਾਲ ਉਹ ਇਥੇ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਅਜਿਹੇ ’ਚ ਉਨ੍ਹਾਂ ਨੂੰ ਵਿਦੇਸ਼ ਜਾ ਕੇ ਸੈਟਲ ਹੋਣਾ ਹੀ ਪਵੇਗਾ। ਇਸੇ ਤਰ੍ਹਾਂ ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦੇ ਬੱਚੇ ਖੁਸ਼ ਹਨ, ਉਸੇ ’ਚ ਉਹ ਖੁਸ਼ ਹਨ।

ਨਸ਼ੇ ਦਾ ਵੱਡਾ ਬਾਜ਼ਾਰ ਬਣ ਚੁੱਕੇ ਕਈ ਇਲਾਕਿਆਂ ਤੋਂ ਲੋਕ ਪ੍ਰੇਸ਼ਾਨ

‘ਜਗ ਬਾਣੀ’ਨਾਲ ਗੱਲਬਾਤ ਕਰਦਿਆਂ ਕਈ ਲੋਕਾਂ ਨੇ ਦੱਸਿਆ ਕਿ ਫਗਵਾੜਾ ਸਮੇਤ ਕਈ ਨੇੜਲੇ ਇਲਾਕੇ ਨਸ਼ੇ ਦਾ ਵੱਡਾ ਬਾਜ਼ਾਰ ਬਣੇ ਹੋਏ ਹਨ। ਪੁਲਸ ਨੂੰ ਸਭ ਕੁਝ ਪਤਾ ਹੈ ਪਰ ਪੁਲਸ ਦੀ ਕਾਰਵਾਈ ਇਸ ਭਿਆਨਕ ਹੋ ਚੁਕੀ ਸਥਿਤੀ ਤੋਂ ਬਾਅਦ ਵੀ ਬਹੁਤ ਸੁਸਤ ਬਣੀ ਹੋਈ ਹੈ। ਕਈ ਵਾਰ ਤਾਂ ਪੁਲਸ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਖਤਮ ਕਰਨ ਲਈ ਉਪਰਾਲੇ ਵੀ ਕਰਦੀ ਹੈ ਪਰ ਇਹ ਉਪਰਾਲੇ ਬਣੇ ਹੋਏ ਹਾਲਾਤ ਨੂੰ ਵੇਖਦੇ ਹੋਏ ਬਹੁਤ ਘੱਟ ਹਨ। ਫਗਵਾਡ਼ਾ ਦਾ ਇਤਹਾਸ ਗਵਾਹ ਹੈ ਕਿ ਬੀਤੇ ਸਮੇਂ ’ਚ ਕਈ ਵਾਰ ਤਾਂ ਵੱਡੇ ਪੁਲਸ ਅਧਿਕਾਰੀ ਖੁਦ ਨਸ਼ੇ ਦੇ ਕਾਲੇ ਕਾਰੋਬਾਰ ’ਚ ਸ਼ਾਮਲ ਪਾਏ ਗਏ ਹਨ। ਅਜਿਹੇ ’ਚ ਉਹ ਖ਼ੁਦ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਨਸ਼ਿਆਂ ਦੀ ਇਸ ਕਾਲੀ ਦੁਨੀਆ ਤੋਂ ਦੂਰ ਹੋ ਕੇ ਵਿਦੇਸ਼ਾਂ ’ਚ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਅਤੇ ਉਨ੍ਹਾਂ ਨੂੰ ਵੀ ਉਥੇ ਵੀ ਬੁਲਾ ਲੈਣ।

ਇਹ ਵੀ ਪੜ੍ਹੋ : ਵਿਸ਼ਵ ਪ੍ਰਵਾਸੀਆਂ ’ਚ ਭਾਰਤੀਆਂ ਦੀ ਗਿਣਤੀ ਵਧੀ, ਪਿਛਲੇ 3 ਸਾਲਾਂ 'ਚ 13 ਲੱਖ ਲੋਕਾਂ ਨੇ ਰੁਜ਼ਗਾਰ ਲਈ ਛੱਡਿਆ ਦੇਸ਼

ਅੱਗੇ ਜਾ ਕੇ ਹੋਰ ਗੁੰਝਲਦਾਰ ਹੋਵੇਗੀ ਸਮੱਸਿਆ, ਪੰਜਾਬ ਦੀ ਆਰਥਿਕਤਾ ’ਤੇ ਪੈ ਰਿਹਾ ਵੱਡਾ ਅਸਰ
ਪੰਜਾਬ ’ਚ ਹਜ਼ਾਰਾਂ ਨੌਜਵਾਨ ਆਈਲੈੱਟਸ ਟੈਸਟ ਦੇ ਰਹੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਟੈਸਟ ਦੇਣ ਲਈ ਹਜ਼ਾਰਾਂ ਰੁਪਏ ਖ਼ਰਚ ਆਉਂਦੇ ਹਨ। ਇਸ ਤੋਂ ਬਾਅਦ ਲੱਖਾਂ ਰੁਪਏ ਵਿਦੇਸ਼ਾਂ ਵਿਚ ਕਾਲਜਾਂ ਅਤੇ ਯੂਨੀਵਰਸਿਟੀਆਂ ਆਦਿ ’ਚ ਪੜ੍ਹਾਈ ਕਰਨ ਲਈ ਵੱਖਰੇ ਤੌਰ ’ਤੇ ਖ਼ਰਚ ਕਰਨੇ ਪੈਂਦੇ ਹਨ। ਇਹ ਸਾਰਾ ਪੈਸਾ ਪੰਜਾਬ ਦੇ ਦੋਆਬਾ, ਮਾਲਵਾ ਅਤੇ ਮਾਝੇ ਤੋਂ ਵਿਦੇਸ਼ਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਡਾਲਰਾਂ, ਪੌਂਡਾਂ ਵਿੱਚ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਕਾਰੋਬਾਰ ਕਰਨ ਦੇ ਚਾਹਵਾਨਾਂ ਵੱਲੋਂ ਇਹੋ ਜਿਹਾ ਬਹੁਤ ਕੁਝ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਆਰਥਿਕਤਾ ’ਤੇ ਸਾਫ਼ ਵਿਖਾਈ ਦੇ ਰਿਹਾ ਹੈ। ਲੋਕਾਂ ਦੀ ਇਸ ਇੱਛਾ ਦੇ ਕਾਰਨ ਨਵੀਂ ਕਾਰੋਬਾਰੀ ਪਹਿਲ ਲਗਭਗ ਠੱਪ ਹੋ ਰਹੀ ਹੈ ਅਤੇ ਮੌਜੂਦਾ ਕਾਰੋਬਾਰੀ ਦਿਸ਼ਾ ਅਤੇ ਦਸ਼ਾ ਹਰ ਰੋਜ਼ ਮੰਦੀ ਵੱਲ ਜਾ ਰਹੀ ਹੈ।

ਕਾਰੋਬਾਰ ’ਤੇ ਭਿਆਨਕ ਅਸਰ
ਵਿਦੇਸ਼ਾਂ ’ਚ ਵੱਡੀ ਰਕਮ ਜਾਣ ਕਾਰਨ ਇਸ ਦਾ ਸਿੱਧਾ ਅਸਰ ਸੂਬੇ ’ਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ’ਤੇ ਸਾਫ਼ ਵਿਖਾਈ ਦੇ ਰਿਹਾ ਹੈ। ਜਦੋਂ ਨੌਜਵਾਨ ਪੀੜ੍ਹੀ ਵਿਦੇਸ਼ ਵਿਚ ਹੁੰਦੀ ਹੈ ਤਾਂ ਉਨਾਂ ਦੇ ਪਰਿਵਾਰਾਂ ਨੂੰ ਕੁਝ ਹੱਦ ਤਕ ਇਸ ਦਾ ਖ਼ਰਚਾ ਚੁੱਕਣਾ ਹੀ ਪੈਂਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਲੋਕ ਚਾਹ ਕੇ ਵੀ ਖ਼ਰਚ ਨਹੀਂ ਕਰ ਪਾਉਂਦੇ ਜਿਸ ਦਾ ਸਿੱਧਾ ਅਸਰ ਸੂਬੇ ’ਚ ਹਰ ਕਾਰੋਬਾਰ ’ਤੇ ਪੈ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਕੁਝ ਅਜਿਹਾ ਹੋ ਰਿਹਾ ਹੈ, ਜਿਸ ਨੂੰ ਹਰ ਕੋਈ ਮਹਿਸੂਸ ਤਾਂ ਕਰ ਰਿਹਾ ਹੈ ਪਰ ਚੁੱਪ ਹੈ ਅਤੇ ਇਸੇ ਇੱਛਾ ’ਚ ਰਹਿ ਰਿਹਾ ਹੈ ਕਿ ਉਹ ਜਲਦੀ ਹੀ ਪਰਿਵਾਰ ਨਾਲ ਵਿਦੇਸ਼ ’ਚ ਜਾ ਕੇ ਸੈਟਲ ਹੋ ਜਾਵੇਗਾ ਪਰ ਇਸ ਖਾਮੋਸ਼ੀ ਦੇ ਵਿਚਕਾਰ ਵੱਡਾ ਸਵਾਲ ਇਹ ਹੈ ਕਿ ਜਦੋਂ ਅਜਿਹਾ ਹੋਵੇਗਾ ਤਾਂ ਪੰਜਾਬ ਦੀ ਤਸਵੀਰ ਕੀ ਹੋਵੇਗੀ? ਸ਼ਾਇਦ ਇਸ ਦੀ ਕਲਪਨਾ ਕਰਨਾ ਵੀ ਔਖੀ ਹੈ?

ਇਹ ਵੀ ਪੜ੍ਹੋ : ਜਲੰਧਰ ’ਚ ਮਿਲ ਰਹੀ ਸਹੂਲਤ: 10 ਰੁਪਏ ਦਾ ਉਬਲਿਆ ਆਂਡਾ ਖਾਓ, ਸੜਕ ’ਤੇ ਬੈਠ ਕੇ ਹੀ ਲਾਓ ਜਿੰਨੇ ਮਰਜ਼ੀ ਪੈੱਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


 


author

shivani attri

Content Editor

Related News