6 ਮਹੀਨਿਆਂ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਰਚਿਆ ‘ਆਪ੍ਰੇਸ਼ਨ ਲੋਟਸ’ ਦਾ ਝੂਠਾ ਡਰਾਮਾ : ਕੇਵਲ ਸਿੰਘ ਢਿੱਲੋਂ

10/01/2022 11:31:47 PM

ਜਲੰਧਰ : ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀਆਂ 6 ਮਹੀਨਿਆਂ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਆਪ੍ਰੇਸ਼ਨ ਲੋਟਸ ਦਾ ਝੂਠਾ ਡਰਾਮਾ ਰਚਿਆ ਹੈ। ਇਸ ਵਿਚ ਕੋਈ ਸੱਚਾਈ ਨਹੀਂ। ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਢਿੱਲੋਂ ਨੇ ਕਿਹਾ ਕਿ ਵਿਧਾਨ ਸਭਾ ਵਰਗੇ ਪਵਿੱਤਰ ਸਥਾਨ ਨੂੰ ਲੋਕਾਂ ਦੇ ਮਸਲੇ ਉਠਾਉਣ ਲਈ ਬਣਾਇਆ ਗਿਆ ਹੈ ਪਰ ਆਮ ਆਦਮੀ ਪਾਰਟੀ ਇਸ ਸੰਵਿਧਾਨਕ ਸੰਸਥਾ ਦੀ ਗਲਤ ਵਰਤੋਂ ਕਰ ਕੇ ਝੂਠੇ ਪ੍ਰਚਾਰ ਕਰ ਰਹੀ ਹੈ। ਢਿੱਲੋਂ ਨੇ ਪੰਜਾਬ ਦੀ ਸਿਆਸਤ, ਆਉਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਦੀਆਂ ਤਿਆਰੀਆਂ ਬਾਰੇ ਵੀ ਗੱਲਬਾਤ ਕੀਤੀ। ਪੇਸ਼ ਹੈ ਪੂਰੀ ਗੱਲਬਾਤ-

ਸਵਾਲ : ਭਾਜਪਾ ਨੂੰ ਵਿਧਾਨ ਸਭਾ ’ਚ ਆਪਣਾ ਵੱਖਰਾ ਸੈਸ਼ਨ ਬੁਲਾਉਣ ਦੀ ਲੋੜ ਕਿਉਂ ਪਈ?

ਜਵਾਬ : ਵਿਧਾਨ ਸਭਾ ਸੈਸ਼ਨ ਦਾ ਮਕਸਦ ਲੋਕਾਂ ਦੇ ਮੁੱਦੇ ਉਠਾਉਣਾ ਹੁੰਦਾ ਹੈ। ਲੋਕ ਇਸੇ ਕੰਮ ਲਈ ਨੇਤਾਵਾਂ ਨੂੰ ਚੁਣ ਕੇ ਵਿਧਾਨ ਸਭਾ ’ਚ ਭੇਜਦੇ ਹਨ ਪਰ ਸੱਤਾਧਾਰੀ ਵਿਧਾਇਕ ਲੋਕਾਂ ਦੇ ਮੁੱਦੇ ਉਠਾਉਣ ਨਾਲੋਂ ਭਰੋਸੇ ਦੇ ਮਤੇ ਦੀ ਜ਼ਿਆਦਾ ਚਿੰਤਾ ਕਰਦੇ ਹਨ। ਪਹਿਲਾਂ ਰਾਜਪਾਲ ਨੇ ਇਸ ਮੁੱਦੇ ’ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ। ਬਾਅਦ ’ਚ ਸਰਕਾਰ ਨੇ ਰਾਜਪਾਲ ਨੂੰ ਸੈਸ਼ਨ ਦੇ ਭੇਜੇ ਏਜੰਡੇ ’ਚ ਪਰਾਲੀ ਅਤੇ ਜੀ. ਐੱਸ. ਟੀ. ਵਰਗੇ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕਰਨ ਦੀ ਗੱਲ ਕਹੀ ਪਰ ਇਨ੍ਹਾਂ ਮੁੱਦਿਆਂ ’ਤੇ ਕੋਈ ਚਰਚਾ ਨਹੀਂ ਹੋਈ। ਭਾਜਪਾ ਵੱਲੋਂ ਕਰਵਾਏ ਗਏ ਵੱਖਰੇ ਸੈਸ਼ਨ ਵਿਚ ਪੰਜਾਬ ਨਾਲ ਸਬੰਧਤ ਮੁੱਦੇ ਉਠਾਏ ਗਏ। ਬਰਨਾਲਾ ’ਚ ਭਾਰਤੀ ਕਿਸਾਨ ਯੂਨੀਅਨ ਦੇ ਧਰਨੇ ’ਚ ਸਾਡੇ ਕਿਸਾਨ ਭਰਾ ਗਰਮੀ ’ਚ ਬੈਠੇ ਹਨ ਪਰ ਸਰਕਾਰ ਉਨ੍ਹਾਂ ਦੇ ਮਸਲੇ ਹੱਲ ਨਹੀਂ ਕਰ ਰਹੀ। ਨਾ ਹੀ ਲੋਕਾਂ ਵੱਲੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਮੁੱਦੇ ਪ੍ਰਤੀ ਗੰਭੀਰ ਹਨ।

ਇਹ ਵੀ ਪੜ੍ਹੋ : ਜਨਤਾ ਦੀ ਵਿਧਾਨ ਸਭਾ ’ਚ ਭਾਜਪਾ ਆਗੂਆਂ ਨੇ ‘ਆਪ’ ਸਰਕਾਰ ’ਤੇ ਕੀਤੇ ਤਿੱਖੇ ਹਮਲੇ

ਸਵਾਲ : ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਕਿ ਭਾਜਪਾ ਪੰਜਾਬ ’ਚ ‘ਆਪ੍ਰੇਸ਼ਨ ਲੋਟਸ’ ਚਲਾ ਰਹੀ ਹੈ, ਤੁਸੀਂ ਕੀ ਕਹੋਗੇ?

ਜਵਾਬ : ਆਮ ਆਦਮੀ ਪਾਰਟੀ ਅਪਰੇਸ਼ਨ ਲੋਟਸ ਦਾ ਝੂਠਾ ਡਰਾਮਾ ਕਰ ਰਹੀ ਹੈ। ਜੇ ਉਨ੍ਹਾਂ ਕੋਲ ਕਿਸੇ ਅਜਿਹੇ ਵਿਅਕਤੀ ਦਾ ਨਾਮ ਜਾਂ ਨੰਬਰ ਹੈ ਜਿਸ ਨੇ ਵਿਧਾਇਕਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ ਤਾਂ ਉਹ ਤੁਰੰਤ ਇਹ ਨੰਬਰ ਅਤੇ ਨਾਮ ਜਾਰੀ ਕਰਨ। ਇਹ ਆਪਣੇ ਆਪ ਵਿੱਚ ਹੀ ਹਾਸੋਹੀਣੀ ਗੱਲ ਹੈ ਕਿ ਦੋ ਵਿਧਾਇਕਾਂ ਵਾਲੀ ਭਾਜਪਾ ’ਤੇ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਮੰਨ ਲਓ, ਭਾਜਪਾ ਆਮ ਆਦਮੀ ਪਾਰਟੀ ਦੇ 10-15 ਵਿਧਾਇਕਾਂ ਨੂੰ ਖਰੀਦ ਵੀ ਲੈਂਦੀ ਹੈ। ਉਸ ਕੋਲ 92 ਵਿਧਾਇਕਾਂ ਦਾ ਬਹੁਮਤ ਹੈ। ਸਰਕਾਰ ਬਣਾਉਣ ਲਈ 59 ਸੀਟਾਂ ਦੀ ਲੋੜ ਹੈ ਤਾਂ ਵੀ ਉਨ੍ਹਾਂ ਕੋਲ ਆਰਾਮਦਾਇਕ ਬਹੁਮਤ ਹੋਵੇਗਾ।

ਸਵਾਲ : ਕੀ ਭਾਜਪਾ ਨੇ ‘ਆਪ’ ਦੇ ਵਿਧਾਇਕਾਂ ਨਾਲ ਸੰਪਰਕ ਨਹੀਂ ਕੀਤਾ?

ਜਵਾਬ : ਜੇ ਕੋਈ ਭਾਜਪਾ ਦੀਆਂ ਨੀਤੀਆਂ ਨੂੰ ਮੁੱਖ ਰੱਖ ਕੇ ਪਾਰਟੀ ਵਿੱਚ ਆਉਂਦਾ ਹੈ ਤਾਂ ਪਾਰਟੀ ਉਸ ਦਾ ਸਵਾਗਤ ਕਰਦੀ ਹੈ ਪਰ ਭਾਜਪਾ ਸਰਕਾਰ ਨੂੰ ਅਸਥਿਰ ਕਰਨ ਅਤੇ ਵਿਧਾਇਕਾਂ ਨੂੰ ਤੋੜਨ ਦਾ ਕੰਮ ਨਹੀਂ ਕਰੇਗੀ।

ਇਹ ਵੀ ਪੜ੍ਹੋ : ਕਾਨਪੁਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੈਕਟਰ-ਟਰਾਲੀ ਪਲਟਣ ਨਾਲ ਕਈ ਲੋਕਾਂ ਦੀ ਮੌਤ

ਸਵਾਲ : ਅਰਵਿੰਦ ਕੇਜਰੀਵਾਲ ਰਾਘਵ ਚੱਢਾ ਦੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟਾ ਰਹੇ ਹਨ, ਕੀ ਕਹੋਗੇ?

ਜਵਾਬ : ਅਰਵਿੰਦ ਕੇਜਰੀਵਾਲ ਨੂੰ ਰਾਘਵ ਚੱਢਾ ਦੀ ਗ੍ਰਿਫਤਾਰੀ ਦਾ ਡਰ ਕਿਉਂ ਸਤਾਉਂਦਾ ਹੈ? ਰਾਘਵ ਚੱਢਾ ਨੇ ਅਜਿਹਾ ਕੀ ਗਲਤ ਕੀਤਾ ਹੈ ਕਿ ਉਹ ਡਰ ਗਏ ਹਨ? ਇਸ ਤੋਂ ਪਹਿਲਾਂ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦਾ ਖਦਸ਼ਾ ਜ਼ਾਹਰ ਕੀਤਾ ਸੀ। ਜੇ ਕਿਸੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਡਰਨ ਦੀ ਕੀ ਲੋੜ ਹੈ।

ਸਵਾਲ : ਪੇਂਡੂ ਖੇਤਰਾਂ ਵਿੱਚ ਭਾਜਪਾ ਦੀ ਸਵੀਕ੍ਰਿਤੀ ਵਧਾਉਣ ਦੀ ਚੁਣੌਤੀ ਕਿੰਨੀ ਵੱਡੀ ਹੈ?

ਜਵਾਬ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਮੋਹਾਲੀ ’ਚ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਸ਼ਲਾਘਾਯੋਗ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਸ਼ਲਾਘਾਯੋਗ ਕੰਮ ਕੀਤਾ। ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਨਾਲ ਬਹੁਤ ਲਗਾਅ ਹੈ । ਪੰਜਾਬ ਦੇ ਲੋਕ ਵੀ ਹੁਣ ਪ੍ਰਧਾਨ ਮੰਤਰੀ ਦੀ ਸੂਬੇ ਪ੍ਰਤੀ ਗੰਭੀਰਤਾ ਨੂੰ ਸਮਝ ਰਹੇ ਹਨ। ਪੰਜਾਬ ਦੇ ਲੋਕ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਦੇਖ ਚੁੱਕੇ ਹਨ। ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਪਿਟਬੁੱਲ ਦਾ ਕਹਿਰ, 5 ਪਿੰਡਾਂ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨੋਚਿਆ, ਅਖੀਰ ਉਤਾਰਿਆ ਮੌਤ ਦੇ ਘਾਟ

ਸਵਾਲ : 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਸਾਹਮਣੇ ਕੀ ਚੁਣੌਤੀ ਹੋਵੇਗੀ?

ਜਵਾਬ : 2 ਸੀਟਾਂ ਤੋਂ ਸ਼ੁਰੂ ਹੋ ਕੇ ਭਾਜਪਾ ਪੂਰੇ ਬਹੁਮਤ ਨਾਲ ਕੇਂਦਰ ਵਿਚ ਲਗਾਤਾਰ ਦੂਜੀ ਵਾਰ ਸੱਤਾ ਵਿਚ ਹੈ । ਕਈ ਰਾਜਾਂ ਵਿਚ ਭਾਜਪਾ ਦੀ ਸਰਕਾਰ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਇੱਕ ਵਾਰ ਫਿਰ ਤੋਂ ਯਕੀਨੀ ਤੌਰ ’ਤੇ ਜਿੱਤੇਗੀ। ਪੰਜਾਬ ਵਿੱਚ ਵੀ ਲੋਕ ਹੁਣ ਭਾਜਪਾ ਨੂੰ ਬਦਲ ਵਜੋਂ ਦੇਖ ਰਹੇ ਹਨ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ, ਉੱਥੇ ਚੰਗਾ ਕੰਮ ਹੋ ਰਿਹਾ ਹੈ। ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੂਬੇ ਵਿੱਚ ਗੁੰਡਾ ਅਨਸਰਾਂ ਦਾ ਖਾਤਮਾ ਕਰ ਦਿੱਤਾ ਹੈ। ਚਾਰੇ ਪਾਸੇ ਸੜਕਾਂ ਵਿਛਾਈਆਂ ਜਾ ਰਹੀਆਂ ਹਨ। ਹਾਲ ਹੀ ਵਿੱਚ ਗੁਜਰਾਤ ਵਿੱਚ 20 ਬਿਲੀਅਨ ਡਾਲਰ ਦਾ ਨਿਵੇਸ਼ ਆਇਆ ਹੈ । ਨਿਵੇਸ਼ ਦੇ ਮਾਮਲੇ ਵਿੱਚ ਗੁਜਰਾਤ ਦੂਜੇ ਰਾਜਾਂ ਨੂੰ ਪਛਾੜ ਰਿਹਾ ਹੈ। ਜੇ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣੀ ਤਾਂ ਇੱਥੇ ਵੀ ਅਜਿਹਾ ਨਿਵੇਸ਼ ਆ ਸਕਦਾ ਹੈ। ਇਸ ਲਈ ਲੋਕਾਂ ਨੇ ਭਾਜਪਾ ’ਤੇ ਉਮੀਦਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਸਵਾਲ : ਕੀ ਆਉਣ ਵਾਲੇ ਦਿਨਾਂ 'ਚ ਪਾਰਟੀ ਸੰਗਠਨ ਵਿੱਚ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲੇਗੀ?

ਜਵਾਬ : ਕਾਂਗਰਸ ਤੋਂ ਭਾਜਪਾ ’ਚ ਜਾਣ ਤੋਂ ਬਾਅਦ ਵੀ ਮੈਨੂੰ ਉੱਥੇ ਪੂਰਾ ਸਨਮਾਨ ਮਿਲ ਰਿਹਾ ਹੈ। ਮੈਂ ਹਾਲ ਹੀ ਵਿੱਚ ਦਿੜ੍ਹਬਾ, ਲਹਿਰਾ ਅਤੇ ਮੂਨਕ ਵਿੱਚ ਕਈ ਥਾਵਾਂ ’ਤੇ ਇੱਕ ਕਾਰਕੁਨ ਵਜੋਂ ਆਇਆ ਹਾਂ ਅਤੇ ਉਥੋਂ ਦੇ ਲੋਕਾਂ ਨਾਲ ਉਨ੍ਹਾਂ ਦੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਹੈ। ਮੈਂ ਕੋਰ ਕਮੇਟੀ ਦਾ ਮੈਂਬਰ ਵੀ ਹਾਂ। ਇਸ ਲਈ ਪਾਰਟੀ ਪ੍ਰਤੀ ਮੇਰੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਮੈਂ ਕਿਸੇ ਅਹੁਦੇ ਦੇ ਲਾਲਚ ਲਈ ਭਾਜਪਾ ਵਿੱਚ ਨਹੀਂ ਆਇਆ ਹਾਂ। ਮੈਂ ਪਾਰਟੀ ਦੀ ਵਿਚਾਰਧਾਰਾ ਅਤੇ ਪਾਰਟੀ ਦੇ ਕੰਮ ਕਰਨ ਦੇ ਢੰਗ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨਾਲ ਜੁੜਿਆ ਹਾਂ। ਇਹ ਇੱਕ ਅਜਿਹੀ ਪਾਰਟੀ ਹੈ ਜਿੱਥੇ ਮਿਹਨਤੀ ਲੋਕਾਂ ਦੀ ਕਦਰ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਸਟ੍ਰੀਟ ਲਾਈਟ ਘਪਲਾ: ਕੈਪਟਨ ਸੰਦੀਪ ਸੰਧੂ ਦਾ ਰਿਸ਼ਤੇਦਾਰ ਵੀ ਕੇਸ ’ਚ ਨਾਮਜ਼ਦ, ਹਰਪ੍ਰੀਤ ਸਿੰਘ ਹੋ ਗਿਐ ਗ੍ਰਿਫ਼ਤਾਰ!

ਸਵਾਲ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਦੀ ਹਾਰ ਦੇ ਵਿਸ਼ਲੇਸ਼ਣ ਦਾ ਨਤੀਜਾ ਕੀ ਨਿਕਲਦਾ ਹੈ?

ਜਵਾਬ : ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਭਾਜਪਾ ਨੇ ਪਹਿਲੀ ਵਾਰ ਆਪਣੇ ਚੋਣ ਨਿਸ਼ਾਨ ’ਤੇ ਲੜੀ ਸੀ। ਹਲਕੇ ਦੇ ਸਾਰੇ 1800 ਬੂਥਾਂ ’ਤੇ ਭਾਜਪਾ ਦੀ ਮੌਜੂਦਗੀ ਹੈ। ਪਾਰਟੀ ਦਾ ਚੋਣ ਨਿਸ਼ਾਨ 990 ਪਿੰਡਾਂ ਵਿੱਚ ਗਿਆ। ਹਰ ਪਿੰਡ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਵਿੱਚ ਸਾਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਜਿਸ ਕਾਰਨ ਕਈ ਖੇਤਰਾਂ ਵਿੱਚ ਅਸੀਂ ਕਾਂਗਰਸ ਅਤੇ ਅਕਾਲੀ ਦਲ ਨਾਲੋਂ ਬਿਹਤਰ ਸਥਿਤੀ ਵਿੱਚ ਰਹੇ। ਭਾਵੇਂ ਵੋਟਰਾਂ ਦਾ ਮੇਰੇ ਨਾਲ ਪਿਆਰ ਵੀ ਸੀ ਪਰ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪਾਰਟੀ ਪ੍ਰਤੀ ਲੋਕਾਂ ਦੀ ਸੋਚ ਬਦਲ ਰਹੀ ਹੈ । ਲੋਕ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।

ਸਵਾਲ : ਸਿਮਰਨਜੀਤ ਸਿੰਘ ਮਾਨ ਵੱਲੋਂ ਗੈਂਗਸਟਰਾਂ ਨੂੰ ਮੁੱਖ ਧਾਰਾ ਵਿੱਚ ਆਉਣ ਦੇ ਦਿੱਤੇ ਸੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਜਵਾਬ : ਸਿਮਰਨਜੀਤ ਸਿੰਘ ਮਾਨ ਨੂੰ ਮੈਂ ਸਿਰਫ ਇਹੀ ਕਹਾਂਗਾ ਕਿ ਲੋਕਾਂ ਨੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਚੁਣ ਕੇ ਲੋਕ ਸਭਾ ਵਿਚ ਭੇਜਿਆ ਹੈ। ਉਹ ਲੋਕਾਂ ਦੇ ਮਸਲੇ ਪਾਰਲੀਮੈਂਟ ਵਿਚ ਉਠਾਉਣ। ਸੰਗਰੂਰ ਦੇ ਲੋਕਾਂ ਲਈ ਕੋਈ ਪ੍ਰੋਜੈਕਟ ਲੈ ਕੇ ਆਉਣ। ਗੈਂਗਸਟਰਾਂ ਜਾਂ ਖਾਲਿਸਤਾਨ ਬਾਰੇ ਬਿਆਨਬਾਜ਼ੀ ਤੋਂ ਲੋਕਾਂ ਨੂੰ ਕੁਝ ਨਹੀਂ ਮਿਲੇਗਾ। ਲੋਕ ਇਲਾਕੇ ਦਾ ਵਿਕਾਸ ਚਾਹੁੰਦੇ ਹਨ। ਸੰਗਰੂਰ ਦੇ ਨੌਜਵਾਨ ਰੁਜ਼ਗਾਰ ਲਈ ਵਿਦੇਸ਼ ਜਾ ਰਹੇ ਹਨ। ਇੱਥੇ ਸਿਖਲਾਈ ਕੇਂਦਰ ਦੀ ਲੋੜ ਹੈ। ਮੌਜੂਦਾ ਸੰਸਦ ਮੈਂਬਰ ਨੂੰ ਇਲਾਕੇ ਦੀਆਂ ਲੋੜਾਂ ਨੂੰ ਸਮਝਦੇ ਹੋਏ ਕੰਮ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ 4 ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ, ਕਰਨਾ ਸੀ ਵੱਡਾ ਕਾਂਡ

ਸਵਾਲ : ਕੀ ਕੈਪਟਨ ਅਮਰਿੰਦਰ ਦੇ ਭਾਜਪਾ ’ਚ ਆਉਣ ਨਾਲ ਪਾਰਟੀ ਮਜ਼ਬੂਤ ​​ਹੋਵੇਗੀ?

ਜਵਾਬ : ਕੈਪਟਨ ਅਮਰਿੰਦਰ ਸਿੰਘ ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਹਨ। ਉਹ ਪੰਜਾਬ ਦੇ ਪਾਣੀਆਂ ਦੇ ਰਾਖੇ ਹਨ । ਦੇਸ਼ ਅਤੇ ਪੰਜਾਬ ਪ੍ਰਤੀ ਉਨ੍ਹਾਂ ਦੀ ਸੋਚ ਹਮੇਸ਼ਾ ਹੀ ਹਾਂ-ਪੱਖੀ ਰਹੀ ਹੈ। ਭਾਜਪਾ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਨਿੱਘਾ ਸੁਆਗਤ ਹੈ। ਉਹ ਮੇਰੇ ਲਈ ਪਰਿਵਾਰ ਦੇ ਮੈਂਬਰ ਵਾਂਗ ਹਨ। ਜਿੱਥੋਂ ਤੱਕ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਦੇ ਕਾਂਗਰਸੀ ਸੰਸਦ ਮੈਂਬਰ ਰਹਿਣ ਦਾ ਸਵਾਲ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਖੁਦ ਕਹਿ ਚੁੱਕੇ ਹਨ ਕਿ ਵਿਅਕਤੀ ਜਿੱਥੇ ਵੀ ਜਾਂਦਾ ਹੈ, ਉਸ ਦੀ ਪਤਨੀ ਉਸ ਦੇ ਨਾਲ ਰਹਿੰਦੀ ਹੈ। ਬਾਕੀ ਮਹਾਰਾਣੀ ਪ੍ਰਨੀਤ ਕੌਰ ਨੇ ਇਸ ਮਾਮਲੇ ਵਿੱਚ ਫੈਸਲਾ ਲੈਣਾ ਹੈ । ਉਹ ਖੁਦ ਕੋਈ ਵੀ ਫੈਸਲਾ ਲੈਣ ਦੇ ਸਮਰੱਥ ਹਨ। ਮੈਂ ਸਮਝਦਾ ਹਾਂ ਕਿ ਮੈਨੂੰ ਇਸ ਮਾਮਲੇ ’ਤੇ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹੀਦੀ।

ਸਵਾਲ : ਨਗਰ ਨਿਗਮ ਚੋਣਾਂ ਲਈ ਭਾਜਪਾ ਦੀ ਕੀ ਤਿਆਰੀ ਹੈ?

ਜਵਾਬ : ਪੰਜਾਬ ਵਿਚ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਨਗਰ ਨਿਗਮਾਂ ਦੀਆਂ ਚੋਣਾਂ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ । ਇਨ੍ਹਾਂ ਚੋਣਾਂ ਵਿਚ ਸੂਬੇ ਦੀ ਜਨਤਾ ਭਾਜਪਾ ਨੂੰ ਸਪੱਸ਼ਟ ਬਹੁਮਤ ਦੇਵੇਗੀ । ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਬੀ.ਜੇ.ਪੀ. ਨਗਰ ਨਿਗਮ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਸ਼ਹਿਰਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਦੇਖ ਲਿਆ ਹੈ । ਲੋਕ ਹੁਣ ਆਪਣੀ ਗਲਤੀ ’ਤੇ ਪਛਤਾ ਰਹੇ ਹਨ। ਪੰਜਾਬ ਵਿੱਚ ਭਾਜਪਾ ਦੀ ਸਮੁੱਚੀ ਟੀਮ ਇੱਕਜੁੱਟ ਹੋ ਕੇ ਨਗਰ ਨਿਗਮ ਚੋਣਾਂ ਲੜੇਗੀ ਅਤੇ ਜਿੱਤੇਗੀ।

ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ ਦੇ ਦਰਬਾਰ ਹਾਲ 'ਚੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਮਾਮਲਾ ਦਰਜ

‘ਆਪ’ ਨੂੰ ਆਪਣੇ ਵਿਧਾਇਕਾਂ ’ਤੇ ਭਰੋਸਾ ਨਹੀਂ ਹੈ

ਅਸਲ ਵਿੱਚ ਕਿਸੇ ਨੇ ਸਰਕਾਰ ਨੂੰ ਗੁੰਮਰਾਹ ਕੀਤਾ ਹੈ ਕਿ ਜੇ ਉਹ ਹੁਣ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਲਿਆ ਕੇ ਇਸ ਨੂੰ ਪਾਸ ਕਰਵਾ ਦਿੰਦੀ ਹੈ ਤਾਂ ਅਗਲੇ 6 ਮਹੀਨਿਆਂ ਵਿੱਚ ਇਸ ਵਿਰੁੱਧ ਬੇਭਰੋਸਗੀ ਮਤਾ ਨਹੀਂ ਆ ਸਕਦਾ ਪਰ ਆਮ ਆਦਮੀ ਪਾਰਟੀ ਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਵਿਰੋਧੀ ਧਿਰ ਜਾਂ ਸਰਕਾਰ ਅੰਦਰੋਂ ਕੋਈ ਵੀ ਵਿਧਾਇਕ ਕਿਸੇ ਵੇਲੇ ਵੀ ਬੇਭਰੋਸਗੀ ਮਤਾ ਲਿਆ ਸਕਦਾ ਹੈ। ਇਸ ਸੈਸ਼ਨ ਰਾਹੀਂ ਸਰਕਾਰ ਆਪਣੇ ਕੰਮ ਦੀਆਂ ਤਾਰੀਫ਼ਾਂ ਕਰ ਕੇ ਮੋਹਰ ਲੁਆਉਣਾ ਚਾਹੁੰਦੀ ਹੈ ਪਰ ਅਸਲੀਅਤ ਇਹ ਹੈ ਕਿ ਉਸ ਨੂੰ ਆਪਣੇ ਹੀ ਵਿਧਾਇਕਾਂ ’ਤੇ ਭਰੋਸਾ ਨਹੀਂ ਹੈ।

6 ਮਹੀਨਿਆਂ ਦੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਆਪ੍ਰੇਸ਼ਨ ਲੋਟਸ ਡਰਾਮਾ

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਆਪਣੀਆਂ 6 ਮਹੀਨਿਆਂ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਆਪ੍ਰੇਸ਼ਨ ਲੋਟਸ ਵਰਗਾ ਡਰਾਮਾ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਵਾਅਦਾ ਕੀਤਾ ਸੀ ਅਤੇ ਪੰਜਾਬ ਦੇ ਕਿਸਾਨਾਂ ਨੇ 50 ਹਜ਼ਾਰ ਤੋਂ 1 ਲੱਖ ਹੈਕਟੇਅਰ ਤੱਕ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਸਰਕਾਰ ਕਿਸਾਨਾਂ ਨੂੰ 30-35 ਕਰੋੜ ਰੁਪਏ ਦੇਣ ਦੀ ਬਜਾਏ ਹੋਰ ਰਾਜਾਂ ਵਿੱਚ ਆਪਣੇ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਸਰਕਾਰ ਨਾ ਤਾਂ ਔਰਤਾਂ ਨੂੰ 1000-1000 ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ ਅਤੇ ਨਾ ਹੀ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇ ਰਹੀ ਹੈ। ਉਨ੍ਹਾਂ ਨੂੰ ਹਰ ਰੋਜ਼ ਲਾਠੀਚਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਨਾਕਾਮੀਆਂ ਨੂੰ ਛੁਪਾਉਣ ਲਈ ਆਪਰੇਸ਼ਨ ਲੋਟਸ ਦਾ ਝੂਠਾ ਡਰਾਮਾ ਰਚਿਆ ਗਿਆ ਹੈ।

ਇਹ ਵੀ ਪੜ੍ਹੋ : ਬਿਜਲੀ ਲਾਈਨਾਂ ਵਿਛਾਉਣ 'ਚ ਬੇਨਿਯਮੀਆਂ 'ਤੇ ਐਕਸ਼ਨ, ਸੁਪਰਡੈਂਟ ਇੰਜੀਨੀਅਰ ਸਮੇਤ 3 ਅਧਿਕਾਰੀ ਮੁਅੱਤਲ

ਸੰਗਰੂਰ ਵਿੱਚ ਹਵਾਈ ਅੱਡਾ ਬਣਾਉਣ ਲਈ ਸੀ.ਐੱਮ ਮਾਨ ਨੂੰ ਚਿੱਠੀ

ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਲੋਕਾਂ ਨੇ ਉਨ੍ਹਾਂ ਨੂੰ 92 ਵਿਧਾਇਕਾਂ ਦਾ ਇਤਿਹਾਸਕ ਬਹੁਮਤ ਦੇ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ, ਇਸ ਲਈ ਉਹ ਲੋਕਾਂ ਲਈ ਕੰਮ ਕਰਨ ਅਤੇ ਪੰਜਾਬ ਨੂੰ ਵਿਕਾਸ ਦੀ ਲੀਹ ’ਤੇ ਲੈ ਕੇ ਜਾਣ। ਸੰਗਰੂਰ ਦੇ ਲੋਕਾਂ ਨੇ ਪਹਿਲਾਂ ਉਨ੍ਹਾਂ ਨੂੰ ਸੰਸਦ ਮੈਂਬਰ ਚੁਣਿਆ, ਬਾਅਦ ਵਿੱਚ ਵਿਧਾਇਕ। ਫਿਰ ਸੀ. ਐੱਮ. ਪਰ ਉਹ ਸੰਗਰੂਰ ਦੇ ਵਿਕਾਸ ਵੱਲ ਧਿਆਨ ਨਹੀਂ ਦਿੰਦੇ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੰਗਰੂਰ ਵਿੱਚ ਏਅਰਪੋਰਟ ਅਤੇ ਕਾਰਗੋ ਟਰਮੀਨਲ ਬਣਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਮੇਰੀ ਇਹ ਚਿੱਠੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਨੂੰ ਭੇਜੀ ਹੈ । ਮੰਤਰਾਲਾ ਨੂੰ ਇਸ ਸਬੰਧ ਵਿੱਚ ਮੈਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ। ਮੈਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਪ੍ਰਸਤਾਵ ਤਿਆਰ ਕਰਨ ਲਈ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਮੈਂ ਉਮੀਦ ਕਰਦਾ ਹਾਂ ਕਿ ਭਗਵੰਤ ਮਾਨ ਪਾਰਟੀ ਲਾਈਨ ਤੋਂ ਉਪਰ ਉਠ ਕੇ ਇਸ ਮਾਮਲੇ ਵਿਚ ਕੋਈ ਠੋਸ ਮਤਾ ਭੇਜਣਗੇ, ਜਿਸ ਨਾਲ ਸੰਗਰੂਰ ਦੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News