ਨਕਲੀ ਵੇਰਕਾ ਦੇਸੀ ਘਿਓ ਦਾ ਸਪਲਾਇਰ ਗ੍ਰਿਫਤਾਰ, 8 ਪੈਕਟ ਜ਼ਬਤ
Tuesday, Apr 20, 2021 - 01:49 PM (IST)
ਡੇਰਾਬੱਸੀ (ਅਨਿਲ) : ਡੇਅਰੀ ਉਤਪਾਦਕ ਨਾਮੀ ਕੰਪਨੀ ਵੇਰਕਾ ਦਾ ਨਕਲੀ ਦੇਸੀ ਘਿਓ ਦੁਕਾਨਾਂ ’ਚ ਸਪਲਾਈ ਕਰਨ ਦੇ ਦੋਸ਼ ’ਚ ਇਕ ਸਪਲਾਇਰ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਕਬਜ਼ੇ ’ਚੋਂ ਨਕਲੀ ਦੇਸੀ ਘਿਓ ਦੇ ਅੱਠ ਪੈਕੇਟ ਵੀ ਜ਼ਬਤ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਮੁੱਖ ਬਾਜ਼ਾਰ ’ਚ ਸਬਜ਼ੀ ਮੰਡੀ ਨੇੜੇ ਢੀਂਗਰਾ ਪ੍ਰੋਵੀਜ਼ਨਲ ਸਟੋਰ ’ਤੇ ਵੇਰਕਾ ਕੰਪਨੀ ਦਾ ਨਕਲੀ ਦੇਸੀ ਘਿਓ ਹੋਣ ਦੇ ਸ਼ੱਕ ’ਚ ਫੂਡ ਸਪਲਾਈ ਵਿਭਾਗ ਨੇ ਕਰੀਬ ਤਿੰਨ ਦਿਨ ਪਹਿਲਾਂ ਛਾਪਾ ਮਾਰਿਆ ਸੀ।
ਇਸ ਦੌਰਾਨ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਕਿ ਇਸ ਘਿਓ ਦੀ ਸਪਲਾਈ ਸੁਹਾਣੇ ਤੋਂ ਗੁਰਮੁਖ ਸਿੰਘ ਨਾਮੀ ਇਕ ਵਿਅਕਤੀ ਦੇਣ ਆਉਂਦਾ ਹੈ। ਵਿਭਾਗ ਵੱਲੋਂ ਇਸ ਸਪਲਾਇਰ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜੋ ਫਿਰ ਡੇਰਾਬੱਸੀ ’ਚ ਉਕਤ ਦੁਕਾਨ ’ਤੇ ਨਕਲੀ ਦੇਸੀ ਘਿਓ ਦੀ ਸਪਲਾਈ ਦੇਣ ਪਹੁੰਚਿਆ। ਇਸ ਦੌਰਾਨ ਵਿਭਾਗ ਦੀ ਟੀਮ ਨੇ ਪੁਲਸ ਨੂੰ ਬੁਲਾ ਕੇ ਗੁਰਮੁਖ ਸਿੰਘ ਦੇ ਕਬਜ਼ੇ ’ਚੋਂ ਨਕਲੀ ਦੇਸੀ ਘਿਓ ਦੇ ਅੱਠ ਪੈਕੇਟ ਜ਼ਬਤ ਕਰ ਲਏ। ਜਾਂਚ ਅਧਿਕਾਰੀ ਏ. ਐੱਸ. ਆਈ. ਮੇਵਾ ਸਿੰਘ ਨੇ ਦੱਸਿਆ ਕਿ ਗੁਰਮੁਖ ਸਿੰਘ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।