ਸੁਲਤਾਨਪੁਰ ਲੋਧੀ ''ਚ ਦਰਜਨਾਂ ਜਾਅਲੀ ਟਰੈਵਲ ਏਜੰਟ ਸ਼ਰੇਆਮ ਕਰ ਰਹੇ ਹਨ ਕਬੂਤਰਬਾਜ਼ੀ ਦਾ ਧੰਦਾ

11/10/2017 11:46:28 AM


ਸੁਲਤਾਨਪੁਰ ਲੋਧੀ (ਸੋਢੀ) - ਜ਼ਿਲਾ ਕਪੂਰਥਲਾ ਦੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ 'ਚ ਗੈਰ ਕਾਨੂੰਨੀ ਢੰਗ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਧੰਦਾ ਕਰਨ ਵਾਲੇ ਦਰਜਨਾਂ ਗੈਰ ਰਜਿਸਟਰਡ ਏਜੰਟ ਸਰਗਰਮ ਹਨ। ਭਾਵੇਂ ਪੰਜਾਬ ਸਰਕਾਰ ਵਲੋਂ ਮਨੁੱਖੀ ਸਮੱਗਲਿੰਗ ਨੂੰ ਰੋਕਣ ਲਈ ਤੇ ਗੈਰ ਕਾਨੂੰਨੀ ਏਜੰਟਾਂ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਸਖਤ ਹੁਕਮ ਜਾਰੀ ਕੀਤੇ ਗਏ ਹਨ ਪਰ ਕਥਿਤ ਤੌਰ 'ਤੇ ਪੁਲਸ ਦੀ ਮਿਲੀਭੁਗਤ ਨਾਲ ਦਰਜਨਾਂ ਮਨੁੱਖੀ ਸਮੱਗਲਿੰਗ ਵਾਲੇ ਏਜੰਟ ਕੰਮ ਕਰ ਰਹੇ ਹਨ। ਕਈ ਏਜੰਟਾਂ ਨੇ ਤਾਂ ਇਸ ਧੰਦੇ ਨੂੰ ਜਾਰੀ ਰੱਖਣ ਲਈ ਸਿਆਸੀ ਪੁਸ਼ਤ-ਪਨਾਹੀ ਵੀ ਲਈ ਹੋਈ ਹੈ ਤੇ ਕੁੱਝ ਏਜੰਟਾਂ ਵਲੋਂ ਸੱਤਾਧਾਰੀ ਪਾਰਟੀ ਦੀ ਮੁੱਖ ਲੀਡਰਸ਼ਿਪ ਨਾਲ ਫੋਟੋਆਂ ਲਗਾ ਕੇ ਥਾਂ-ਥਾਂ ਫਲੈਕਸ ਬੋਰਡ ਵੀ ਲਗਾਏ ਹੋਏ ਹਨ। ਉਧਰ ਪੰਜਾਬ 'ਚ ਨੌਜਵਾਨ ਲੜਕੇ-ਲੜਕੀਆਂ ਦੇ ਰੁਜ਼ਗਾਰ ਦੇ ਸਾਧਨ ਘੱਟ ਹੋਣ ਕਾਰਨ ਬੇਰੁਜ਼ਗਾਰ ਨੌਜਵਾਨ ਵਰਗ ਕਿਸੇ ਵੀ ਢੰਗ ਨਾਲ ਵਿਦੇਸ਼ ਜਾਣ ਲਈ ਤਰਲੋ-ਮੱਛੀ ਹੋ ਰਿਹਾ ਹੈ, ਜਿਸਦਾ ਲਾਭ ਉਠਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ 'ਚ ਭੇਜ ਰਹੇ ਹਨ। 
ਹਲਕੇ ਦੇ ਕਈ ਜਾਅਲੀ ਟਰੈਵਲ ਏਜੰਟਾਂ ਖਿਲਾਫ ਪੁਲਸ ਨੇ ਕੇਸ ਦਰਜ ਕੀਤੇ ਹਨ ਪਰ ਇਨ੍ਹਾਂ ਏਜੰਟਾਂ ਖਿਲਾਫ ਆਉਂਦੀਆਂ ਬਹੁਤੀਆਂ ਸ਼ਿਕਾਇਤਾਂ ਪੜਤਾਲ ਕਰਨ ਦੇ ਨਾਮ 'ਤੇ ਪੁਲਸ ਵਲੋਂ ਲੰਬਾ ਅਰਸਾ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇਨ੍ਹਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ 'ਚ ਕੰਮ ਕਰ ਰਹੇ ਜਾਅਲੀ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਣ ਦੇ ਜਾਰੀ ਨਿਰਦੇਸ਼ਾਂ ਤੋਂ ਬਾਅਦ ਪੁਲਸ ਕੀ ਐਕਸ਼ਨ ਲੈਂਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਚੱਲੇਗਾ ਪਰ ਫਿਲਹਾਲ ਹਲਕੇ 'ਚ ਹੀ ਦਰਜਨਾਂ ਜਾਅਲੀ ਟ੍ਰੈਵਲ ਏਜੰਟ ਗੈਰ ਕਾਨੂੰਨੀ ਕਬੂਤਰਬਾਜ਼ੀ ਦਾ ਧੰਦਾ ਕਰਕੇ ਕਰੋੜਾਂ ਰੁਪਏ ਜਮ੍ਹਾ ਕਰ ਰਹੇ ਹਨ। ਕੁੱਝ ਸਮਾਂ ਪਹਿਲਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਤੌਰ 'ਤੇ ਵਿਦੇਸ਼ ਭੇਜਣ ਲਈ ਅਪਣਾਏ ਰਸਤਿਆਂ 'ਚ ਕਈ ਨੌਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਤੇ ਉਸ ਸਮੇਂ ਦੀ ਪੁਲਸ ਦੀ ਕਥਿਤ ਮਿਲੀ-ਭੁਗਤ ਨਾਲ ਮ੍ਰਿਤਕ ਨੌਜਵਾਨਾਂ ਦੇ ਬੇਵੱਸ ਮਾਪਿਆਂ ਨੂੰ ਥੋੜ੍ਹੇ-ਬਹੁਤੇ ਪੈਸੇ ਦੇ ਕੇ ਚੁੱਪ ਰਹਿਣ ਲਈ ਦਬਾਅ ਪਾਇਆ ਜਾਂਦਾ ਰਿਹਾ ਹੈ। ਅਜਿਹੇ ਵਾਪਰੇ ਮਾਮਲਿਆਂ ਦੀ ਵੀ ਪੁਲਸ ਨੂੰ ਦੁਬਾਰਾ ਜਾਂਚ ਕਰਵਾ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਏਜੰਟਾਂ ਖਿਲਾਫ ਅਪਰਾਧਿਕ ਕੇਸ ਦਰਜ ਕਰਕੇ ਕਾਰਵਾਈ ਹੋਣੀ ਚਾਹੀਦੀ ਹੈ।


Related News