ਜਾਅਲੀ ਮੁਖਤਾਰਨਾਮਾ ਨੂੰ ਲੈ ਕੇ ਹਰਕਤ ’ਚ ਆਈ ਪੁਲਸ : 2 ਨੰਬਰਦਾਰਾਂ ਸਮੇਤ 4 ਖ਼ਿਲਾਫ਼ FIR ਦਰਜ

06/17/2022 12:35:51 PM

ਅੰਮ੍ਰਿਤਸਰ (ਨੀਰਜ) - ਰਜਿਸਟਰੀ ਦਫ਼ਤਰ-3 ਵਿਚ ਜਾਅਲੀ ਮੁਖਤਾਰਨਾਮਾ ਅਤੇ ਫਰਦ ਵਾਲੀ ਰਜਿਸਟਰੀ ਦਾ ਮਾਮਲਾ ਜਗ ਬਾਣੀ ਵਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਹਰਕਤ ਵਿਚ ਆ ਗਈ ਹੈ। ਜਾਣਕਾਰੀ ਅਨੁਸਾਰ ਸਬ-ਰਜਿਸਟਰਾਰ-3 ਹਰਕਰਮ ਸਿੰਘ ਰੰਧਾਵਾ ਦੀਆਂ ਹਦਾਇਤਾਂ ’ਤੇ ਪੁਲਸ ਵਲੋਂ ਦੋ ਨੰਬਰਦਾਰਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ। ਇਸੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਪੁਲਸ ਮੁਲਜ਼ਮ ਵਸੀਕਾ ਨਵੀਸ ਅਤੇ ਜਾਅਲੀ ਫਰਦ ਵਾਲੀ ਰਜਿਸਟਰੀ ਦੇ ਮਾਮਲੇ ਵਿਚ ਵੀ ਇਕ ਹੋਰ ਵਸੀਕਾ ਨਵੀਸ ਦੀ ਭਾਲ ਵਿਚ ਲੱਗ ਗਈ ਹੈ। 

ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮ ਵਸੀਕਾ ਨਵੀਸ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਨੰਬਰਦਾਰ ਨਿਸ਼ਾਨ ਸਿੰਘ, ਨੰਬਰਦਾਰ ਅਮਰੀਕ ਸਿੰਘ, ਕਰਨੈਲ ਸਿੰਘ ਅਤੇ ਸਰਦੂਲ ਸਿੰਘ ਸ਼ਾਮਲ ਹਨ। ਇਕ ਹੋਰ ਕਾਨੂੰਨੀ ਧਾਰਾ ਤਹਿਤ ਇਸ ਪੂਰੇ ਮਾਮਲੇ ਦੇ ਸਾਜਿਸ਼ਕਰਤਾ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਡੀ. ਸੀ. ਨੂੰ ਮਿਲੇ ਵਸੀਕਾ ਨਵੀਸ ਯੂਨੀਅਨ ਦੇ ਅਹੁਦੇਦਾਰ
ਰਜਿਸਟਰੀ ਦਫ਼ਤਰ ਅਤੇ ਤਹਿਸੀਲ ਵਿਚ ਜਾਅਲੀ ਰਜਿਸਟਰੀ ਅਤੇ ਮੁਖਤਾਰਨਾਮੇ ਦੇ ਮਾਮਲੇ ਨੂੰ ਵਸੀਕਾ ਨਵੀਸ ਯੂਨੀਅਨ ਨੇ ਕਾਫੀ ਗੰਭੀਰਤਾ ਨਾਲ ਲਿਆ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਵਿਚ ਇਕ ਵਫਦ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਅਤੇ ਤਹਿਸੀਲਦਾਰਾਂ ਨੂੰ ਮਿਲਿਆ ਅਤੇ ਯੂਨੀਅਨ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਕਚਹਿਰੀ ਵਿਚ ਘੁੰਮ ਰਹੇ ਬਿਨਾਂ ਲਾਇਸੈਂਸ ਵਾਲੇ ਕਥਿਤ ਵਸੀਕਾ ਨਵੀਸਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅਜਿਹੇ ਲੋਕ ਉਨ੍ਹਾਂ ਵਸੀਕਾ ਨਵੀਸਾ ਦਾ ਵੀ ਨਾਮ ਬਦਨਾਮ ਕਰਦੇ ਹਨ, ਜੋ ਲਾਇਸੈਂਸ ਲੈ ਕੇ ਕੰਮ ਕਰਦੇ ਹਨ ਅਤੇ ਈਮਾਨਦਾਰੀ ਨਾਲ ਕੰਮ ਕਰਦੇ ਹਨ। ਜੇਕਰ ਵਸੀਕਾ ਨਵੀਸ ਸਹੀ ਹਨ ਤਾਂ ਕਦੇ ਵੀ ਜਾਅਲੀ ਮੁਖਤਾਰਨਾਮਾ ਅਤੇ ਫਰਦ ਵਾਲੀ ਰਜਿਸਟਰੀ ਨਹੀਂ ਹੋ ਸਕਦੀ ਹੈ, ਕਿਉਕਿ ਸਭ ਤੋਂ ਪਹਿਲਾਂ ਵਸੀਕਾ ਨਵੀਸ ਦਸਤਾਵੇਜ਼ਾਂ ਦੀ ਜਾਂਚ ਕਰਦਾ ਹੈ ਅਤੇ ਸਹੀ ਵਸੀਕਾ ਨਵੀਸ ਕਦੇ ਗਲਤ ਕੰਮ ਕਰਨ ਦੀ ਸਿਫਾਰਿਸ਼ ਨਹੀਂ ਕਰਦਾ ਹੈ।

ਜ਼ਿਲ੍ਹਾ ਕਚਹਿਰੀ ’ਚ 50 ਤੋਂ ਵੱਧ ਘੁੰਮਦੇ-ਫਿਰਦੇ ਹਨ ਵਸੀਕਾ-ਨਵੀਸ
ਲਾਇਸੈਂਸੀ ਅਤੇ ਗੈਰ-ਲਾਇਸੈਂਸੀ ਵਸੀਕਾ ਨਵੀਸਾ ਦੀ ਗਿਣਤੀ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਜ਼ਿਲ੍ਹਾ ਕਚਹਿਰੀ ਵਿਚ ਪੰਜਾਹ ਦੇ ਕਰੀਬ ਅਜਿਹੇ ਕਥਿਤ ਵਸੀਕਾ-ਨਵੀਸ ਹਨ, ਜੋ ਕੁਝ ਲਾਇਸੈਂਸੀ ਵਸੀਕਾ ਨਵੀਸਾ ਦੇ ਰਜਿਸਟਰ ’ਤੇ ਕੰਮ ਕਰਦੇ ਹਨ। ਵਸੀਕਾ-ਨਵੀਸ ਯੂਨੀਅਨ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਕਿਸੇ ਅਜਿਹੇ ਕਥਿਤ ਵਸੀਕਾ ਨਵੀਸ ਨੂੰ ਆਪਣੇ ਰਜਿਸਟਰ ’ਤੇ ਐਂਟਰੀ ਦਰਜ ਕਰਵਾ ਕੇ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਯੂਨੀਅਨ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਲਾਇਸੈਂਸ ਵਾਲੇ ਵਸੀਕਾ ਨਵੀਸ ਨੂੰ ਰਜਿਸਟਰੀ ਦਫ਼ਤਰ ਅਤੇ ਤਹਿਸੀਲ ਦੇ ਅੰਦਰ ਨਾ ਆਉਣ ਦੇਣ।

ਐੱਨ. ਓ. ਸੀ. ਲਾਗੂ ਹੋਣ ਤੋਂ ਬਾਅਦ ਵਧੇ ਧੋਖਾਦੇਹੀ ਦੇ ਮਾਮਲੇ
ਜਦੋਂ ਤੋਂ ਸਰਕਾਰ ਨੇ ਐੱਨ. ਓ. ਸੀ. ਦੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੈ, ਉਦੋਂ ਤੋਂ ਹੀ ਰਜਿਸਟਰੀ ਦਫ਼ਤਰਾਂ ਅਤੇ ਤਹਿਸੀਲਾਂ ਵਿਚ ਧੋਖਾਦੇਹੀ ਦੇ ਮਾਮਲੇ ਵੱਧਦੇ ਜਾ ਰਹੇ ਹਨ, ਜਿਸ ਨੂੰ ਲੈ ਕੇ ਅਧਿਕਾਰੀ ਵੀ ਚੌਕਸ ਹੋ ਗਏ ਹਨ ਅਤੇ ਰਜਿਸਟਰੀਆਂ ਵਿਚ ਲੱਗਣ ਵਾਲੇ ਦਸਤਾਵੇਜ਼ਾਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਤੋਂ ਬਾਅਦ ਰਜਿਸਟਰੀ ਕਰਦੇ ਹਨ।

ਜਿਹੜੇ ਵੀ ਵਿਅਕਤੀ ਨੇ ਜਾਅਲੀ ਰਜਿਸਟਰੀ ਕਰਵਾਈ ਹੈ ਜਾ ਫਿਰ ਜਾਅਲੀ ਮੁਖਤਾਰਨਾਮਾ ਕਰਵਾਇਆ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗੈਰ-ਲਾਇਸੈਂਸੀ ਅਤੇ ਕਥਿਤ ਵਸੀਕਾ ਨਵੀਸਾਂ ਨੂੰ ਜ਼ਿਲ੍ਹਾ ਕਚਹਿਰੀ ਦੇ ਅੰਦਰ ਨਹੀਂ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਹਰਪ੍ਰੀਤ ਸਿੰਘ ਸੂਦਨ (ਡਿਪਟੀ ਕਮਿਸ਼ਨਰ) ਅੰਮ੍ਰਿਤਸਰ।


rajwinder kaur

Content Editor

Related News