ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਜਾਅਲੀ ਪੁਲਸ ਇੰਸਪੈਕਟਰ ਵਰਦੀ ਤੇ ਕਾਰ ਸਣੇ ਕਾਬੂ

Thursday, Nov 18, 2021 - 10:23 AM (IST)

ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਜਾਅਲੀ ਪੁਲਸ ਇੰਸਪੈਕਟਰ ਵਰਦੀ ਤੇ ਕਾਰ ਸਣੇ ਕਾਬੂ

ਪਟਿਆਲਾ/ਸਨੌਰ (ਮਨਦੀਪ ਜੋਸਨ) : ਡੀ. ਐੱਸ. ਪੀ. ਦਿਹਾਤੀ ਹਲਕਾ ਸਨੌਰ ਸੁਖਮਿੰਦਰ ਸਿੰਘ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਥਾਣਾ ਸਨੌਰ ਦੇ ਇੰਚਾਰਜ ਸਬ-ਇੰਸਪੈਕਟਰ ਅੰਮ੍ਰਿਤ ਵੀਰ ਸਿੰਘ ਦੀ ਅਗਵਾਈ ਹੇਠ ਬਗੀਚਾ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਜਾਅਲੀ ਪੁਲਸ ਇੰਸਪੈਕਟਰ ਨੂੰ ਸਮੇਤ ਵਰਦੀ ਅਤੇ ਕਾਰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਣਜੀਤ ਨਗਰ, ਭਾਦਸੋਂ ਰੋਡ, ਥਾਣਾ ਤ੍ਰਿਪੜੀ, ਪਟਿਆਲਾ ਜੋ ਕਿ ਮਹਿਕਮਾ ਪੰਜਾਬ ਪੁਲਸ 'ਚ ਭਰਤੀ ਹੋਏ ਬਿਨ੍ਹਾਂ ਲੋਕਾਂ ਨੂੰ ਕਹਿੰਦਾ ਸੀ ਕਿ ਉਹ ਇੰਸਪੈਕਟਰ ਹੈ।

ਅਕਸਰ ਹੀ ਉਹ ਆਪਣੀ ਕਾਰ ’ਚ ਪੁਲਸ ਇੰਸਪੈਕਟਰ ਦੀ ਵਰਦੀ ਟੰਗ ਕੇ ਪਟਿਆਲਾ ਅਤੇ ਆਸ-ਪਾਸ ਦੇ ਇਲਾਕੇ ’ਚ ਘੁੰਮਦਾ ਰਹਿੰਦਾ ਸੀ, ਜੋ ਕਿ ਭੋਲੇ-ਭਾਲੇ ਲੋਕਾਂ ਨੂੰ ਆਪਣੇ ਆਪ ਨੂੰ ਪੁਲਸ ਇੰਸਪੈਕਟਰ ਦੱਸ ਕੇ ਠੱਗੀਆਂ ਵੀ ਮਾਰਦਾ ਸੀ। ਪੁਲਸ ਪਾਰਟੀ ਜਦੋਂ ਨਾਕਾਬੰਦੀ ਕਰ ਕੇ ਜੌੜੀਆਂ ਸੜਕਾਂ ’ਤੇ ਮੌਜੂਦ ਸੀ ਤਾਂ ਇਕ ਮੁਖਬਰ ਦੀ ਸੂਚਨਾ ’ਤੇ ਮਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਪੰਜਾਬ ਪੁਲਸ ਦੇ ਸਟਿੱਕਰ ਲੱਗੀ ਕਾਰ 'ਚ ਸਵਾਰ ਹੋ ਕੇ ਬਲਵੇੜਾ ਸਾਈਡ ਤੋਂ ਪਟਿਆਲਾ ਨੂੰ ਆ ਰਿਹਾ ਸੀ। ਮੁੱਖ ਅਫ਼ਸਰ ਥਾਣਾ ਨੇ ਮੌਕੇ ’ਤੇ ਪੁੱਜ ਕੇ ਦੌਰਾਨੇ ਨਾਕਾਬੰਦੀ ਦੋਸ਼ੀ ਮਨਪ੍ਰੀਤ ਸਿੰਘ ਉਕਤ ਨੂੰ ਕਾਬੂ ਕਰ ਕੇ ਉਸ ਪਾਸੋਂ ਪੁਲਸ ਇੰਸਪੈਕਟਰ ਦਾ ਜਾਅਲੀ ਆਈ. ਡੀ. ਕਾਰਡ, ਪੁਲਸ ਇੰਸਪੈਕਟਰ ਦੀ ਕੰਪਲੀਟ ਵਰਦੀ ਅਤੇ ਕਾਰ ਬਰਾਮਦ ਕਰਵਾਈ। ਪੁਲਸ ਨੇ ਦੋਸ਼ੀ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 


author

Babita

Content Editor

Related News