ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 150 ਲੀਟਰ ਨਕਲੀ ਦੁੱਧ ਬਰਾਮਦ

Friday, Feb 09, 2018 - 12:14 PM (IST)

ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 150 ਲੀਟਰ ਨਕਲੀ ਦੁੱਧ ਬਰਾਮਦ

ਤਪਾ ਮੰਡੀ (ਸ਼ਾਮ, ਗਰਗ) : ਪਿੰਡ ਧੋਲਾ ਵਿਖੇ ਸ਼ੁੱਕਰਵਾਰ ਸਵੇਰੇ 3 ਵਜੇ ਦੇ ਕਰੀਬ ਸਿਹਤ ਵਿਭਾਗ ਦੀ ਟੀਮ ਨੇ ਸੀ.ਆਈ. ਸਟਾਫ ਦੇ ਸਹਿਯੋਗ ਨਾਲ ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਕੇ 150 ਲੀਟਰ ਨਕਲੀ ਦੁੱਧ, ਸਮਾਨ ਸਮੇਤ ਮਾਲਕ ਨੂੰ ਗ੍ਰਿਫਤਾਰ ਕਰਨ 'ਚ ਸ਼ਫਲਤਾ ਮਿਲੀ ਹੈ। ਪਿੰਡ ਧੋਲਾ ਵਿਖੇ ਸੀ.ਆਈ. ਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੋਰਾਨ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਧੋਲਾ ਦੀ ਖੁੱਡੀ-ਖੁਰਦ ਰੋਡ ਸਥਿਤ ਖੇਤਾਂ 'ਚ ਇਕ ਵਿਅਕਤੀ ਵੱਡੀ ਮਾਤਰਾ 'ਚ ਨਕਲੀ ਦੁੱਧ ਬਣਾ ਕੇ ਅੱਗੇ ਵੇਚ ਰਿਹਾ ਹੈ ਜੋ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੈ।
ਪੁਲਸ ਨੇ ਸਵੇਰੇ 3 ਵਜੇ ਦੇ ਕਰੀਬ ਕੁਲਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਧੋਲਾ ਦੇ ਘਰ ਛਾਪਾਮਾਰੀ ਕਰਕੇ ਮੌਕੇ 'ਤੇ ਤਿਆਰ ਕੀਤਾ 150 ਲੀਟਰ ਨਕਲੀ ਦੁੱਧ, 36 ਕਿੱਲੋ ਆਰ. ਐੱਮ (ਚਰਬੀ ਵਰਗਾ), 21 ਕਿੱਲੋ ਮਾਲਟੋ ਪਾਊਡਰ, 26 ਕਿਲੋ ਸਕਿਮਡ ਪਾਊਡਰ, 25 ਕਿੱਲੋ ਗੁਲੂਕੋਜ਼ ਪਾਊਡਰ, ਰਿਫਾਇੰਡ ਤੇਲ 14 ਕਿਲੋ ਸਮੇਤ ਬਣਾਉਣ ਲਈ ਵਰਤਿਆਂ ਜਾਂਦਾ ਸਮਾਨ ਮਿਕਸੀ, ਪਲੈਜਰ, ਯੂਰੀਆ ਖਾਦ 15 ਕਿਲੋ, ਪਤੀਲਾ ਆਦਿ ਬਰਾਮਦ ਕੀਤਾ ਹੈ। ਸਿਹਤ ਵਿਭਾਗ ਨੇ ਅਧਿਕਾਰੀ ਰਵਿੰਦਰ ਕੁਮਾਰ ਗਰਗ ਸਹਾਇਕ ਫੂਡ ਕਮਿਸ਼ਨਰ, ਗੌਰਵ ਕੁਮਾਰ ਫੂਡ ਇੰਸਪੈਕਟਰ ਨੇ ਵੱਖ-ਵੱਖ 6 ਸੈਂਪਲ ਸੀਲ ਕੀਤੇ। ਇਸ ਮੌਕੇ ਮਾਲਕ ਕੁਲਵਿੰਦਰ ਸਿੰਘ ਨੇ ਮੰਨਿਆ ਕਿ ਉਹ ਰੋਜ਼ਾਨਾ 100 ਲੀਟਰ ਨਕਲੀ ਦੁੱਧ ਤਿਆਰ ਕਰਕੇ ਫਿਰ ਨੇੜੇ ਦੀਆਂ ਡੇਅਰੀਆਂ ਤੋਂ ਇਕੱਠੇ ਕੀਤੇ ਦੁੱਧ 'ਚ ਮਿਕਸ ਕਰਕੇ ਬਰਨਾਲਾ, ਧਨੋਲਾ ਅਤੇ ਹੋਰ ਸ਼ਹਿਰਾਂ ਦੇ ਥੌਕ ਸੈਂਟਰਾਂ 'ਚ ਅਪਣੇ ਦੁੱਧ ਟੈਂਕਰਾਂ ਰਾਹੀਂ ਪਾਉਂਦਾ ਸੀ, ਉਸ ਕੋਲ 2 ਦੁੱਧ ਦੇ ਟੈਂਕਰ ਵੀ ਖੜੇ ਦੇਖੇ ਗਏ।
ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਨਕਲੀ ਦੁੱਧ ਬਣਾਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਸੀ। ਸਹਾਇਕ ਕਮਿਸ਼ਨਰ ਰਵਿੰਦਰ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਖਾਣ ਪੀਣ ਦੇ ਸਮਾਨ 'ਚ ਮਿਲਾਵਟ ਦੀ ਸ਼ਿਕਾਇਤ ਕੀਤੀ ਜਾ ਰਹੀ ਪਰ ਅੱਜ ਪੁਲਸ ਦੇ ਸਹਿਯੋਗ ਨਾਲ ਇਹ ਛਾਪਾਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਦੀ ਛਾਪਾਮਾਰੀ ਦੌਰਾਨ ਜੋ ਸਮਾਨ ਬਰਾਮਦ ਹੋਇਆ ਹੈ ਉਸ ਦੀ ਲੈਬੋਰਟਰੀ ਵਿਚ ਜਾਂਚ ਕਰਵਾਈ ਜਾਵੇਗੀ।


Related News