ਪੰਜਾਬ ''ਚ ਨਕਲੀ ਦੁੱਧ ਵਿਕਣ ''ਤੇ ਕੇਂਦਰ ਚਿੰਤਤ, ਨਕਈ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

Monday, Apr 14, 2025 - 01:18 PM (IST)

ਪੰਜਾਬ ''ਚ ਨਕਲੀ ਦੁੱਧ ਵਿਕਣ ''ਤੇ ਕੇਂਦਰ ਚਿੰਤਤ, ਨਕਈ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਮਾਨਸਾ (ਮਿੱਤਲ) : ਪੰਜਾਬ ਅੰਦਰ ਨੌਜਵਾਨਾਂ ਨੂੰ ਡਾਇਰੀ ਫਾਰਮ ਦੇ ਰਾਹ 'ਤੇ ਤੌਰ ਕੇ ਸੂਬੇ ਵਿਚ ਧੜੱਲੇ ਨਾਲ ਨਕਲੀ ਦੁੱਧ ਅਤੇ ਪਨੀਰ ਦੀ ਹੋ ਰਹੀ ਵਰਤੋਂ ਅਤੇ ਸਪਲਾਈ ਨੂੰ ਰੋਕਣ ਸਬੰਧੀ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਡੂੰਘੀਆਂ ਵਿਚਾਰਾਂ ਕੀਤੀਆਂ।  ਅਹਿਮਦਾਬਾਦ ਵਿਖੇ ਭਾਜਪਾ ਦਾ ਸਥਾਪਨਾ ਦਿਵਸ ਮਨਾਇਆ ਗਿਆ ਸੀ, ਇਸ ਵਾਸਤੇ ਜਗਦੀਪ ਸਿੰਘ ਨਕਈ ਨੂੰ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੱਦਾ ਮਿਲਿਆ ਸੀ। ਇਸ ਸਬੰਧੀ ਦੱਸਦਿਆਂ ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਨਕਈ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅੰਦਰ ਦੁੱਧ ਦੇ ਨਕਲੀ ਪ੍ਰੋਡਕਟ ਨੂੰ ਵਿਕਣ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਤ ਹੈ। ਭਾਜਪਾ ਦੇ ਅਹਿਮਦਾਬਾਦ ਵਿਖੇ ਹੋਏ ਸੰਮੇਲਨ ਵਿਚ ਅਮਿਤ ਸ਼ਾਹ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਇਹ ਚਿੰਤਾ ਪ੍ਰਗਟਾਈ ਹੈ। 

ਨਕਈ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਪੰਜਾਬ ਅੰਦਰ ਧੜੱਲੇ ਨਾਲ ਨਕਲੀ ਖੋਆ, ਦੁੱਧ, ਪਨੀਰ ਅਤੇ ਉਸ ਤੋਂ ਬਣੇ ਪ੍ਰੋਡਕਟ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਤਾਜ਼ਾ ਸਰਵੇਖਣ ਅਨੁਸਾਰ ਪੰਜਾਬ ਅੰਦਰ ਪਹਿਲਾਂ ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘੱਟ ਗਈ ਹੈ। ਸੁਭਾਵਿਕ ਹੈ ਕਿ ਪਸ਼ੂਆਂ ਦੀ ਗਿਣਤੀ ਘਟਣ ਨਾਲ ਪਸ਼ੂ ਪਾਲਕ ਧੰਦਾ ਵੀ ਘੱਟ ਰਿਹਾ ਹੈ। ਜਦ ਕਿ ਦੁੱਧ ਅਤੇ ਉਸ ਤੋਂ ਬਣੇ ਪ੍ਰੋਡਕਟ ਵੱਡੀ ਗਿਣਤੀ ਵਿਚ ਤਿਆਰ ਹੋ ਕੇ ਮਾਰਕੀਟ ਵਿਚ ਵਿਕ ਰਹੇ ਹਨ। ਨਕਈ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਉਤਸ਼ਾਹ ਨਾਲ ਇਸ 'ਤੇ ਗੰਭੀਰਤਾ ਦਿਖਾਉਂਦਿਆਂ ਕਿਹਾ ਕਿ ਜੇਕਰ ਸੂਬੇ ਅੰਦਰ ਦੇਸੀ ਗਊਆਂ ਨੂੰ ਪਾਲਿਆ ਜਾਵੇ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕੀਤੀ ਜਾਵੇ ਤਾਂ ਨਕਲੀ ਦੁੱਧ ਅਤੇ ਨਕਲੀ ਪ੍ਰੋਡਕਟ ਬੰਦ ਹੋ ਜਾਣਗੇ। ਸੂਬੇ ਦੇ ਨੌਜਵਾਨਾਂ ਨੂੰ ਜੋ ਵੱਡੀ ਗਿਣਤੀ ਵਿਚ ਰੁਜ਼ਗਾਰ ਕਾਰਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ, ਨੂੰ ਰੁਜ਼ਗਾਰ ਮਿਲੇਗਾ। ਪੰਜਾਬ ਅੰਦਰ  ਸ਼ੁੱਧ ਦੁੱਧ ਦੀ ਨਦੀ ਵਗੇਗੀ। ਨਕਈ ਨੇ ਭਰੋਸਾ ਦਿੱਤਾ ਕਿ ਉਹ ਇਹ ਸੁਝਾਅ ਨੌਜਵਾਨਾਂ ਅਤੇ ਡੇਅਰੀ ਪਾਲਕਾਂ ਨੂੰ ਦੇਣਗੇ। 

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਭਾਜਪਾ ਸਰਕਾਰ ਬਣਦੀ ਹੈ ਤਾਂ ਇਸ ਅਮਲ ਨੂੰ ਸਰਕਾਰ ਦੇ ਏਜੰਡੇ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਹ ਸੋਚ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿਰੋਧੀ ਹੈ ਜਦਕਿ ਅਸਲੀਅਤ ਵਿਚ ਕੇਂਦਰ ਵਿਚ ਬੈਠੀ ਭਾਜਪਾ ਦੀ ਸਰਕਾਰ ਪੰਜਾਬ ਪ੍ਰਤੀ ਵੀ ਉਨੀ ਚਿੰਤਤ ਹੈ ਜਿੰਨੀ ਕਿ ਆਪਣੇ ਭਾਜਪਾ ਸ਼ਾਸਕ ਸੂਬਿਆਂ ਪ੍ਰਤੀ। 


author

Gurminder Singh

Content Editor

Related News