ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 30 ਲੱਖ ਦੀ ਜਾਅਲੀ ਕਰੰਸੀ ਬਰਾਮਦ, ਪਤੀ-ਪਤਨੀ ਗ੍ਰਿਫ਼ਤਾਰ
Saturday, Apr 06, 2024 - 01:05 PM (IST)
ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮੀਸ਼ਨ ਦੀਆਂ ਸਖਤ ਹਦਾਇਤਾਂ ’ਤੇ ਚਲਦਿਆਂ ਐੱਸ.ਐੱਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਥਾਣਾ ਸਦਰ ਦੀ ਪੁਲਸ ਵਲੋਂ ਨਾਕਾਬੰਦੀ ਦੌਰਾਨ 30 ਲੱਖ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਕਾਰ ਸਵਾਰ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਪੁਲਸ ਲਾਈਨ ਬਟਾਲਾ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ ਮੈਡਮ ਗੋਟਿਆਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐੱਸ.ਪੀ.ਡੀ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਦੇ ਏ.ਐੱਸ.ਆਈ ਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਈ ਹਰਦੋਝੰਡੇ ਸਾਈਡ ਨੂੰ ਜਾ ਰਹੀ ਸੀ। ਜਦੋਂ ਇਹ ਧੀਰ ਮੋੜ ਹਾਈਵੇ ’ਤੇ ਪਹੁੰਚੀ ਤਾਂ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਸੁਖਬੀਰ ਸਿੰਘ ਪੁੱਤਰ ਤਾਰਾ ਸਿੰਘ ਅਤੇ ਗੁਰਿੰਦਰ ਕੌਰ ਉਰਫ ਸੋਨੀਆ ਪਤਨੀ ਸੁਖਬੀਰ ਸਿੰਘ ਵਾਸੀਆਨ ਪਿੰਡ ਭੱਟੀ ਕੇ, ਥਾਣਾ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ ਜੋ ਇੰਡੀਅਨ ਜਾਅਲੀ ਕਰੰਸੀ ਦਾ ਧੰਦਾ ਕਰਦੇ ਹਨ, ਬੀਤੇ ਦਿਨ ਆਪਣੀ ਕਾਲੇ ਰੰਗ ਦੀ ਵਰਨਾ ਕਾਰ ’ਤੇ ਸਵਾਰ ਹੋ ਕੇ ਜਾਅਲੀ ਕਰੰਸੀ ਲੈ ਕੇ ਅੰਮ੍ਰਿਤਸਰ ਸਾਈਡ ਤੋਂ ਬਟਾਲਾ ਵੱਲ ਕਿਸੇ ਨੂੰ ਦੇਣ ਲਈ ਆ ਰਹੇ ਹਨ। ਐੱਸ.ਐੱਸ.ਪੀ ਨੇ ਅੱਗੇ ਦੱਸਿਆ ਕਿ ਇਸਦੇ ਤੁਰੰਤ ਬਾਅਦ ਏ.ਐੱਸ.ਆਈ ਰਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਸੈਦਮੁਬਾਰਕ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਉਕਤ ਕਾਰ ਨੂੰ ਆਉਂਦੇ ਦੇਖ ਚੈਕਿੰਗ ਲਈ ਰੋਕਿਆ, ਜਿਸ ਵਿਚ ਉਕਤ ਵਿਅਕਤੀ ਤੇ ਉਸਦੀ ਪਤਨੀ ਸਵਾਰ ਸਨ।
ਇਹ ਵੀ ਪੜ੍ਹੋ- ਤਰਨਤਾਰਨ 'ਚ ਔਰਤ ਨੂੰ ਨਿਰਵਸਤਰ ਕਰ ਘਮਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ
ਮੈਡਮ ਗੋਟਿਆਲ ਨੇ ਦੱਸਿਆ ਕਿ ਇਸਦੇ ਤੁਰੰਤ ਬਾਅਦ ਪੁਲਸ ਕਰਮਚਾਰੀਆਂ ਵਲੋਂ ਗੱਡੀ ਦੀ ਤਲਾਸ਼ੀ ਲੈਣ ’ਤੇ 30 ਲੱਖ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ, ਜਿਸ ’ਤੇ ਉਕਤ ਦੋਵਾਂ ਪਤੀ-ਪਤਨੀ ਨੂੰ ਪੁਲਸ ਮੁਲਾਜ਼ਮਾਂ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਗੱਡੀ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਇਕ ਗੱਡੀ ਅਲਕਾਜਾਰ ਸਮੇਤ ਪ੍ਰਿੰਟਰ ਲੈਮੀਨੇਸ਼ਨ ਮਸ਼ੀਨ, ਜਾਅਲੀ ਕਰੰਸੀ ਬਣਾਉਣ ਵਾਲੇ ਪੇਪਰਾਂ ਦੇ ਦਸਤੇ, ਜਾਅਲੀ ਕਰੰਸੀ ਵਿਚ ਪਾਉਣ ਵਾਲੇ ਤਾਰ ਦੇ ਰੋਲ ਅਤੇ ਕਰੰਸੀ ਨੂੰ ਮੁਲਾਇਮ ਕਰਨ ਵਾਸਤੇ ਸਟਾਰਚ ਪਾਊਡਰ ਵੀ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ
ਵਧੇਰੇ ਜਾਣਕਾਰੀ ਦਿੰਦਿਆਂ ਮਹਿਲਾ ਐੱਸ.ਐੱਸ.ਪੀ ਨੇ ਇਹ ਵੀ ਦੱਸਿਆ ਕਿ ਸੁਖਬੀਰ ਸਿੰਘ ਸਹਿਕਾਰੀ ਸਭਾ ਤਰਸਿੱਕਾ ਵਿੱਚ ਬਤੌਰ ਸਕੱਤਰ ਕੰਮ ਕਰਦਾ ਸੀ ਅਤੇ ਉਸ ਨੇ ਸਹਿਕਾਰੀ ਸਭਾ ਵਿੱਚ ਵੀ 2 ਕਰੋੜ 45 ਲੱਖ ਰੁਪਏ ਦਾ ਗਬਨ ਕੀਤਾ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ ਸੀ ਅਤੇ ਉੱਥੇ ਉਸ ਦੀ ਮੁਲਾਕਾਤ ਇੱਕ ਨਾਮੀ ਵਿਅਕਤੀ ਨਾਲ ਹੋਈ ਸੀ। ਗੁਰਦੀਪ ਸਿੰਘ ਨੇ ਹੀ ਸੁਖਬੀਰ ਸਿੰਘ ਨੂੰ ਜਾਅਲੀ ਕਰੰਸੀ ਛਾਪਣ ਦੀ ਸਲਾਹ ਦਿੱਤੀ ਸੀ। ਐੱਸ. ਐੱਸ. ਪੀ. ਨੇ ਅੱਗੇ ਦੱਸਿਆ ਕਿ ਇਸ ਕੇਸ ਦਾ ਮਾਸਟਰ ਮਾਈਂਡ ਗੁਰਦੀਪ ਸਿੰਘ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ ’ਤੇ ਬਟਾਲਾ ਜੇਲ੍ਹ ਤੋਂ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮਾਂ, ਭਾਬੀ ਤੇ ਮਾਸੂਮ ਭਤੀਜੇ ਦਾ ਕਾਤਲ ਆਇਆ ਸਾਹਮਣੇ, ਬੱਚੇ 'ਤੇ ਲਾਏ ਘਿਣਾਉਣੇ ਇਲਜ਼ਾਮ, ਜਾਣ ਕੇ ਹੋਵੋਗੇ ਹੈਰਾਨ
ਮੈਡਮ ਅਸ਼ਵਿਨੀ ਗੋਟਿਆਲ ਨੇ ਅੱਗੇ ਦੱਸਿਆ ਕਿ ਇਨ੍ਹਾਂ ਦੋਵਾਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਸਦਰ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਬਰਾਮਦ ਕੀਤੀ ਗਈ ਜਾਅਲੀ ਕਰੰਸੀ ਵਿਚ 500-500 ਦੇ ਨੋਟਾਂ ਦੀਆਂ ਗੱਟੀਆਂ ਹਨ ਅਤੇ ਇਨ੍ਹਾਂ ਪਤੀ-ਪਤਨੀ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰ.11 ਮਿਤੀ 18.2.2020 ਧਾਰਾ 409, 420, 120-ਬੀ, 465, 467, 468, 471, 477, 419 ਆਈ.ਪੀ.ਸੀ, 66, 66-ਡੀ ਆਈ.ਟੀ ਐਕਟ 13 ਪ੍ਰੀਵੈਨਸ਼ਨ ਆਫ ਕੁਰੱਪਸ਼ਨ ਥਾਣਾ ਤਰਸਿੱਕਾ ਵਿਖੇ ਵੀ ਕੇਸ ਦਰਜ ਹੈ। ਪੁਲਸ ਮੁਖੀ ਬਟਾਲਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਜੋ ਹੋਰ ਵੀ ਪੁਛਗਿੱਛ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8