ਯੂ-ਟਿਊਬ ਦੇਖ ਕੇ ਸਿਖਿਆ ਨਕਲੀ ਨੋਟ ਬਣਾਉਣ ਦਾ ਤਰੀਕਾ, ਲੱਖਾਂ ਦੀ ਜਾਅਲੀ ਕਰੰਸੀ ਸਣੇ 2 ਕਾਬੂ
Thursday, Feb 27, 2020 - 03:27 PM (IST)
ਲੁਧਿਆਣਾ (ਰਾਜ) : ਸ਼ਾਰਟਕੱਟ ਢੰਗ ਨਾਲ ਪੈਸੇ ਕਮਾਉਣ ਲਈ ਦੋ ਨੌਜਵਾਨਾਂ ਨੇ ਘਰ 'ਚ ਹੀ ਜਾਅਲੀ ਕਰੰਸੀ ਬਣਾਉਣ ਦਾ ਧੰਦਾ ਸ਼ੁਰੂ ਕਰ ਦਿੱਤਾ। ਮੁਜਰਮਾਂ ਨੇ ਯੂ-ਟਿਊਬ ਤੋਂ ਨਕਲੀ ਨੋਟ ਬਣਾਉਣ ਦਾ ਤਰੀਕਾ ਸਿੱਖਿਆ ਸੀ। ਮੁਜਰਮਾਂ ਨੇ ਕੁਝ ਹੀ ਮਹੀਨਿਆਂ 'ਚ 5 ਲੱਖ ਰੁਪਏ ਦੀ ਜਾਅਲੀ ਕਰੰਸੀ ਵੇਚ ਵੀ ਦਿੱਤੀ। ਕਾਊਂਟਰ ਇੰਟੈਲੀਜੈਂਸ ਅਤੇ ਕਮਿਸ਼ਨਰੇਟ ਪੁਲਸ ਦੀ ਸਾਂਝੀ ਟੀਮ ਨੇ ਕਾਰਵਾਈ ਕਰਦੇ ਹੋਏ ਦੋਵਾਂ ਮੁਜਰਮਾਂ ਨੂੰ ਦਬੋਚ ਲਿਆ। ਮੁਜਰਮਾਂ ਤੋਂ 22.60 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਲੈਪਟਾਪ, ਪ੍ਰਿੰਟਰ, ਲੈਮੀਨੇਟਰ, ਬਿਨਾਂ ਨੰਬਰ ਦੇ ਮੋਟਰਸਾਈਕਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਜਰਮਾਂ ਕੋਲੋਂ ਮਿਲੀ ਕਰੰਸੀ 'ਚ ਦੋ ਹਜ਼ਾਰ, ਪੰਜ ਸੌ, ਦੋ ਸੌ ਅਤੇ ਇਕ ਸੌ ਰੁਪਏ ਦੇ ਨੋਟ ਹਨ। ਫੜੇ ਗਏ ਮੁਜਰਮ ਰਾਏਕੋਟ ਦੇ ਪਿੰਡ ਤਾਜਪੁਰ ਦਾ ਵਿੱਕੀ ਅਤੇ ਇਯਾਲੀ ਖੁਰਦ ਦੇ ਨਿਊ ਦਸਮੇਸ਼ ਨਗਰ ਦਾ ਸਾਹਿਲ ਹੈ। ਦੋਵਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ.ਸੀ.ਪੀ. (ਇਨਵੈਸਟੀਗੇਸ਼ਨ) ਐੱਸ.ਪੀ.ਐੱਸ. ਢੀਂਡਸਾ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅਤੇ ਸੀ.ਆਈ.ਏ.-3 ਦੀ ਪੁਲਸ ਨੂੰ ਇਸ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸ਼ਿਮਲਾਪੁਰੀ ਸਥਿਤ ਅਰੋੜਾ ਕੱਟ ਦੀਆਂ ਲਾਈਟਾਂ 'ਤੇ ਨਾਕਾਬੰਦੀ ਕਰ ਕੇ ਮੋਟਰਸਾਈਕਲ 'ਤੇ ਆ ਰਹੇ ਦੋਵਾਂ ਮੁਜਰਮਾਂ ਨੂੰ ਰੋਕਿਆ ਅਤੇ ਜਦੋਂ ਉਨ੍ਹਾਂ ਦਾ ਬੈਗ ਚੈੱਕ ਕੀਤਾ ਤਾਂ ਇਸ ਦੇ ਅੰਦਰੋਂ ਕਰੰਸੀ ਬਰਾਮਦ ਹੋਈ। ਜਦੋਂ ਕਰੰਸੀ ਚੈੱਕ ਕਰਵਾਈ ਗਈ ਤਾਂ ਜਾਅਲੀ ਨਿਕਲੀ ਜਿਸ 'ਤੇ ਮੁਜਰਮਾਂ ਨੂੰ ਫੜ ਕੇ ਅਗਲੀ ਪੁੱਛਗਿੱਛ ਸ਼ੁਰੂ ਕੀਤੀ।
ਯੂ-ਟਿਊਬ ਤੋਂ ਸਿੱਖਿਆ ਨੋਟ ਬਣਾਉਣ ਦਾ ਤਰੀਕਾ
ਪੁਲਸ ਦਾ ਕਹਿਣਾ ਹੈ ਕਿ ਮੁਜਰਮਾਂ ਨੇ ਯੂ-ਟਿਊਬ ਤੋਂ ਨਕਲੀ ਨੋਟ ਬਣਾਉਣ ਦਾ ਢੰਗ ਸਿੱਖਿਆ ਸੀ। ਇਸ ਦੌਰਾਨ ਯੂ-ਟਿਊਬ ਦੇ ਕੁਮੈਂਟ ਬਾਕਸ ਰਾਹੀਂ ਪਛਾਣਛੱਤੀਸਗੜ੍ਹ ਦੇ ਨਰੇਸ਼ ਕੁਮਾਰ ਨਾਮੀ ਨੌਜਵਾਨ ਨਾਲ ਹੋਈ। ਫਿਰ ਨਰੇਸ਼ ਕੁਮਾਰ ਰਾਹੀਂ ਨਕਲੀ ਨੋਟ ਬਣਾਉਣ ਵਿਚ ਮੁਹਾਰਤਾ ਹਾਸਲ ਕਰਨ ਲਈ। ਨਰੇਸ਼ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਨਕਲੀ ਨੋਟ ਬਣਾ ਕੇ ਉਸ ਨੂੰ ਭਿਜਵਾ ਦੇਣ ਜੋ ਉਹ ਮਾਰਕੀਟ ਵਿਚ ਵਿਕਵਾ ਦੇਵੇਗਾ ਜਿਸ ਤੋਂ ਬਾਅਦ ਉਨ੍ਹਾਂ ਨੇ ਨਕਲੀ ਨੋਟ ਬਣਾਉਣ ਦਾ ਕਾਰੋਬਾਰ ਘਰੋਂ ਹੀ ਸ਼ੁਰੂ ਕਰ ਦਿੱਤਾ। ਮੁਜਰਮ ਧੜੱਲੇ ਨਾਲ ਨੋਟ ਬਣਾਉਣ ਦਾ ਕਾਰੋਬਾਰ ਕਰਨ ਲੱਗੇ।
ਮੁਜਰਮ ਨਰੇਸ਼ ਦੀ ਭਾਲ 'ਚ ਜੁਟੀ ਪੁਲਸ
ਪੁਲਸ ਦੇ ਮੁਤਾਬਕ ਮੁਜਰਮ ਨਰੇਸ਼ ਛੱਤੀਸਗੜ੍ਹ ਦਾ ਹੈ। ਅਜੇ ਸਿਰਫ ਇਹੀ ਪਤਾ ਲੱਗਾ ਹੈ ਕਿ ਉਸ ਦਾ ਟਿਕਾਣਾ ਕਿਥੇ ਹੈ ਅਤੇ ਉਹ ਅਸਲ ਵਿਚ ਕੀ ਕੰਮ ਕਰਦਾ ਹੈ, ਸਬੰਧੀ ਪਤਾ ਲਗਾਇਆ ਜਾ ਰਿਹਾ ਹੈ। ਮੁਜਰਮ ਨਰੇਸ਼ ਦੇ ਕਹਿਣ 'ਤੇ ਦੋਨਾਂ ਮੁਜਰਮਾਂ ਨੇ ਹੈਬੋਵਾਲ ਕਾਲੀ ਮਾਤਾ ਮੰਦਰ ਦੇ ਕੋਲ 5 ਲੱਖ ਰੁਪਏ ਦੇ ਨਕਲੀ ਨੋਟ ਕਿਸੇ ਨੂੰ ਦਿੱਤੇ ਸਨ। ਹੁਣ ਪੁਲਸ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਨਕਲੀ ਨੋਟ ਮੁਜਰਮਾਂ ਨੇ ਕਿਸ ਵਿਅਕਤੀ ਨੂੰ ਦਿੱਤੇ ਹਨ।
ਫੜੇ ਗਏ ਮੁਜਰਮ ਡੀ. ਐੱਮ. ਸੀ. ਹਸਪਤਾਲ 'ਚ ਕਰਦੇ ਹਨ ਕੰਮ
ਪੁਲਸ ਦਾ ਕਹਿਣਾ ਹੈ ਕਿ ਫੜੇ ਗਏ ਮੁਜਰਮ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹਨ। ਦੋਵੇਂ ਹੀ ਡੀ.ਐੱਮ.ਸੀ. ਹਸਪਤਾਲ ਦੇ ਲੌਂਡਰੀ ਸੈਕਸ਼ਨ ਵਿਚ ਕੰਮ ਕਰਦੇ ਸਨ ਜਿਥੋਂ ਉਨ੍ਹਾਂ ਨੂੰ ਸ਼ਾਰਟਕਟ ਤਰੀਕੇ ਨਾਲ ਪੈਸੇ ਕਮਾਉਣ ਦਾ ਤਰੀਕਾ ਸੁੱਝਿਆ ਅਤੇ ਉਨ੍ਹਾਂ ਨੇ ਫਿਰ ਯੂ-ਟਿਊਬ ਰਾਹੀਂ ਕੰਮ ਸ਼ੁਰੂ ਕਰ ਦਿੱਤਾ ਸੀ।