ਹਾਦਸਾਗ੍ਰਸਤ ਬਹੁ-ਮੰਜ਼ਿਲਾ ਪਲਾਸਟਿਕ ਫੈਕਟਰੀ ਦੇ ਅਧਿਕਾਰ ਖੇਤਰ ਤੋਂ ਇੰਡਸਟਰੀ ਡਿਪਾਰਟਮੈਂਟ ਨੇ ਝਾੜਿਆ ਪੱਲਾ

11/22/2017 4:51:14 AM

ਲੁਧਿਆਣਾ(ਬਹਿਲ)-ਸੂਫੀਆ ਚੌਕ ਵਿਚ ਸਥਿਤ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ ਬਹੁ-ਮੰਜ਼ਿਲਾ ਫੈਕਟਰੀ ਦੇ ਢਹਿਣ ਨਾਲ ਕਈ ਨਿਰਦੋਸ਼ ਅਤੇ ਕੀਮਤੀ ਜਾਨਾਂ ਜਾਣ ਕਾਰਨ ਪੂਰਾ ਮਹਾਨਗਰ ਸੋਗ ਵਿਚ ਡੁੱਬ ਗਿਆ ਹੈ। ਨਾਲ ਹੀ ਇਸ ਖੌਫਨਾਕ ਮੰਜ਼ਰ ਨੇ ਇਸ ਭਿਆਨਕ ਹਾਦਸੇ ਤੋਂ ਬਾਅਦ ਕਈ ਸਵਾਲੀਆ ਨਿਸ਼ਾਨ ਛੱਡ ਦਿੱਤੇ ਹਨ, ਜੋ ਅਣਸੁਲਝੀ ਬੁਝਾਰਤ ਬਣ ਕੇ ਰਹਿ ਗਏ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁਰਘਟਨਾ ਵਾਲੀ ਜਗ੍ਹਾ ਦਾ ਦੌਰਾ ਕਰ ਕੇ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਹਾਦਸੇ ਦੇ ਕਾਰਨਾਂ ਦੇ ਨਾਲ ਇਮਾਰਤ ਉਸਾਰੀਆਂ ਵਿਚ ਹੋਈਆਂ ਬੇਨਿਯਮੀਆਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇੰਡਸਟਰੀ ਡਿਪਾਰਟਮੈਂਟ ਦੇ ਅਧਿਕਾਰੀਆਂ ਮੁਤਾਬਕ ਇੰਡਸਟ੍ਰੀਅਲ ਏਰੀਆ-ਏ ਸਥਿਤ ਸੂਫੀਆ ਚੌਕ ਵਿਚ ਹਾਦਸਾਗ੍ਰਸਤ ਹੋਈ ਇਮਾਰਤ ਉਦਯੋਗਿਕ ਖੇਤਰ ਦੇ ਘੇਰੇ 'ਚ ਨਾ ਹੋ ਕੇ ਪ੍ਰਾਈਵੇਟ ਰਿਹਾਇਸ਼ੀ ਇਲਾਕੇ ਵਿਚ ਸਥਾਪਤ ਸੀ। ਇਹ ਪਲਾਸਟਿਕ ਨਿਰਮਾਤਾ ਫੈਕਟਰੀ ਡਾਇਰੈਕਟਰ ਫੈਕਟਰੀਜ਼, ਨਗਰ ਨਿਗਮ ਅਤੇ ਫਾਇਰ ਸੇਫਟੀ ਵਿਭਾਗ ਦੇ ਦਾਇਰੇ ਵਿਚ ਆਉਂਦੀ ਹੈ। ਇਸ ਲਈ ਜ਼ਿਲਾ ਉਦਯੋਗ ਵਿਭਾਗ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।
ਪਲਿਊਸ਼ਨ ਵਿਭਾਗ ਨੇ ਸਿਰਫ 2 ਯੂਨਿਟਾਂ ਨੂੰ ਜਾਰੀ ਕੀਤੀ ਹੈ ਨਾਨ-ਪਲਿਊਟਿੰਗ ਕੰਸੈਂਟ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਈ. ਅਤੇ ਜ਼ਿਲਾ ਮੁਖੀ ਪ੍ਰਦੀਪ ਗੁਪਤਾ ਦਾ ਕਹਿਣਾ ਹੈ ਕਿ ਵਿਭਾਗ ਦੇ ਰਿਕਾਰਡ ਮੁਤਾਬਕ ਨੁਕਸਾਨੀ ਗਈ ਬਹੁ-ਮੰਜ਼ਿਲਾ ਇਮਾਰਤ ਵਿਚ ਸਥਿਤ 2 ਪਲਾਸਟਿਕ ਬੈਗ ਯੂਨਿਟਾਂ ਅਮਰਸਨ ਅਤੇ ਸੰਨੀ ਪੋਲੀਮਰਸ ਨੂੰ ਨਾਨ-ਪੋਲਿਊਟਿੰਗ ਕੈਟਾਗਰੀ ਵਿਚ ਇਸੇ ਸਾਲ ਕੰਸੈਂਟ ਰੀਨਿਊ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਯੂਨਿਟਾਂ ਵਿਚ ਲਿਫਾਫੇ ਬਣਾਉਣ ਲਈ ਪਲਾਸਟਿਕ ਦਾਣੇ ਦੀ ਵਰਤੋਂ ਹੋਣ ਕਾਰਨ ਗ੍ਰੀਨ ਅਤੇ ਆਰੇਂਜ ਸ਼੍ਰੇਣੀ ਵਿਚ ਪ੍ਰਦੂਸ਼ਣ ਸਬੰਧੀ ਮਨਜ਼ੂਰੀ ਜਾਰੀ ਕੀਤੀ ਗਈ ਹੈ। ਹਾਦਸਾਗ੍ਰਸਤ ਇਮਾਰਤ ਵਿਚ ਕਿਸੇ ਕੈਮੀਕਲ ਦੀ ਵਰਤੋਂ ਬਾਰੇ ਪੁੱਛੇ ਸਵਾਲ 'ਤੇ ਪ੍ਰਦੀਪ ਗੁਪਤਾ ਨੇ ਸਪੱਸ਼ਟ ਕਿਹਾ ਕਿ ਕਿਸੇ ਵੀ ਇਲੀਗਲ ਕੈਮੀਕਲ ਦੀ ਮਨਜ਼ੂਰੀ ਸਾਡੇ ਵਿਭਾਗ ਨੇ ਨਹੀਂ ਦਿੱਤੀ ਤੇ ਫੈਕਟਰੀ ਦੇ ਸੁਰੱਖਿਆ ਮਾਪਦੰਡਾਂ ਨਾਲ ਸਬੰਧਤ ਜ਼ਿੰਮੇਵਾਰੀ ਡਾਇਰੈਕਟਰ ਆਫ ਫੈਕਟਰੀਜ਼ ਦੀ ਬਣਦੀ ਹੈ।


Related News