ਫੇਸਬੁੱਕ ''ਤੇ ਰਿਕਵੈਸਟ ਭੇਜ ਕੇ ਅਣਜਾਣ ਕੁੜੀ ''ਵਟਸਐਪ ਨੰਬਰ'' ਮੰਗੇ ਤਾਂ ਜ਼ਰਾ ਬਚ ਕੇ! ਪੜ੍ਹੋ ਇਹ ਪੂਰੀ ਖ਼ਬਰ

Wednesday, May 12, 2021 - 01:47 PM (IST)

ਲੁਧਿਆਣਾ (ਰਾਜ) : ਇਕ ਪਾਸੇ ਪੂਰਾ ਦੇਸ਼ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ ਅਤੇ ਲੋਕਾਂ 'ਚ ਕੋਹਰਾਮ ਮਚਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਇਕ ਸਾਈਬਰ ਠੱਗਾਂ ਦਾ ਗਿਰੋਹ ਟ੍ਰੈਂਡ ਬਦਲ ਕੇ ਭੋਲੇ-ਭਾਲੇ ਲੋਕਾਂ ਨੂੰ ਬਲੈਕਮੇਲ ਕਰ ਕੇ ਮੋਟੀ ਰਕਮ ਠੱਗ ਰਿਹਾ ਹੈ। ਇਸ ਗਿਰੋਹ ’ਚ ਕਈ ਕੁੜੀਆਂ ਅਤੇ ਮੁੰਡੇ ਸ਼ਾਮਲ ਹਨ। ਗਿਰੋਹ ਦੀ ਇਕ ਕੁੜੀ ਪਹਿਲਾਂ ਫੇਸਬੁੱਕ ’ਤੇ ਆਪਣਾ ਸ਼ਿਕਾਰ ਲੱਭਦੀ ਹੈ। ਫਿਰ ਉਸ ਨੂੰ ਫਰੈਂਡ ਰਿਕਵੈਸਟ ਭੇਜੀ ਜਾਂਦੀ ਹੈ। ਰਿਕਵੈਸਟ ਮਨਜ਼ੂਰ ਹੁੰਦੇ ਹੀ ਕੁੜੀ ਸਾਹਮਣੇ ਵਾਲੇ ਤੋਂ ਉਸ ਦਾ ਵਟਸਐਪ ਨੰਬਰ ਮੰਗਦੀ ਹੈ ਅਤੇ ਤੁਰੰਤ ਉਸ ਨੰਬਰ ’ਤੇ ਵੀਡੀਓ ਕਾਲ ਕਰਦੀ ਹੈ। ਭੋਲੇ-ਭਾਲੇ ਲੋਕ ਕੁੜੀ ਦੇ ਝਾਂਸੇ ਵਿਚ ਆ ਜਾਂਦੇ ਹਨ ਅਤੇ ਵੀਡੀਓ ਕਾਲ ਕਰ ਕੇ ਉਸ ਦੇ ਨਾਲ ਗੱਲ ਕਰਨ ਲੱਗਦੇ ਹਨ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਸਲੀ ਖੇਡ। ਵੀਡੀਓ ਕਾਲਿਗ ਦੌਰਾਨ ਕੁੜੀ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੰਦੀ ਹੈ ਅਤੇ ਉਹ ਇਸ ਵੀਡੀਓ ਕਾਲਿੰਗ ਦੀ ਰਿਕਾਰਡਿੰਗ ਵੀ ਕਰਦੀ ਹੈ ਅਤੇ ਸਾਹਮਣੇ ਵਾਲੇ ਨੂੰ ਵੀ ਨਿਰਵਸਤਰ ਹੋਣ ਲਈ ਮਜਬੂਰ ਕਰਦੀ ਹੈ। ਇਸ ਤੋਂ ਬਾਅਦ ਝਾਂਸੇ ’ਚ ਆਇਆ ਵਿਅਕਤੀ ਜੇਕਰ ਉਸ ਦੀਆਂ ਗੱਲਾਂ ’ਚ ਫਸ ਜਾਂਦਾ ਹੈ ਤਾਂ ਉਸ ਦੀ ਅਸ਼ਲੀਲ ਵੀਡੀਓ ਰਿਕਾਰਡ ਕਰ ਲਈ ਜਾਂਦੀ ਹੈ। ਇੰਨਾ ਹੀ ਨਹੀਂ, ਕਈ ਵਾਰ ਤਾਂ ਵੀਡੀਓ ਨੂੰ ਐਡਿਟ ਕਰ ਕੇ ਅਸ਼ਲੀਲ ਬਣਾ ਦਿੱਤਾ ਜਾਂਦਾ ਹੈ। ਫਿਰ ਉਸ ਵੀਡੀਓ ਨੂੰ ਸੋਸ਼ਲ ਸਾਈਟਾਂ ਅਤੇ ਉਸ ਦੇ ਦੋਸਤਾਂ/ਰਿਸ਼ਤੇਦਾਰਾਂ ਨੂੰ ਭੇਜਣ ਦਾ ਡਰ ਦਿਖਾ ਕੇ ਵਿਅਕਤੀ ਨੂੰ ਬਲੈਕਮੇਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਹਾਈਕਮਾਨ ਤੱਕ ਪੁੱਜਾ 'ਪੰਜਾਬ ਕਾਂਗਰਸ' ’ਚ ਬਗਾਵਤ ਦਾ ਸੇਕ, ਖ਼ੁਦ ਸੋਨੀਆ ਗਾਂਧੀ ਸੰਭਾਲੇਗੀ ਕਮਾਨ
ਕਈ ਭੋਲੇ-ਭਾਲੇ ਲੋਕ ਬਣ ਚੁੱਕੇ ਹਨ ਗਿਰੋਹ ਦਾ ਸ਼ਿਕਾਰ
ਇਸ ਗਿਰੋਹ ਨੇ ਕਈ ਲੋਕਾਂ ਨੂੰ ਆਪਣੀ ਸ਼ਿਕਾਰ ਬਣਾਇਆ ਹੈ। ਇਸੇ ਹੀ ਤਰ੍ਹਾਂ ਝਾਂਸੇ ’ਚ ਫਸ ਕੇ ਕਈ ਲੋਕ ਮੋਟੀ ਰਕਮ ਗੁਆ ਚੁੱਕੇ ਹਨ। ਕਈਆਂ ਨੇ ਤਾਂ ਪੁਲਸ ਦੇ ਸਾਈਬਰ ਸੈੱਲ ’ਚ ਇਸ ਦੀ ਸ਼ਿਕਾਇਤ ਦਿੱਤੀ ਪਰ ਕਈਆਂ ਨੇ ਸ਼ਰਮ ਦੇ ਮਾਰੇ ਇਸ ਦੀ ਪੁਲਸ ’ਚ ਸ਼ਿਕਾਇਤ ਵੀ ਨਹੀਂ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਬਰਖ਼ਾਸਤ ਕੀਤੇ 'NHM ਮੁਲਾਜ਼ਮਾਂ' ਲਈ ਵੱਡੀ ਖ਼ਬਰ, ਮਿਲਿਆ ਇਕ ਹੋਰ ਮੌਕਾ
ਇਹ ਸਾਹਮਣੇ ਆਏ ਕੇਸ
ਕੇਸ-1 : ਥਾਣਾ ਟਿੱਬਾ ਦੇ ਇਲਾਕੇ ਵਿਚ ਰਹਿਣ ਵਾਲਾ ਨੌਜਵਾਨ ਇਸ ਗਿਰੋਹ ਦਾ ਸ਼ਿਕਾਰ ਬਣ ਗਿਆ ਸੀ। ਗਿਰੋਹ ਨੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਲਈ ਧਮਕਾਇਆ ਸੀ। ਨੌਜਵਾਨ ਕੁੱਝ ਪੈਸੇ ਦੇ ਵੀ ਚੁੱਕਾ ਸੀ ਪਰ ਗਿਰੋਹ ਵੱਲੋਂ ਲਗਾਤਾਰ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਆਪਣੇ ਪਿਤਾ ਨੂੰ ਕੁੱਝ ਗੱਲ ਵੀ ਦੱਸੀ ਪਰ ਸ਼ਰਮ ਦੇ ਮਾਰੇ ਉਹ ਪੂਰੀ ਗੱਲ ਨਹੀਂ ਦੱਸ ਸਕਿਆ ਸੀ। ਆਖ਼ਰ ਉਸ ਨੇ 11 ਅਪ੍ਰੈਲ ਨੂੰ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਹਾਲਾਂਕਿ ਇਸ ਕੇਸ ਵਿਚ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਸੀ। ਲਿਹਾਜ਼ਾ ਪੁਲਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਸੀ।
ਕੇਸ-2 : ਇਸੇ ਹੀ ਤਰ੍ਹਾਂ ਸਿਵਲ ਲਾਈਨ ’ਚ ਰਹਿਣ ਵਾਲੇ ਇਕ ਨੌਜਵਾਨ ਨੂੰ ਪਹਿਲਾਂ ਫੇਸਬੁੱਕ ’ਤੇ ਕੁੜੀ ਦੀ ਰਿਕਵੈਸਟ ਆਈ ਸੀ, ਜਿਸ ਨੇ ਉਸ ਦਾ ਵਟਸਐਪ ਨੰਬਰ ਮੰਗਿਆ ਅਤੇ ਉਸ ਨੂੰ ਵੀਡੀਓ ਕਾਲ ਕੀਤੀ। ਫਿਰ ਖ਼ੁਦ ਨਿਰਵਸਤਰ ਹੋ ਕੇ ਉਸ ਵੀਡੀਓ ਨੂੰ ਰਿਕਾਰਡ ਕਰ ਲਿਆ ਅਤੇ ਉਸ ਤੋਂ ਪੈਸੇ ਦੀ ਮੰਗ ਕਰਨ ਲੱਗੇ ਪਰ ਸਮੇਂ ਸਿਰ ਨੌਜਵਾਨ ਨੇ ਸਾਈਬਰ ਸੈੱਲ ਦਾ ਸਹਾਰਾ ਲੈ ਲਿਆ ਅਤੇ ਉਹ ਗਿਰੋਹ ਦੀ ਠੱਗੀ ਦਾ ਸ਼ਿਕਾਰ ਹੋਣੋਂ ਬਚ ਗਿਆ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਬਦਲਿਆ 'ਸਰਕਾਰੀ ਸਕੂਲਾਂ' ਦਾ ਸਮਾਂ, ਜਾਰੀ ਹੋਏ ਇਹ ਨਿਰਦੇਸ਼
ਪੁਲਸ ਕਮਿਸ਼ਨਰ ਦੇ ਪੇਜ ’ਤੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਅਜਿਹੀਆਂ ਕਈ ਸ਼ਿਕਾਇਤਾਂ ਸਾਈਬਰ ਸੈੱਲ ਵਿਚ ਆ ਰਹੀਆਂ ਹਨ। ਇਸ ਲਈ ਸਮੇਂ-ਸਮੇਂ ’ਤੇ ਸਾਈਬਰ ਸੈੱਲ ਇੰਚਾਰਜ ਅਤੇ ਸਟਾਫ਼ ਵੱਲੋਂ ਜਾਣਕਾਰੀ ਦੇਣ ਸਬੰਧੀ ਵੀਡੀਓ ਬਣਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਅਜਿਹੇ ਠੱਗਾਂ ਤੋਂ ਸਾਵਧਾਨ ਹੋ ਜਾਣ ਅਤੇ ਬਲੈਕਮੇਲਿੰਗ ਦਾ ਸ਼ਿਕਾਰ ਨਾ ਹੋਣ।
ਅਣਜਾਣ ਨਾਲ ਆਪਣਾ ਵਟਸਐਪ ਨੰਬਰ ਅਤੇ ਪਰਸਨਲ ਡਾਟਾ ਸਾਂਝਾ ਨਾ ਕਰੋ
ਸਾਈਬਰ ਸੈੱਲ-2 ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਗਿਰੋਹ ਤੋਂ ਬਚਣ ਲਈ ਲੋਕਾਂ ਨੂੰ ਖ਼ੁਦ ਵੀ ਜਾਗਰੂਕ ਹੋਣਾ ਪਵੇਗਾ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਫੇਸਬੁੱਕ ’ਤੇ ਆਈ ਅਣਜਾਣ ਫਰੈਂਡ ਰਿਕਵੈਸਟ ਸਵੀਕਾਰ ਨਾ ਕਰਨ, ਭਾਵੇਂ ਉਹ ਕਿਸੇ ਮੁੰਡੇ ਦੀ ਹੋਵੇ ਜਾਂ ਕਿਸੇ ਕੁੜੀ ਦੀ। ਆਪਣੇ ਫੇਸਬੁੱਕ ਪ੍ਰੋਫਾਈਲ ਨੂੰ ਲਾਕ ਕਰ ਕੇ ਰੱਖਣ। ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣਾ ਵਟਸਐਪ ਨੰਬਰ ਅਤੇ ਪਰਸਨਲ ਡਾਟਾ ਵੀ ਸ਼ੇਅਰ ਨਾ ਕਰੋ। ਜੇਕਰ ਕੋਈ ਕਿਸੇ ਨੂੰ ਇਸ ਤਰ੍ਹਾਂ ਬਲੈਕਮੇਲ ਕਰ ਰਿਹਾ ਹੈ ਤਾਂ ਤੁਰੰਤ ਸਰਾਭਾ ਨਗਰ ਸਥਿਤ ਸਾਈਬਰ ਸੈੱਲ ਦੇ ਦਫ਼ਤਰ ਵਿਚ ਆ ਕੇ ਸ਼ਿਕਾਇਤ ਦਿਓ। ਇਸ ਤੋਂ ਇਲਾਵਾ ਗਿਰੋਹ ਨੂੰ ਫੜ੍ਹਨ ਲਈ ਟੀਮਾਂ ਕੰਮ ਕਰ ਰਹੀਆਂ ਹਨ। ਜਲਦ ਗਿਰੋਹ ਨੂੰ ਫੜ੍ਹ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News