ਫੇਸਬੁੱਕ ’ਤੇ ਕੀਤੀ ਦੋਸਤੀ, ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸੰਬੰਧ
Sunday, Jul 29, 2018 - 05:37 AM (IST)
ਜਲੰਧਰ, (ਕਮਲੇਸ਼)— ਅੰਮ੍ਰਿਤਸਰ ਦੇ ਵੇਰਕਾ ਪਿੰਡ ਦੀ ਰਹਿਣ ਵਾਲੀ ਸੁਮਨ ਮੁਤਾਬਕ ਉਸ ਦੇ ਪਤੀ ਨੇ ਸ਼ੁੱਕਰਵਾਰ ਨੂੰ ਆਪਣੇ ਦੋਸਤਾਂ ਨਾਲ ਮਿਲ ਕੇ ਪੀ. ਏ. ਪੀ. ਚੌਕ ’ਚ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਉਸ ਦਾ ਪਰਸ ਵੀ ਖੋਹ ਲਿਆ, ਜਿਸ ਵਿਚ 8000 ਰੁਪਏ, ਪਛਾਣ-ਪੱਤਰ ਅਤੇ ਸੋਨੇ ਦੀ ਮੁੰਦਰੀ ਸੀ। ਬਾਰਾਂਦਰੀ ਪੁਲਸ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ ਗਈ ਹੈ।
ਸੁਮਨ ਨੇ ਦੱਸਿਆ ਕਿ 2015 ’ਚ ਉਸ ਦੀ ਉੱਤਮ ਐਵੇਨਿਊ ’ਚ ਰਹਿਣ ਵਾਲੇ ਨੌਜਵਾਨ ਨਾਲ ਫੇਸਬੁੱਕ ’ਤੇ ਦੋਸਤੀ ਹੋਈ ਸੀ ਅਤੇ ਉਸ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਸਨ। ਜਦੋਂ ਉਹ ਵਿਆਹ ਤੋਂ ਮੁੱਕਰ ਗਿਆ ਤਾਂ ਉਸ ਨੇ ਕੋਰਟ ’ਚ ਕੇਸ ਕੀਤਾ। ਨੌਜਵਾਨ ਨੇ ਅਦਾਲਤ ਨੂੰ ਮੁਟਿਆਰ ਨਾਲ ਵਿਆਹ ਕਰਨ ਦੀ ਦਲੀਲ ਦਿੱਤੀ ਅਤੇ ਉਸ ਤੋਂ ਬਾਅਦ 2 ਅਪ੍ਰੈਲ 2016 ’ਚ ਉਨ੍ਹਾਂ ਦਾ ਵਿਆਹ ਹੋਇਆ। ਸੁਮਨ ਨੇ ਦੱਸਿਆ ਕਿ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਪਤੀ ਉਸ ਨਾਲ ਕੁੱਟਮਾਰ ਕਰਨ ਲੱਗਾ ਅਤੇ ਗੱਲ-ਗੱਲ ’ਚ ਉਸ ਨੂੰ ਇਹ ਕਹਿਣ ਲੱਗਾ ਕਿ ਉਨ੍ਹਾਂ ਦਾ ਕੋਈ ਵਿਆਹ ਨਹੀਂ ਹੋਇਆ ਹੈ, ਕਿਉਂਕਿ ਵਿਆਹ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ।
ਉਸ ਨੇ ਦੱਸਿਆ ਕਿ ਕੁੱਟਮਾਰ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਪਤੀ ਦਾ ਘਰ ਛੱਡ ਦਿੱਤਾ ਅਤੇ ਉਸ ਵਿਰੁੱਧ ਮਹਿਲਾ ਥਾਣੇ ’ਚ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਤੀ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ। ਸੁਮਨ ਨੇ ਦੱਸਿਆ ਕਿ ਉਸ ਦਾ ਪਤੀ 8 ਮਹੀਨਿਅਾਂ ਬਾਅਦ ਜੇਲ ਤੋਂ ਜ਼ਮਾਨਤ ’ਤੇ ਆ ਗਿਆ ਅਤੇ ਮੁੜ ਉਸ ਨੂੰ ਆਪਣੇ ਘਰ ਆਉਣ ਲਈ ਕਹਿਣ ਲੱਗਾ, ਜਿਸ ’ਤੇ ਉਸ ਨੇ ਨੌਜਵਾਨ ਨੂੰ ਪਹਿਲਾਂ ਵਿਆਹ ਰਜਿਸਟਰ ਕਰਾਉਣ ਲਈ ਕਿਹਾ ਅਤੇ ਇਸੇ ਕਾਰਨ ਉਸ ਦੇ ਪਤੀ ਨੇ ਸ਼ੁੱਕਰਵਾਰ ਨੂੰ ਪੀ. ਏ. ਪੀ. ਚੌਕ ’ਚ ਉਸ ਨਾਲ ਕੁੱਟਮਾਰ ਕੀਤੀ। ਸੁਮਨ ਨੇ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ ਹੈ।
