ਕੋਲੇ ਦੇ ਭਾਅ ’ਚ ਭਾਰੀ ਵਾਧਾ ਹੋਣ ਕਾਰਨ ਭੱਠਾ ਮਾਲਕ ਐਸੋਸੀਏਸ਼ਨ ਨੇ ਚਿੰਤਾ ਜਤਾਈ

Friday, Sep 10, 2021 - 01:54 AM (IST)

ਕੋਲੇ ਦੇ ਭਾਅ ’ਚ ਭਾਰੀ ਵਾਧਾ ਹੋਣ ਕਾਰਨ ਭੱਠਾ ਮਾਲਕ ਐਸੋਸੀਏਸ਼ਨ ਨੇ ਚਿੰਤਾ ਜਤਾਈ

ਰੂਪਨਗਰ(ਵਿਜੇ ਸ਼ਰਮਾ,ਵਰੁਣ)- ਭੱਠਾ ਐਸੋਸੀਏਸ਼ਨ ਰੂਪਨਗਰ ਦੀ ਮੀਟਿੰਗ ਸਥਾਨਕ ਪ੍ਰੈਸ ਕਲੱਬ ’ਚ ਹੋਈ। ਜਿਸ ’ਚ ਭੱਠਾ ਮਾਲਕਾਂ ਨੇ ਕੋਲੇ ਦਾ ਭਾਅ ਕਾਫੀ ਵਧ ਜਾਣ ਤੇ ਚਿੰਤਾ ਜਤਾਈ। ਐਸੋਸੀਏਸ਼ਨ ਪ੍ਰਧਾਨ ਅਮਰਜੀਤ ਸਿੰਘ ਸੈਣੀ ਅਤੇ ਹੋਰਾਂ ਨੇ ਦੱਸਿਆ ਕਿ ਇਸ ਸਮੇਂ ਕੋਲੇ ਦੀ ਕੀਮਤ ਬਹੁਤ ਜਿਆਦਾ ਵਧ ਗਈ ਤੇ ਕੋਲੇ ਦਾ ਕੰਮ ਵੱਡੇ ਵੱਡੇ ਕਾਰਪੋਰੇਟ ਸੈਕਟਰਾਂ ਦੇ ਹੱਥ ’ਚ ਚਲਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਗੁਜਰਾਤ ਬੰਦਰਗਾਹ ’ਤੇ ਕੋਲਾ 7000 ਰੁ. ਤੋਂ 7500 ਰੁ. ਪ੍ਰਤੀ ਟਨ ਦੇ ਹਿਸਾਬ ਨਾਲ ਮਿਲਦਾ ਸੀ ਇਸ ਸਾਲ ਇਸਦਾ ਰੇਟ 14000 ਤੋਂ 15000 ਰੁ. ਪ੍ਰਤੀ ਟਨ ਹੋ ਗਿਆ ਹੈ। ਬੰਦਰਗਾਹ ਤੇ ਕੋਲੇ ਦੇ ਵੱਡੇ ਵੱਡੇ ਸਟਾਕ ਪਏ ਹਨ ਪਰੰਤੂ ਭੱਠੇ ਵਾਲਿਆਂ ਨੂੰ ਆਪਣੀ ਮਨ ਮਰਜੀ ਦੇ ਹਿਸਾਬ ਨਾਲ ਰੇਟ ਵਧਾ ਕੇ ਵੇਚਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕੱਲ ਸ਼ਾਮ ਤੱਕ ਕੋਲੇ ਦਾ ਰੇਟ 15000 ਰੁ. ਪ੍ਰਤੀ ਟਨ ਸੀ ਤੇ ਅੱਜ ਸਵੇਰੇ ਕੋਲੇ ਵਾਲਿਆਂ ਨੇ ਕੋਲੇ ਦਾ ਰੇਟ ਵਧਾ ਕੇ 16,200 ਰੁ. ਪ੍ਰਤੀ ਟਨ ਕਰ ਦਿੱਤਾ। ਉਨਾਂ ਕਿਹਾ ਕਿ ਮਹਿੰਗੇ ਰੇਟ ਦੇ ਕੋਲੇ ਨਾਲ ਪਹਿਲਾਂ ਤਾਂ ਭੱਠੇ ਵਾਲੇ ਭੱਠਾ ਨਹੀ ਚਲਾ ਸਕਣਗੇ ਤੇ ਜੇਕਰ ਕੋਈ ਭੱਠਾ ਚਲਾਉਦਾ ਵੀ ਹੈ ਤਾਂ ਇੱਟਾਂ ਦੇ ਰੇਟ 5000 ਰੁ. ਪ੍ਰਤੀ ਹਜਾਰ ਤੋ ਵਧ ਕੇ 6000 ਰੁ. ਪ੍ਰਤੀ ਹਜਾਰ ਹੋ ਜਾਵੇਗਾ ਜਿਸ ਨਾਲ ਸਮਾਜ ਦੇ ਹਰ ਵਿਅਕਤੀ ਤੇ ਬੋਝ ਪਵੇਗਾ। ਭੱਠਾ ਸੰਚਾਲਕਾਂ ਨੇ ਮੰਗ ਕੀਤੀ ਕਿ ਜਿਹਡ਼ਾ ਕੋਲਾ ਅਮਰੀਕਾ, ਇੰਡੋਨੇਸ਼ੀਆ ਤੋ ਆਉਦਾ ਹੈ ਉਸਨੂੰ ਕਾਰਪੋਰੇਟ ਸੈਕਟਰ ਤੋ ਹਟਾ ਕੇ ਸਰਕਾਰ ਖੁਦ ਕੋਲਾ ਮੰਗਵਾਏ ਅਤੇ ਸਹੀ ਰੇਟ ਤੇ ਭੱਠੇ ਵਾਲਿਆਂ ਅਤੇ ਇੰਡਸਟਰੀ ਨੂੰ ਮਿਲ ਸਕੇ। ਜਦੋ ਕਿ ਲੋਕਾਂ ਨੂੰ ਵਾਜਬ ਭਾਅ ਤੇ ਇੱਟਾਂ ਅਤੇ ਲੋਹਾ ਵੀ ਮਿਲ ਸਕੇ। ਇਸ ਮੌਕੇ ਅਮਰਜੀਤ ਸਿੰਘ ਸੈਣੀ, ਇੰਦਰਜੀਤ ਸਿੰਘ, ਜੱਗੀ, ਲਲਿਤ ਗੋਇਲ, ਕਪਿਲ ਸ਼ਰਮਾ, ਹੇਮੰਤ ਕਪਿਲਾ, ਪਰਿਥੀ ਸਿੰਘ, ਗੌਤਮ ਸਿੰਘ ਆਦਿ ਹਾਜਰ ਸਨ।


author

Bharat Thapa

Content Editor

Related News