ਖ਼ਤਰਨਾਕ ਨੇਪਾਲੀ ਲੁਟੇਰਿਆਂ ਦੇ ਗਿਰੋਹ ਦਾ ਪਰਦਾਫਾਸ਼, ਲੱਖਾਂ ਦੀ ਨਕਦੀ ਸਣੇ ਇਹ ਕੁਝ ਹੋਇਆ ਬਰਾਮਦ

Saturday, Jul 01, 2023 - 01:31 AM (IST)

ਖ਼ਤਰਨਾਕ ਨੇਪਾਲੀ ਲੁਟੇਰਿਆਂ ਦੇ ਗਿਰੋਹ ਦਾ ਪਰਦਾਫਾਸ਼, ਲੱਖਾਂ ਦੀ ਨਕਦੀ ਸਣੇ ਇਹ ਕੁਝ ਹੋਇਆ ਬਰਾਮਦ

ਫਗਵਾੜਾ (ਜਲੋਟਾ)-ਫਗਵਾੜਾ ’ਚ ਬੀਤੇ ਕਈ ਦਿਨਾਂ ਤੋਂ ਲੋਕਾਂ ’ਚ ਭਾਰੀ ਚਰਚਾ ਦਾ ਵਿਸ਼ਾ ਬਣੇ ਹੋਏ ਨਾਮੀ ਕਾਰੋਬਾਰੀ ਅਜੀਤ ਸਿੰਘ ਵਾਲੀਆ ਦੇ ਘਰ ਹੋਈ ਲੁੱਟ-ਖੋਹ ਦੇ ਮਾਮਲੇ ਸਬੰਧੀ ਫਗਵਾੜਾ ਪੁਲਸ ਨੇ ਖ਼ਤਰਨਾਕ ਨੇਪਾਲੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰ ਕਈ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। 
ਸਥਾਨਕ ਨਗਰ ਨਿਗਮ ਦੇ ਹਾਲ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੇ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਨੇ ਐੱਸ. ਪੀ. ਫਗਵਾੜਾ ਗੁਰਪ੍ਰੀਤ ਸਿੰਘ ਗਿੱਲ, ਡੀ. ਐੱਸ. ਪੀ. ਜਸਪ੍ਰੀਤ ਸਿੰਘ ਅਤੇ ਐੱਸ. ਐੱਚ. ਓ. ਫਗਵਾੜਾ ਅਮਨਦੀਪ ਨਾਹਰ ਸਮੇਤ ਹੋਰ ਪੁਲਸ ਅਧਿਕਾਰੀਆਂ ਦੀ ਮੌਜੂਦਗੀ ’ਚ ਕਿਹਾ ਕਿ ਪੁਲਸ ਨੇ ਤਿੰਨ ਨੇਪਾਲੀ ਲੁਟੇਰਿਆਂ, ਜਿਨ੍ਹਾਂ ਦੀ ਪਛਾਣ ਸੁਖਬੀਰ ਸੁਨਾਰ ਪੁੱਤਰ ਲਾਲ ਬਹਾਦਰ ਸੁਨਾਰ ਵਾਸੀ ਲੇਖ ਗਾਊ ਨੇਪਾਲ, ਵਿਨੋਦ ਕਮਲ ਸ਼ਾਹੀ ਪੁੱਤਰ ਕਾਲੀ ਸ਼ਾਹੀ ਵਾਸੀ ਉੱਤਰ ਗੰਗਾ ਵਾਰਡ ਨੰਬਰ 3 ਬਗੇਸ਼ਵਰ, ਜ਼ਿਲ੍ਹਾ ਸੁਰਖੇਤ ਨੇਪਾਲ ਅਤੇ ਜਗਤ ਬਹਾਦਰ ਸ਼ਾਹੀ ਪੁੱਤਰ ਬੀਰ ਬਹਾਦਰ ਸ਼ਾਹੀ ਵਾਸੀ ਵਾਰਡ ਨੰਬਰ 9 ਟਿੱਕਾਪੁਰ, ਜ਼ਿਲ੍ਹਾ ਕੈਲਾਲੀ ਨੇਪਾਲ ਨੂੰ ਨੇਪਾਲ ਬਾਰਡਰ ਗੋਰੀ ਫੰਟਾ ਜ਼ਿਲ੍ਹਾ ਖੀਰੀ, ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਾਰੋਬਾਰੀ ਅਜੀਤ ਸਿੰਘ ਵਾਲੀਆ ਦੇ ਘਰੋਂ ਲੁੱਟੀ ਗਈ 6,10,000 ਰੁਪਏ ਦੀ ਭਾਰਤੀ ਕਰੰਸੀ, ਇਕ ਲਾਇਸੰਸੀ ਰਿਵਾਲਵਰ (.32 ਬੋਰ) ਸਮੇਤ ਨੇਪਾਲੀ ਕਰੰਸੀ 675 ਰੁਪਏ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਹਨ। 

ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨੌਜਵਾਨ ਨੇ ਖ਼ੁਦ ਨੂੰ ਦੱਸਿਆ ਹਰਿਆਣਾ ਦਾ ਬਦਮਾਸ਼

ਐੱਸ. ਪੀ. ਫਗਵਾੜਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਰਾਜੂ ਨੇਪਾਲੀ ਆਪਣੇ ਨਜ਼ਦੀਕੀ ਰਿਸ਼ਤੇਦਾਰ ਸੁਖਬੀਰ ਸੁਨਾਰ ਨਾਲ ਮਿਲ ਕੇ ਕਾਰੋਬਾਰੀ ਅਜੀਤ ਸਿੰਘ ਵਾਲੀਆ ਦੇ ਘਰ ਹੋਈ ਲੁੱਟ ਦੀ ਯੋਜਨਾ ਬਣਾਉਣ ’ਚ ਪੂਰੀ ਤਰ੍ਹਾਂ ਸ਼ਾਮਲ ਸੀ। ਐੱਸ. ਐੱਸ. ਪੀ. ਸੰਧੂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨੇਪਾਲੀ ਲੁਟੇਰਾ ਗਿਰੋਹ ਵਿਚ 8 ਮੈਂਬਰ ਹਨ, ਤਿੰਨ ਮੁਲਜ਼ਮ ਲੁਟੇਰਿਆਂ ਨੂੰ ਫਗਵਾੜਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਦਕਿ 4 ਮੁਲਜ਼ਮਾਂ ਦੀ ਪਛਾਣ ਰਾਜੂ ਨੇਪਾਲੀ ਵਾਸੀ ਨੇਪਾਲ (ਮਾਸਟਰਮਾਈਂਡ), ਵਰਿੰਦਰ ਵਾਸੀ ਨੇਪਾਲ, ਅਪਿੰਦਰ ਸ਼ਾਹੀ ਵਾਸੀ ਨੇਪਾਲ, ਤਿਲਕ ਰਾਜ ਚੌਧਰੀ ਵਾਸੀ ਨੇਪਾਲ ਵਜੋਂ ਹੋਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

PunjabKesari

ਫਗਵਾੜਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਸੁਖਬੀਰ ਸੁਨਾਰ, ਵਿਨੋਦ ਕਮਲ ਸ਼ਾਹੀ ਅਤੇ ਜਗਤ ਬਹਾਦਰ ਸ਼ਾਹੀ ਨੂੰ ਅਦਾਲਤ ਵਿਚ ਪੇਸ਼ ਕਰਕੇ 7 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਇਸ ਦੌਰਾਨ ਮੁਲਜ਼ਮਾਂ ਤੋਂ ਬਹੁਤ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਨੇ ਕਾਰੋਬਾਰੀ ਅਜੀਤ ਸਿੰਘ ਵਾਲੀਆ ਦੇ ਘਰ ਹੋਈ ਲੁੱਟ ਦੀ ਯੋਜਨਾ ਕਿਵੇਂ ਬਣਾਈ ਸੀ। ਖ਼ਬਰ ਲਿਖੇ ਜਾਣ ਤੱਕ ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਪੁਲਸ ਦੀ ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਪੱਖ ਦੀ ਇਕ ਮਹਿਲਾ ਨਿਗਮ ਦੇ ਹਾਲ ’ਚ ਪੁੱਜੀ

ਪੁਲਸ ਦੀ ਚੱਲ ਰਹੀ ਪ੍ਰੈੱਸ ਕਾਨਫ਼ਰੰਸ ਦੌਰਾਨ ਵਾਪਰੇ ਬੇਹੱਦ ਅਹਿਮ ਘਟਨਾਕ੍ਰਮ ਦੌਰਾਨ ਪੀੜਤ ਪੱਖ ਦੀ ਇਕ ਮਹਿਲਾ ਪੱਤਰਕਾਰਾਂ ਦੀ ਹਾਜ਼ਰੀ ਵਿਚ ਹਾਲ ਵਿਚ ਪੁੱਜੀ। ਇਸ ਤੋਂ ਬਾਅਦ ਉਨ੍ਹਾਂ ਨੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਤੇ ਆਪਣੇ ਘਰ ’ਚ ਹੋਈ ਲੁੱਟ ਬਾਰੇ ਅਹਿਮ ਖੁਲਾਸੇ ਸਭ ਨੂੰ ਖੁੱਲ੍ਹ ਕੇ ਦੱਸੇ।

PunjabKesari

ਕਾਰੋਬਾਰੀ ਅਜੀਤ ਵਾਲੀਆ ਦੇ ਘਰੋਂ ਕਰੋੜਾਂ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ ਜਾਂ ਨਹੀਂ, ਇਸ ਬਾਰੇ ਪੁਲਸ ਨੂੰ ਨਹੀਂ ਪਤਾ?

ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਫਗਵਾੜਾ ਗੁਰਪ੍ਰੀਤ ਸਿੰਘ ਗਿੱਲ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕਾਰੋਬਾਰੀ ਅਜੀਤ ਸਿੰਘ ਵਾਲੀਆ ਦੇ ਘਰੋਂ ਕਿਹੜਾ ਸਾਮਾਨ ਤੇ ਕਿੰਨਾ ਕੈਸ਼ ਚੋਰੀ ਹੋਇਆ ਹੈ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੂੰ ਅਜੇ ਤੱਕ ਆਨ ਰਿਕਾਰਡ ਇਹ ਪਤਾ ਨਹੀਂ ਹੈ ਕਿ ਅਜੀਤ ਸਿੰਘ ਵਾਲੀਆ ਦੇ ਘਰੋਂ ਲੁਟੇਰਾ ਗਿਰੋਹ ਨੇ ਕਿੰਨਾ ਕੈਸ਼ ਅਤੇ ਕਿਹੜਾ ਕੀਮਤੀ ਸਾਮਾਨ, ਜਿਸ ’ਚ ਸੋਨੇ ਅਤੇ ਹੀਰੇ ਜੜੇ ਬੇਸ਼ਕੀਮਤੀ ਗਹਿਣੇ ਆਦਿ ਸ਼ਾਮਲ ਹਨ, ਦੀ ਲੁੱਟ ਕੀਤੀ ਹੈ। ਜਦੋਂ ਪੁਲਸ ਅਧਿਕਾਰੀਆਂ ਤੋਂ ਪੀੜਤ ਪੱਖ ਵੱਲੋਂ ਉਨ੍ਹਾਂ ਦੇ ਘਰ ’ਚ ਹੋਈ ਲੁੱਟ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਉਨ੍ਹਾਂ ਦੀਆਂ ਕਹੀਆਂ ਜਾ ਰਹੀਆਂ ਗੱਲਾਂ ਅਤੇ ਕੀਤੇ ਜਾ ਰਹੇ ਉਸ ਸਨਸਨੀਖੇਜ਼ ਖ਼ੁਲਾਸਿਆਂ ਬਾਰੇ, ਜਿਸ ’ਚ ਉਹ ਖੁਦ ਸ਼ਰੇਆਮ ਕਹਿ ਰਹੇ ਹਨ ਕਿ ਲੁਟੇਰਿਆਂ ਨੇ ਉਨ੍ਹਾਂ ਦੇ ਘਰੋਂ ਤਕਰੀਬਨ 80 ਲੱਖ ਰੁਪਏ ਦੇ ਕਰੀਬ ਕੈਸ਼ ਸਮੇਤ ਸੋਨੇ ਅਤੇ ਹੀਰੇ ਜੜੇ ਗਹਿਣੇ, ਜਿਸ ਦੀ ਕੀਮਤ ਇਕ ਕਰੋੜ ਵੀਹ ਲੱਖ ਤੋਂ ਵੱਧ ਹੈ, ਦੀ ਲੁੱਟ ਕੀਤੀ ਹੈ, ਇਸ ਲਈ ਹੋਰ ਕੀ ਕਹਿਣਾ-ਸੁਣਨਾ ਬਾਕੀ ਰਹਿ ਗਿਆ ਹੈ? ਫਗਵਾੜਾ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਸਰਕਾਰੀ ਪੱਧਰ ’ਤੇ ਪੀੜਤ ਪੱਖ ਵੱਲੋਂ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਦਰਜ ਕੀਤੀ ਗਈ ਪੁਲਸ ਐੱਫ. ਆਈ. ਆਰ. ’ਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਰਿਮਾਂਡ ਦੌਰਾਨ ਮੁਲਜ਼ਮ ਨੇਪਾਲੀ ਲੁਟੇਰਾ ਗਿਰੋਹ ਦੇ ਮੁਲਜ਼ਮਾਂ ਤੋਂ ਪੁਲਸ ਸਖਤੀ ਨਾਲ ਪੁੱਛਗਿੱਛ ਕਰੇਗੀ, ਜਿਸ ਤੋਂ ਬਾਅਦ ਸਾਰੇ ਤੱਥ ਸਾਹਮਣੇ ਆ ਜਾਣਗੇ ਕਿ ਅਸਲ ਵਿਚ ਕਿੰਨੇ ਲੱਖ ਰੁਪਏ ਦੀ ਲੁੱਟ ਹੋਈ ਹੈ ਅਤੇ ਕਿੰਨੇ ਲੱਖ ਦੀ ਕੀਮਤ ਦੇ ਸੋਨੇ ਅਤੇ ਹੀਰਿਆਂ ਨਾਲ ਜੜੇ ਗਹਿਣੇ ਲੁੱਟੇ ਗਏ ਸਨ। ਉਨ੍ਹਾਂ ਸਾਫ਼ ਕੀਤਾ ਕਿ ਪੁਲਸ ਜਾਂਚ ਪੂਰੀ ਹੋਣ ਤਕ ਕੁਝ ਵੀ ਕਹਿਣਾ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਧਰ ਪੀੜਤ ਪੱਖ ਦਾ ਦਾਅਵਾ ਹੈ ਕਿ ਸਾਰੀ ਜਾਣਕਾਰੀ ਪੁਲਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ ਤੇ ਕਿਸੇ ਵੀ ਪੱਧਰ ’ਤੇ ਕੋਈ ਵੀ ਤੱਥ ਲੁਕੋ ਕੇ ਨਹੀਂ ਰੱਖਿਆ ਗਿਆ ਹੈ।

‘ਮਾਸਟਰਮਾਈਂਡ ਰਾਜੂ ਥਾਪਾ ਪਹਿਲਾਂ ਵੀ ਗੰਭੀਰ ਅਪਰਾਧਿਕ ਘਟਨਾਵਾਂ ’ਚ ਰਿਹੈ ਸ਼ਾਮਲ’

ਐੱਸ. ਪੀ. ਗਿੱਲ ਨੇ ਦੱਸਿਆ ਕਿ ਲੁੱਟ-ਖੋਹ ਦੇ ਮਾਮਲੇ ਦਾ ਮਾਸਟਰਮਾਈਂਡ ਰਾਜੂ ਥਾਪਾ ਨੇਪਾਲੀ ਪਹਿਲਾਂ ਵੀ ਗੰਭੀਰ ਅਪਰਾਧਿਕ ਘਟਨਾਵਾਂ ਵਿਚ ਸ਼ਾਮਿਲ ਰਿਹਾ ਹੈ। ਉਸ ਨੇ ਚੰਡੀਗੜ੍ਹ ਅਤੇ ਦਿੱਲੀ ਵਿਚ ਧੋਖਾਦੇਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜੂ ਥਾਪਾ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਇਹ ਪਤਾ ਲੱਗ ਸਕੇਗਾ ਕਿ ਉਸ ਨੇ ਕਿੰਨੀਆਂ ਹੋਰ ਥਾਵਾਂ 'ਤੇ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਐੱਸ. ਪੀ. ਗਿੱਲ ਨੇ ਦੱਸਿਆ ਕਿ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਦੋਸ਼ੀ ਨੇਪਾਲੀ ਲੁਟੇਰਿਆਂ ਨੇ ਕਾਰੋਬਾਰੀ ਅਜੀਤ ਸਿੰਘ ਵਾਲੀਆ ਦੇ ਪਰਿਵਾਰ ਨੂੰ ਦਾਲ ਵਿਚ ਮਿਲਾ ਕੇ ਬੇਹੋਸ਼ ਕਰਨ ਵਾਲੀ ਜ਼ਹਿਰੀਲੀ ਦਵਾਈ ਕਿੱਥੋਂ ਖ਼ਰੀਦੀ ਸੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਕੈਟਾਗਰੀ ਤਹਿਤ ਉਕਤ ਦਵਾਈ ਨੂੰ ਨੇਪਾਲੀ ਲੁਟੇਰਾ ਗਿਰੋਹ ਨੂੰ ਵੇਚਣ ਵਾਲੇ ਕਿਸੇ ਵੀ ਵਿਅਕਤੀ ਜਾਂ ਦੁਕਾਨਦਾਰ ਨੂੰ ਪੁਲਸ ਕੇਸ ’ਚ ਮੁਲਜ਼ਮ ਨਾਮਜਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।

ਮਾਮਲਾ ਅਜੇ ਵੀ ਡੂੰਘੀ ਬੁਝਾਰਤ ਬਣਿਆ ਹੋਇਆ

ਫਗਵਾੜਾ ਵਿਚ ਕਾਰੋਬਾਰੀ ਅਜੀਤ ਸਿੰਘ ਵਾਲੀਆ ਦੇ ਘਰ ਹੋਈ ਲੁੱਟ ਸਬੰਧੀ ਪੁਲਸ ਵੱਲੋਂ ਕੀਤੀ ਗਈ ਅੱਜ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਵੀ ਇਹ ਸਾਰਾ ਮਾਮਲਾ ਅਜੇ ਵੀ ਡੂੰਘੀ ਬੁਝਾਰਤ ਹੀ ਬਣਿਆ ਹੋਇਆ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਲੁੱਟ ਦਾ ਸ਼ਿਕਾਰ ਹੋਏ ਵਾਲੀਆ ਪਰਿਵਾਰ ਦੇ ਮੈਂਬਰ ਸੋਸ਼ਲ ਮੀਡੀਆ ’ਤੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਘਰੋਂ ਤਕਰੀਬਨ 80 ਲੱਖ ਦੀ ਨਕਦੀ ਅਤੇ ਕੀਮਤੀ ਗਹਿਣੇ, ਜਿਨ੍ਹਾਂ ਦੀ ਕੀਮਤ ਇਕ ਕਰੋੜ ਵੀਹ ਲੱਖ ਤੋਂ ਵੱਧ ਹੈ, ਲੁੱਟੇ ਗਏ ਹਨ, ਜਦਕਿ ਪੁਲਸ ਇਸ ਮਾਮਲੇ ’ਤੇ ਹਾਲ ਫਿਲਹਾਲ ਪੂਰੀ ਤਰ੍ਹਾਂ ਚੁੱਪ ਵੱਟੇ ਹੋਏ ਸਿਰਫ ਇਹ ਦਾਅਵਾ ਕਰ ਰਹੀ ਹੈ ਕਿ ਹੁਣ ਤੱਕ ਪੁਲਸ ਨੇ ਲੁਟੇਰਿਆਂ ਕੋਲੋਂ 6,10,000 ਰੁਪਏ ਭਾਰਤੀ ਕਰੰਸੀ ਅਤੇ 675 ਰੁਪਏ ਨੇਪਾਲੀ ਕਰੰਸੀ ਸਮੇਤ ਲਾਇਸੈਂਸੀ ਰਿਵਾਲਵਰ ਅਤੇ 4 ਮੋਬਾਇਲ ਫੋਨ ਹੀ ਬਰਾਮਦ ਕੀਤੇ ਹਨ। ਇਸ ਤੋਂ ਵੱਡਾ ਸਵਾਲ ਇਹ ਹੈ ਕਿ ਪੁਲਸ ਰਿਕਾਰਡ 'ਤੇ ਕਹਿ ਰਹੀ ਹੈ ਕਿ ਪੀੜਤ ਪੱਖ ਨੇ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੇ ਘਰ ’ਚੋਂ ਇੰਨੀ ਵੱਡੀ ਮਾਤਰਾ 'ਚ ਨਕਦੀ ਅਤੇ ਕਰੋੜਾਂ ਰੁਪਏ ਦੇ ਸੋਨੇ ਅਤੇ ਹੀਰੇ ਜੜੇ ਗਹਿਣੇ ਲੁੱਟੇ ਗਏ ਹਨ? ਅਜਿਹੇ ’ਚ ਜਦੋਂ ਪੁਲਸ ਆਉਣ ਵਾਲੇ ਦਿਨਾਂ ’ਚ ਨੇਪਾਲੀ ਲੁਟੇਰਾ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰੇਗੀ ਤਾਂ ਇਹ ਕਿਵੇਂ ਸਾਬਤ ਹੋਵੇਗਾ ਕਿ ਘਰ ’ਚੋਂ ਲੁੱਟੇ ਗਏ ਪੈਸੇ ਅਤੇ ਗਹਿਣੇ ਕਿੰਨੇ ਸਨ? ਹਾਲਾਂਕਿ, ਪੁਲਸ ਅਧਿਕਾਰੀ ਇਹ ਵੀ ਨਾਲ ਹੀ ਦਾਅਵੇ ਕਰ ਰਹੇ ਹਨ ਕਿ ਪੁਲਸ ਰਿਮਾਂਡ ਦੌਰਾਨ ਮੁਲਜ਼ਮ ਲੁਟੇਰਿਆਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਇਹ ਸਾਰੇ ਤੱਥ ਆਪਣੇ ਆਪ ਸਪੱਸ਼ਟ ਹੋ ਜਾਣਗੇ ਪਰ ਹਾਲ ਫਿਲਹਾਲ ਅਜਿਹੇ 'ਚ ਇਹ ਪੂਰਾ ਮਾਮਲਾ ਅਜੇ ਵੀ ਵੱਡੀ ਬੁਝਾਰਤ ਬਣਿਆ ਹੋਇਆ ਹੈ। 


 


author

Manoj

Content Editor

Related News