ਪਾਸਪੋਰਟ ਸਬੰਧੀ ਜਾਅਲੀ ਵੈੱਬਸਾਈਟ ਬਣਾਉਣ ਵਾਲੇ ਬੇਨਕਾਬ

Thursday, Jan 24, 2019 - 10:44 PM (IST)

ਪਾਸਪੋਰਟ ਸਬੰਧੀ ਜਾਅਲੀ ਵੈੱਬਸਾਈਟ ਬਣਾਉਣ ਵਾਲੇ ਬੇਨਕਾਬ

ਅੰਮ੍ਰਿਤਸਰ (ਸੰਜੀਵ)-ਇੰਟਰਨੈੱਟ ’ਤੇ ਪਾਸਪੋਰਟ ਬਣਾਉਣ ਦੀ ਜਾਅਲੀ ਵੈੱਬਸਾਈਟ ਤਿਆਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਵੈੱਬਸਾਈਟ ਦਾ ਪਰਦਾਫਾਸ਼ ਹੋਇਆ ਹੈ। ਇਸ ਵੈੱਬਸਾਈਟ ਜ਼ਰੀਏ ਪਾਸਪੋਰਟ ਦੀਆਂ ਅਰਜ਼ੀਆਂ ਦੇਣ ਵਾਲਿਆਂ ਤੋਂ ਫਰਜ਼ੀ ਖਾਤਿਆਂ ’ਚ ਪੈਸੇ ਠੱਗ ਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਉਪਲਬਧ ਨਹੀਂ ਕਰਵਾਈ ਜਾ ਰਹੀ ਸੀ, ਜਿਸ ਸਬੰਧੀ ਵਿਦੇਸ਼ ਮੰਤਰਾਲਾ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦਾ ਸਖਤ ਨੋਟਿਸ ਲਿਆ ਗਿਆ ਤੇ ਵੈੱਬਸਾਈਟ ’ਤੇ ਹੁਣ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੰਮ੍ਰਿਤਸਰ ਪਾਸਪੋਰਟ ਅਧਿਕਾਰੀ ਮੁਨੀਸ਼ ਕਪੂਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਿਨੇਕਾਰਾਂ ਵੱਲੋਂ ਪਾਸਪੋਰਟ ਸਬੰਧੀ ਅਰਜ਼ੀਆਂ ਲੈਣ ਲਈ ਫਰਜ਼ੀ ਖਾਤਿਆਂ ਵਿਚ ਰਾਸ਼ੀ ਜਮ੍ਹਾ ਕਰਵਾਈ ਜਾਂਦੀ ਸੀ ਪਰ ਵੈੱਬਸਾਈਟ ਵੱਲੋਂ ਕਿਸੇ ਵੀ ਅਰਜ਼ੀ ਨਾਲ ਅਪੁਆਇੰਟਮੈਂਟ ਨਹੀਂ ਮਿਲਦੀ ਸੀ।

ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਸ਼ਾਤਿਰ ਅਪਰਾਧੀ ਇਕ ਜਾਅਲੀ ਵੈੱਬਸਾਈਟ ਚਲਾ ਰਹੇ ਹਨ, ਜਦੋਂ ਕਿ ਪਾਸਪੋਰਟ ਦਫ਼ਤਰ ਵੱਲੋਂ ਰਾਸ਼ਟਰੀ ਪੱਧਰ ’ਤੇ ਸਿਰਫ ਇਕ ਹੀ ਵੈੱਬਸਾਈਟ ਬਣਾਈ ਗਈ ਹੈ। ਬਿਨੇਕਾਰਾਂ ਨੂੰ ਸਰਕਾਰ ਵੱਲੋਂ ਇਸ ਸਾਈਟ ’ਤੇ ਸਾਰੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ, ਜਿਸ ਨੂੰ ਕੋਈ ਵੀ ਬਿਨੇਕਾਰ ਪਲੇਅ ਸਟੋਰ ’ਚ ਜਾ ਕੇ ਆਪਣੇ ਮੋਬਾਇਲ ’ਤੇ ਐੱਮ-ਪਾਸਪੋਰਟ ਸੇਵਾ ਨੂੰ ਡਾਊਨਲੋਡ ਕਰ ਸਕਦਾ ਹੈ। ਇਕ ਵਾਰ ਜਮ੍ਹਾ ਕਰਵਾਈ ਗਈ ਫੀਸ ਵਾਪਸ ਨਹੀਂ ਹੁੰਦੀ, ਜਿਸ ਕਾਰਨ ਬਣਾਈ ਗਈ ਜਾਅਲੀ ਸਾਈਟ ’ਤੇ ਜੋ ਬਿਨੇਕਾਰ ਇਕ ਵਾਰ ਪੈਸਾ ਪਾ ਦਿੰਦਾ, ਉਸ ਨੂੰ ਵਾਪਸ ਨਹੀਂ ਮਿਲਦਾ। ਵਿਦੇਸ਼ ਮੰਤਰਾਲਾ ਇਸ ਦਾ ਕਡ਼ਾ ਨੋਟਿਸ ਲੈ ਰਿਹਾ ਹੈ ਅਤੇ ਛੇਤੀ ਹੀ ਫਰਜ਼ੀ ਸਾਈਟ ਚਲਾਉਣ ਵਾਲਿਆਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਹੋਣ ਜਾ ਰਹੀ ਹੈ।


author

Sunny Mehra

Content Editor

Related News