ਜਿਸਮਫਰੋਸ਼ੀ ਦੇ ਅੱਡੇ ਬੇਨਕਾਬ, 12 ਕਾਬੂ, 3 ਫਰਾਰ

Saturday, Aug 25, 2018 - 04:27 AM (IST)

ਜਿਸਮਫਰੋਸ਼ੀ ਦੇ ਅੱਡੇ ਬੇਨਕਾਬ, 12 ਕਾਬੂ, 3 ਫਰਾਰ

ਸਮਰਾਲਾ, (ਗਰਗ, ਬੰਗਡ਼)-ਸਥਾਨਕ ਪੁਲਸ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਇਕ ਵਿਸ਼ੇਸ਼ ਪੁਲਸ ਪਾਰਟੀ ਸਮੇਤ ਇਲਾਕੇ ’ਚ ਚੱਲ ਰਹੇ  ਜਿਸਮਫਰੋਸ਼ੀ  ਦੇ ਅੱਡੇ ’ਤੇ ਛਾਪਾ ਮਾਰ ਕੇ ਉਥੋਂ ਇਤਰਾਜ਼ਯੋਗ ਹਾਲਤ ’ਚ ਇਕ ਲੜਕੀ ਤੇ ਤਿੰਨ ਵਿਅਕਤੀਆਂ ਨੂੰ  ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਅੱਜ ਜਦੋਂ ਥਾਣਾ ਮੁਖੀ ਪੁਲਸ ਪਾਰਟੀ ਸਮੇਤ ਉਟਾਲਾਂ ਪੁਲ ਨੇਡ਼ੇ ਨਾਕਾਬੰਦੀ ’ਤੇ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸਿਮਰਨਜੀਤ ਕੌਰ (ਬਦਲਿਆ ਹੋਇਆ ਨਾਂ) ਨਾਂ  ਦੀ ਅੌਰਤ ਆਪਣੇ ਘਰ ’ਚ ਜਿਸਮਫਰੋਸ਼ੀ ਦਾ ਧੰਦਾ ਕਰਵਾ ਰਹੀ ਹੈ ਤੇ ਹੁਣ ਵੀ ਉਥੇ ਕਈ ਮਰਦ ਤੇ ਅੌਰਤਾਂ ਮੌਜੂਦ ਹਨ। ਇਸ ’ਤੇ ਪੁਲਸ ਪਾਰਟੀ ਨੇ ਜਿਵੇਂ ਹੀ ਉਕਤ ਘਰ ’ਤੇ ਰੇਡ ਕੀਤੀ ਤਾਂ ਉਥੇ ਇਕ ਅੌਰਤ ਸਮੇਤ ਤਿੰਨ ਵਿਅਕਤੀ ਇਤਰਾਜ਼ਯੋਗ ਹਾਲਤ ’ਚ ਮਿਲੇ। ਹਾਲਾਂਕਿ ਛਾਪਾਮਾਰੀ ਦੌਰਾਨ ਫਡ਼ੇ ਗਏ ਵਿਅਕਤੀਆਂ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਤੁਰੰਤ ਦਬੋਚ ਲਿਆ। ਪੁਲਸ ਨੇ ਗ੍ਰਿਫਤਾਰ ਕੀਤੇ ਤਿੰਨਾਂ ਕਥਿਤ ਦੋਸ਼ੀਆਂ ਤੇ ਲੜਕੀ ਤੋਂ ਇਲਾਵਾ ਆਪਣੇ ਘਰ ’ਚ ਚਕਲਾ ਚਲਾਉਣ ਵਾਲੀ ਅੌਰਤ ਖਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਜ਼ੀਰਕਪੁਰ,  (ਜ. ਬ.)-ਸਥਾਨਕ ਪੁਲਸ ਵਲੋਂ ਜਿਸਮਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰਕੇ ਦੋ ਲੜਕੀਆਂ ਸਮੇਤ 8 ਵਿਅਕਤੀਅਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ’ਚ ਇਕ ਦਰਜਨ ਵਿਅਕਤੀਅਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਜੇਲ ਭੇਜਣ ਅਤੇ ਗਿਰੋਹ ਦੇ ਤਿੰਨ ਮੁੱਖ ਸਰਗਣਿਆਂ ਦੀ ਭਾਲ ਜਾਰੀ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਜ਼ੀਰਕਪੁਰ ਥਾਣਾ ਮੁਖੀ ਪਵਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਤੋਂ ਪੰਚਕੂਲਾ ਦੇ ਸੈਕਟਰ-19 ਦੀ ਸੜਕ ’ਤੇ ਸਥਿਤ ਰਾਮਦੀਪ ਸਵੀਟਸ ਨਾਂ ਦੀ ਦੁਕਾਨ ਦੀ ਪਹਿਲੀ ਤੇ ਦੂਸਰੀ ਮੰਜ਼ਿਲ ’ਤੇ ਕਮਰੇ ਵਿਚ ਨਿਰਮਲ ਸਿੰਘ ਪੁੱਤਰ ਸਵ. ਪ੍ਰੇਮ ਸਿੰਘ ਵਾਸੀ ਮਕਾਨ ਨੰਬਰ 110 ਹੇਮ ਵਿਹਾਰ ਬਲਟਾਣਾ ਰਿੰਕੂ ਵਾਸੀ ਆਨੰਦ ਵਿਹਾਰ ਬਲਟਾਣਾ ਤੇ ਗੋਗਾ ਵਾਸੀ ਰਵਿੰਦਰਾ ਇਨਕਲੇਵ ਬਲਟਾਣਾ ਜ਼ੀਰਕਪੁਰ ਜਿਸਮਫਰੋਸ਼ੀ ਦਾ ਧੰਦਾ ਚਲਾਉਂਦੇ ਹਨ, ਜਦਕਿ ਹੇਠਲੀ ਮੰਜ਼ਿਲ ’ਤੇ ਬਣੀ ਦੁਕਾਨ ’ਚ ਹਰ ਸਮੇ ਗਾਹਕਾਂ ਦੀ ਭੀੜ ਹੋਣ ਕਾਰਨ ਕੋਈ ਵੀ ਵਿਅਕਤੀ ਇਥੇ ਦੇਹ ਵਪਾਰ ਦਾ ਧੰਦਾ ਹੋਣ ਸਬੰਧੀ ਸ਼ੱਕ ਨਹੀਂ ਕਰਦਾ ਸੀ। ਇਸ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਜਦੋਂ ਉਕਤ  ਥਾਂ ’ਤੇ ਅਚਾਨਕ ਛਾਪਾਮਾਰੀ ਕੀਤੀ ਤਾਂ ਪੁਲਸ ਦਾ ਸ਼ੱਕ  ਯਕੀਨ ’ਚ ਬਦਲ  ਗਿਅਾ, ਜਦੋਂ 2 ਔਰਤਾਂ ਤੇ 6 ਲੜਕੇ ਰਾਕੇਸ਼ ਕੁਮਾਰ ਪੁੱਤਰ ਛੋਟੂ ਲਾਲ ਵਾਸੀ ਪਿੰਡ ਅਭੈਪੁਰ (ਪੰਚਕੂਲਾ), ਪੂਜਾ ਪਤਨੀ ਅੰਮ੍ਰਿਤ ਕੁਮਾਰ ਵਾਸੀ ਇੰਦਰਾ ਕਾਲੋਨੀ ਮਨੀਮਾਜਰਾ (ਚੰਡੀਗੜ੍ਹ), ਕਿਰਨ ਉਰਫ਼ ਅਨੀਤਾ ਪਤਨੀ ਰਾਕੇਸ਼ ਬੰਸਲ ਵਾਸੀ ਮਾਜਰਾ (ਚੰਡੀਗੜ੍ਹ), ਅਸ਼ਵਨੀ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਸੈਕਟਰ-20 ਪੰਚਕੂਲਾ, ਅਸ਼ੋਕ ਕੁਮਾਰ ਪੁੱਤਰ ਰਾਮ ਨਾਥ ਵਾਸੀ ਕੈਥਲ (ਹਰਿਆਣਾ), ਮਲਕੀਤ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਆਸ਼ਿਆਨਾ ਕੰਪਲੈਕਸ ਪੰਚਕੂਲਾ, ਕ੍ਰਿਸ਼ਨ ਸ਼ਰਮਾ ਪੁੱਤਰ ਜਗਨ ਨਾਥ ਸ਼ਰਮਾ ਵਾਸੀ ਜੰਮੂ-ਕਸ਼ਮੀਰ ਤੇ ਦੀਪਕ ਗੁਪਤਾ ਪੁੱਤਰ ਬਨਾਰਸੀ ਦਾਸ ਵਾਸੀ ਸੈਕਟਰ-4 ਪੰਚਕੂਲਾ ਇਤਰਾਜ਼ਯੋਗ ਹਾਲਤ ਵਿਚ ਮਿਲੇ।  ਉਨ੍ਹਾਂ ਨੂੰ ਪੁਲਸ ਨੇ ਕਾਬੂ ਕਰਕੇ ਮਾਮਲਾ ਦਰਜ ਕਰਨ ਉਪਰੰਤ ਜੇਲ ਭੇਜ ਦਿੱਤਾ।  ਬਲਟਾਣਾ ਚੌਕੀ ਦੇ ਇੰਚਾਰਜ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਧੰਦੇ ਨੂੰ ਚਲਾਉਣ ਵਾਲੇ ਨਿਰਮਲ ਸਿੰਘ, ਗੋਗਾ ਤੇ ਰਿੰਕੂ ਆਦਿ ਮੌਕੇ ਤੋਂ ਫ਼ਰਾਰ ਹੋ ਗਏ,  ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। 
 


Related News