ਵੱਖ-ਵੱਖ ਵਿਅਕਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ

01/05/2018 2:26:55 AM

ਸੰਗਰੂਰ, (ਵਿਵੇਕ ਸਿੰਧਵਾਨੀ, ਗੋਇਲ)- ਥਾਣਾ ਅਮਰਗੜ੍ਹ ਦੇ ਪੁਲਸ ਅਧਿਕਾਰੀ ਮੇਜਰ ਸਿੰਘ ਨੇ ਚੈਕਿੰਗ ਦੌਰਾਨ ਜਤਿੰਦਰ ਸਿੰਘ ਉਰਫ ਸਤਾਰ ਪੁੱਤਰ ਬਲਵੰਤ ਸਿੰਘ ਵਾਸੀ ਅਮਰਗੜ੍ਹ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਨਸ਼ੀਲੀ ਦਵਾਈ ਦੀਆਂ 8 ਸ਼ੀਸ਼ੀਆਂ ਤੇ 80 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਅਮਰਗੜ੍ਹ ਦੇ ਥਾਣੇਦਾਰ ਸਾਧਾ ਸਿੰਘ ਨੇ ਅੰਮ੍ਰਿਤਪਾਲ ਸਿੰਘ ਉਰਫ ਮਾਟਾ ਪੁੱਤਰ ਨਿਰਮਲ ਸਿੰਘ ਵਾਸੀ ਅਮਰਗੜ੍ਹ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 5 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਇਹ ਦਵਾਈਆਂ ਅਜੇ ਕੁਮਾਰ ਭਾਰਦਵਾਜ ਮੈਡੀਕੋਜ਼ ਸਟੋਰ ਤੋਂ ਲਿਆ ਕੇ ਮਹਿੰਗੇ ਭਾਅ 'ਤੇ ਵੇਚਦਾ ਸੀ। ਅਜੇ ਕੁਮਾਰ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਕ ਹੋਰ ਮਾਮਲੇ 'ਚ ਸਿਟੀ ਮਾਲੇਰਕੋਟਲਾ ਦੇ ਥਾਣੇਦਾਰ ਹਰਜਿੰਦਰ ਸਿੰਘ ਨੇ ਇਕ ਵਿਅਕਤੀ ਤੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ। ਮੁਲਜ਼ਮ ਦੀ ਪਛਾਣ ਹਰਸ਼ਵਿੰਦਰ ਉਰਫ ਚੀਕੂ ਪੁੱਤਰ ਸੁਨੀਲ ਕੁਮਾਰ ਵਾਸੀ ਮਾਲੇਰਕੋਟਲਾ ਵਜੋਂ ਹੋਈ।
ਇਧਰ, ਸਦਰ ਸੁਨਾਮ ਦੀ ਪੁਲਸ ਨੇ ਇਕ 18 ਟਾਇਰੀ ਟਰੱਕ 'ਚੋਂ ਵੱਡੀ ਮਾਤਰਾ 'ਚ ਭੁੱਕੀ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਥਾਣੇਦਾਰ ਅਵਤਾਰ ਸਿੰਘ ਨੇ ਪੁਲਸ ਪਾਰਟੀ ਸਣੇ ਪਿੰਡ ਨਾਗਰਾ ਵਿਖੇ ਇਕ 18 ਟਾਇਰੀ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਟਰੱਕ ਰੋਕ ਕੇ ਟਾਇਰਾਂ ਦੀ ਹਵਾ ਚੈੱਕ ਕਰਨ ਦੇ ਬਹਾਨੇ ਖੇਤਾਂ ਵੱਲ ਭੱਜ ਗਿਆ, ਜਿਸ ਦਾ ਪੁਲਸ ਪਾਰਟੀ ਨੇ ਪਿੱਛਾ ਕੀਤਾ ਪਰ ਉਹ ਕਾਬੂ ਨਹੀਂ ਆਇਆ। ਪੁਲਸ ਪਾਰਟੀ ਨੇ ਟਰੱਕ 'ਚ ਬੈਠੇ ਕਲੀਨਰ ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਸਤਨਾਮ ਸਿੰਘ ਉਰਫ ਗੱਗੀ ਪੁੱਤਰ ਸੁਖਮੰਦਰ ਸਿੰਘ ਵਾਸੀ ਬੁਰਜਰਾਠੀ ਥਾਣਾ ਜੋਗਾ ਵਜੋਂ ਹੋਈ। ਟਰੱਕ 'ਚੋਂ 18 ਕਿਲੋ ਭੁੱਕੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਕਲੀਨਰ ਨੇ ਚਾਲਕ ਦਾ ਨਾਂ ਰਘਵੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਫੋਲੜਾ ਥਾਣਾ ਧਰਮਗੜ੍ਹ ਦੱਸਿਆ, ਜਿਸ ਖਿਲਾਫ ਕੇਸ ਦਰਜ ਕਰ ਲਿਆ ਗਿਆ।
ਥਾਣਾ ਸਿਟੀ ਸੁਨਾਮ ਦੇ ਥਾਣੇਦਾਰ ਪਰਮਜੀਤ ਕੁਮਾਰ ਨੇ ਲਖਵਿੰਦਰ ਸਿੰਘ ਉਰਫ ਬਚੀ ਪੁੱਤਰ ਹਰਬੰਸ ਸਿੰਘ ਵਾਸੀ ਸੁਨਾਮ ਤੋਂ 1 ਕਿਲੋ ਭੁੱਕੀ ਬਰਾਮਦ ਕੀਤੀ। ਇਕ ਹੋਰ ਮਾਮਲੇ 'ਚ ਥਾਣਾ ਲੌਂਗੋਵਾਲ ਦੇ ਏ. ਐੱਸ. ਆਈ. ਬਸੰਤ ਸਿੰਘ ਨੇ ਰੌਬਿਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲੌਂਗੋਵਾਲ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਨਸ਼ੀਲੀ ਦਵਾਈ ਦੀਆਂ 13 ਸ਼ੀਸ਼ੀਆਂ ਬਰਾਮਦ ਕੀਤੀਆਂ।


Related News