ਵੇਰਕਾ ਮਿਲਕ ਪਲਾਂਟ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ-ਤੋੜ

01/16/2018 7:32:39 AM

ਪੱਟੀ,   (ਪਾਠਕ)-  ਬੀਤੀ ਰਾਤ ਵੇਰਕਾ ਮਿਲਕ ਪਲਾਂਟ ਪੱਟੀ ਅੰਦਰ ਦਾਖਲ ਹੋ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਡੇਅਰੀ ਦੀ ਭੰਨ-ਤੋੜ ਕੀਤੀ ਅਤੇ ਸੈਂਟਰ ਇੰਚਾਰਜ ਨੂੰ ਜ਼ਖ਼ਮੀ ਕਰ ਕੇ ਫਰਾਰ ਹੋ ਗਏ।
 ਘਟਨਾ ਸਬੰਧੀ ਸੈਂਟਰ ਦੇ ਇੰਚਾਰਜ ਬਿਸ਼ਨਦਾਸ ਨੇ ਦੱਸਿਆ ਕਿ ਉਹ ਰਾਤ ਨੂੰ 9 ਵਜੇ ਦੇ ਕਰੀਬ ਦੁੱਧ ਦੇ ਸੈਂਪਲ ਭਰ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀ ਡੇਅਰੀ ਅੰਦਰ ਦਾਖਲ ਹੋਏ। ਉਸ ਨਾਲ ਡਿਊਟੀ 'ਤੇ ਪਲਵਿੰਦਰ ਸਿੰਘ ਵੀ ਮੌਜੂਦ ਸੀ। ਉਕਤ ਵਿਅਕਤੀਆਂ 'ਚੋਂ ਇਕ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਅਤੇ ਆਉਂਦੇ ਹੀ ਲੈਬਾਰਟਰੀ ਦੇ ਸ਼ੀਸ਼ੇ ਭੰਨੇ ਅਤੇ ਉਸ ਦੇ ਸਿਰ 'ਤੇ ਡਾਂਗ ਨਾਲ ਹਮਲਾ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਹਮਲਾਵਰ ਭੱਜ ਗਏ। ਪਲਵਿੰਦਰ ਸਿੰਘ ਨੇ ਕਿਸੇ ਤਰ੍ਹਾਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ।
 ਇਸ ਸਬੰਧੀ ਗੁਰਬਿੰਦਰਬੀਰ ਸਿੰਘ ਡਾਇਰੈਕਟਰ ਮਿਲਕ ਪਲਾਂਟ ਵੇਰਕਾ ਨੇ ਦੱਸਿਆ ਕਿ ਇਹ ਘਟਨਾ ਬਹੁਤ ਦੀ ਨਿੰਦਣਯੋਗ ਹੈ ਅਤੇ ਇਹ ਜਾਣਕਾਰੀ ਵੇਰਕਾ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਪੁਲਸ ਨੂੰ ਵੀ ਸਖ਼ਤੀ ਨਾਲ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਘਟਨਾ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਏ. ਐੱਸ. ਆਈ. ਪੰਨਾ ਲਾਲ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਸੜਕ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵਾਰਦਾਤ ਲੁੱਟ ਦੀ ਹੈ ਜਾਂ ਫਿਰ ਰੰਜਿਸ਼ ਦੀ, ਇਸ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ। 


Related News