ਦੁੱਧ ਫੈਕਟਰੀ ਦੇ ਪਾਊਡਰ ਪਲਾਂਟ ''ਚ ਧਮਾਕਾ

Monday, Oct 30, 2017 - 06:42 AM (IST)

ਦੁੱਧ ਫੈਕਟਰੀ ਦੇ ਪਾਊਡਰ ਪਲਾਂਟ ''ਚ ਧਮਾਕਾ

ਧਨੌਲਾ, (ਰਵਿੰਦਰ)— ਬਡਬਰ ਨੇੜੇ ਹਾਈਵੇ ਰੋਡ 'ਤੇ ਸਥਿਤ ਇਕ ਦੁੱਧ ਫੈਕਟਰੀ ਦੇ ਪਾਊਡਰ ਪਲਾਂਟ ਵਿਚ ਦੇਰ ਸ਼ਾਮ ਹੋਏ ਜ਼ਬਰਦਸਤ ਧਮਾਕੇ ਕਾਰਨ ਫੈਕਟਰੀ ਅਤੇ ਬਡਬਰ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਅਨੇਜਾ ਫੂਡ ਪ੍ਰਾਈਵੇਟ ਲਿਮ. ਦੇ ਪਾਊਡਰ ਪਲਾਂਟ ਵਿਚ ਕਿਸੇ ਤਕਨੀਕੀ ਨੁਕਸ ਕਾਰਨ 6ਵੀਂ ਮੰਜ਼ਿਲ 'ਤੇ ਡਰਾਇਰ 'ਚ ਜ਼ਬਰਦਸਤ ਧਮਾਕਾ ਹੋਣ ਕਾਰਨ ਭਿਆਨਕ ਅੱਗ ਲੱਗ ਲਈ, ਜਿਸ ਕਾਰਨ ਫੈਕਟਰੀ ਵਿਚ ਕੰਮ ਕਰਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ 'ਚ ਹਫੜਾ-ਦਫੜੀ ਮਚ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਿੰਡ ਦੇ ਲੋਕ ਘਬਰਾ ਕੇ ਆਪਣੇ ਬੱਚਿਆਂ ਸਣੇ ਘਰਾਂ 'ਚੋਂ ਬਾਹਰ ਆ ਗਏ। ਇਸ ਧਮਾਕੇ ਕਾਰਨ ਜਿਥੇ ਫੈਕਟਰੀ ਦੇ ਮਾਲ ਦਾ ਨੁਕਸਾਨ ਹੋ ਗਿਆ, ਉਥੇ ਹੀ ਇਮਾਰਤ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। 
ਜਦੋਂ ਇਸ ਸਬੰਧੀ ਫੈਕਟਰੀ ਦੇ ਜੀ. ਐੱਮ. ਆਰ. ਐੱਨ. ਵਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਧਮਾਕਾ ਡਰਾਇਰ ਵਿਚ ਤਾਪਮਾਨ ਵਧਣ ਕਾਰਨ ਹੋਇਆ ਹੈ, ਜਿਸ ਕਾਰਨ ਸਾਡਾ ਮਾਲੀ ਨੁਕਸਾਨ ਤਾਂ ਕਾਫੀ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਦਾ ਇੰਜਣ ਅੱਗ ਬੁਝਾਉਣ ਸਮੇਂ ਬੰਦ ਹੋ ਗਿਆ ਅਤੇ ਸੰਗਰੂਰ ਤੋਂ ਆਈ ਫਾਇਰ ਬ੍ਰਿਗੇਡ ਦੀ ਗੱਡੀ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ। 


Related News