ਫੈਕਟਰੀ ’ਚ ਰੈਫਰੀਜਰੇਟਰ ਦਾ ਕੰਪਰੈਸ਼ਰ ਫਟਣ ਕਾਰਨ ਧਮਾਕਾ, 4 ਬੱਚਿਆਂ ਸਮੇਤ 8 ਫੱਟੜ

Friday, Jan 20, 2023 - 02:34 AM (IST)

ਫੈਕਟਰੀ ’ਚ ਰੈਫਰੀਜਰੇਟਰ ਦਾ ਕੰਪਰੈਸ਼ਰ ਫਟਣ ਕਾਰਨ ਧਮਾਕਾ, 4 ਬੱਚਿਆਂ ਸਮੇਤ 8 ਫੱਟੜ

ਲਾਲੜੂ (ਜ. ਬ.) : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਲਾਲੜੂ ਵਿਖੇ ਟੀ. ਸੀ. ਸਪਿਨਰਜ਼ ਫੈਕਟਰੀ ਅੰਦਰ ਖੋਲ੍ਹੀ ਗਈ ਇਕ ਪ੍ਰਾਈਵੇਟ ਦੁਕਾਨ ਵਿੱਚ ਰੱਖੇ ਰੈਫਰੀਜਰੇਟਰ ਦਾ ਕੰਪਰੈਸ਼ਰ ਅਚਾਨਕ ਫਟਣ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਕਾਰਨ ਆਸਪਾਸ ਖੇਡਦੇ 4 ਬੱਚਿਆਂ ਤੇ 2 ਔਰਤਾਂ ਸਮੇਤ 8 ਵਿਅਕਤੀ ਗੰਭੀਰ ਫੱਟੜ ਹੋ ਗਏ, ਜਿਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਤੇ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਦੁਕਾਨ ਦੀ ਕੰਧ ਢਹਿ ਗਈ, ਦਰਵਾਜ਼ਾ ਟੁੱਟ ਗਿਆ ਅਤੇ ਫਰਿੱਜ ਦੇ ਟੁੱਕੜੇ-ਟੁੱਕੜੇ ਹੋ ਗਏ ਪਰ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਖ਼ਮੀਆਂ ਦਾ ਹਾਲ-ਚਾਲ ਜਾਨਣ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਹਸਪਤਾਲ ਪੁੱਜੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ।

ਇਹ ਵੀ ਪੜ੍ਹੋ : ਅਮਰੀਕਾ ’ਚ 2 ਭਾਰਤੀਆਂ ਨੇ ਲੈਫਟੀਨੈਂਟ ਗਵਰਨਰ ਤੇ ਖਜ਼ਾਨਚੀ ਵਜੋਂ ਚੁੱਕੀ ਸਹੁੰ

ਹਾਲ-ਚਾਲ ਜਾਨਣ ਉਪਰੰਤ ਵਿਧਾਇਕ ਨੇ ਲਾਲੜੂ ਵਿਖੇ ਹਾਦਸੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਅਤੇ ਮੌਕੇ ’ਤੇ ਮੌਜੂਦ ਪੁਲਸ, ਸਿਵਲ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਨਿਯਮਾਂ ਦੀ ਉਲੰਘਣਾ ਕਰ ਕੇ ਚਲਾਈ ਜਾ ਰਹੀ ਦੁਕਾਨ ਤੇ ਰਿਹਾਇਸ਼ੀ ਖੇਤਰ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਫੈਕਟਰੀ ਪ੍ਰਬੰਧਕਾਂ ਤੇ ਮਾਲਕਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਾਣਕਾਰੀ ਮੁਤਾਬਕ ਉਕਤ ਫੈਕਟਰੀ ਅੰਦਰ ਕੁਲਵੰਤ ਸਿੰਘ ਨਿਵਾਸੀ ਲਾਲੜੂ ਨੇ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਹੈ, ਜਿਸ ਲਈ ਦੁੱਧ ਅਤੇ ਸਬਜ਼ੀਆਂ ਰੱਖਣ ਲਈ ਵੱਡਾ ਰੈਫਰੀਜਰੈਟਰ ਵੀ ਰੱਖਿਆ ਹੋਇਆ ਸੀ।

PunjabKesari

ਬੀਤੀ ਦੇਰ ਸ਼ਾਮ ਦੁਕਾਨ ਵਿਚ ਰੱਖੇ ਵੱਡੇ ਰੈਫਰੀਜਰੇਟਰ ਦਾ ਕੰਪਰੈਸ਼ਰ ਅਚਾਨਕ ਫਟ ਗਿਆ। ਦੁਕਾਨ ਤੋਂ ਬਾਹਰ ਖੇਡ ਰਹੇ ਬੱਚੇ ਅਤੇ ਔਰਤਾਂ ਸਮੇਤ ਦੁਕਾਨ ਦਾ ਮਾਲਕ ਗੰਭੀਰ ਰੂਪ ਵਿਚ ਫੱਟੜ ਹੋ ਗਿਆ। ਜ਼ਖਮੀਆਂ ਦੀ ਪਛਾਣ ਅਮ੍ਰਿਤਾ (8), ਮੁਸਕਾਨ (4), ਖੁਸ਼ਬੂ (6 ) ਸਾਰੀਆਂ ਪੁੱਤਰੀਆਂ ਰਣਜੀਤ ਸਿੰਘ, ਸਾਕਸ਼ੀ (5 ) ਪੁੱਤਰੀ ਉਪਿੰਦਰ ਤੇ ਰੇਨੂ (30) ਪਤਨੀ ਰਣਜੀਤ ਸਿੰਘ ਵਜੋਂ ਹੋਈ, ਜਿਨ੍ਹਾਂ ਨੂੰ ਪਹਿਲਾਂ ਸਿਵਲ ਹਪਸਤਾਲ ਅੰਬਾਲਾ ਸ਼ਹਿਰ ਅਤੇ ਫਿਰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਇੰਡੀਅਨ ਓਲੰਪਿਕ ਐਸੋਸੀਏਸ਼ਨ ਪ੍ਰਧਾਨ ਪੀ. ਟੀ. ਊਸ਼ਾ ਦਾ ਵੱਡਾ ਬਿਆਨ, ਐਥਲੀਟਾਂ ਨੂੰ ਕਹੀ ਇਹ ਗੱਲ

ਇਸ ਤੋਂ ਇਲਾਵਾ ਖੁਸ਼ ਕੁਮਾਰ (25), ਸੋਨਮ (21) ਅਤੇ ਦੁਕਾਨ ਦਾ ਮਾਲਕ ਕੁਲਵੰਤ ਸਿੰਘ (55) ਸਿਵਲ ਹਸਪਤਾਲ ਅੰਬਾਲਾ ਸ਼ਹਿਰ ਵਿਚ ਜ਼ੇਰੇ ਇਲਾਜ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਪਵਨ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਫੈਕਟਰੀ ਵਿਚ ਪੁੱਜੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜ਼ਖ਼ਮੀਆਂ ਦੇ ਬਿਆਨ ਲੈਣ ਲਈ ਪੁਲਸ ਹਸਪਤਾਲ ਵਿਚ ਜ਼ਖ਼ਮੀਆਂ ਨੂੰ ਮਿਲ ਰਹੀ ਹੈ, ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਫੈਕਟਰੀ ਵਿਚ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਪੱਤਰਕਾਰਾਂ ਨਾਲ ਪ੍ਰਬੰਧਕਾ ਵਲੋਂ ਮਾੜਾ ਸਲੂਕ ਕੀਤਾ ਗਿਆ ਅਤੇ ਘਟਨਾ ਵਾਲੀ ਥਾਂ ’ਤੇ ਜਾਣ ਤੋਂ ਰੋਕ ਦਿੱਤਾ , ਤਾਂ ਜੋ ਫੈਕਟਰੀ ਪ੍ਰਬੰਧਕਾਂ ਦੀ ਸੁਰੱਖਿਆ ਮਾਮਲੇ ਦੀ ਕੋਈ ਪੋਲ ਨਾ ਖੁੱਲ੍ਹ ਜਾਵੇ।

ਇਹ ਵੀ ਪੜ੍ਹੋ : ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ, ਅਧਿਆਪਕਾਂ ਦੇ ਦੇਖ ਕੇ ਉੱਡੇ ਹੋਸ਼

ਵਿਧਾਇਕ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਹ ਉਕਤ ਫੈਕਟਰੀ ਵਿਚ ਧਮਾਕੇ ਦੌਰਾਨ ਹੋਏ ਸਾਰੇ ਜ਼ਖਮੀਆਂ ਦਾ ਹਾਲ ਜਾਨਣ ਲਈ ਪੀ. ਜੀ. ਆਈ. ਤੇ ਅੰਬਾਲਾ ਦੇ ਹਸਪਤਾਲ ਵਿਚ ਗਏ ਅਤੇ ਜ਼ਖ਼ਮੀਆਂ ਦੇ ਇਲਾਜ ਦੇ ਖਰਚ ਦੀ ਜ਼ਿੰਮੇਵਾਰੀ ਤੋਂ ਇਲਾਵਾ ਪੀੜ੍ਤਾਂ ਨੂੰ ਸਰਕਾਰ ਵਲੋਂ ਮੁਆਵਜ਼ਾ ਦਿਵਾਉਣ ਦਾ ਐਲਾਨ ਵੀ ਕੀਤਾ। ਜ਼ਖ਼ਮੀਆਂ ਵਿਚ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਦੀ ਪਲਾਸਟਿਕ ਸਰਜਰੀ ਕਰਨ ਲਈ ਵੀ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਹਨ। ਫੈਕਟਰੀ ਪ੍ਰਬੰਧਕਾਂ ਨੇ ਵਰਕਰਾਂ ਲਈ ਬਣਾਏ ਰਿਹਾਇਸ਼ੀ ਕੁਆਟਰਾਂ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ਟੰਗ ਕੇ ਉਸਾਰੀਆਂ ਕੀਤੀਆਂ ਹੋਈਆਂ ਹਨ, ਜਿਸ ਲਈ ਉਨ੍ਹਾਂ ਨੇ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੈਕਟਰੀ ਪ੍ਰਬੰਧਕਾਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਫੈਕਟਰੀ ਨੂੰ ਜਾਰੀ ਹੋਈ ਐੱਨ. ਓ. ਸੀ. ਦੀ ਪੜਤਾਲ ਕਰਨ ਲਈ ਨਗਰ ਕੌਂਸਲ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਵੀ ਹੁਕਮ ਦਿੱਤੇ ਹਨ।


author

Mandeep Singh

Content Editor

Related News