ਦੇਸ਼ 'ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈ : ਖਹਿਰਾ

Tuesday, Jul 23, 2019 - 10:04 AM (IST)

ਦੇਸ਼ 'ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈ : ਖਹਿਰਾ

ਪਟਿਆਲਾ (ਜੋਸਨ)—ਪੰਜਾਬੀਆਂ ਨੂੰ ਮਹਿੰਗੀ ਬਿਜਲੀ ਮਿਲਣ ਦੇ ਵਿਰੋਧ ਵਿਚ ਅਤੇ ਬਾਦਲ ਸਰਕਾਰ ਵੱਲੋਂ ਥਰਮਲ ਪਲਾਂਟਾਂ ਦੇ ਕੀਤੇ ਪਾਵਰ ਪ੍ਰਚੇਜ਼ ਐਗਰੀਮੈਂਟਾਂ ਖਿਲਾਫ਼ ਅੱਜ ਪੀ. ਡੀ. ਏ. ਨੇ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਲਾ ਕੇ ਇਨ੍ਹਾਂ ਐਗਰੀਮੈਂਟਾਂ ਨੂੰ ਰਿਵਿਊ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਪੰਜਾਬ ਦੇ ਲੋਕਾਂ ਅਤੇ ਇੰਡਸਟਰੀ ਨੂੰ ਮਹਿੰਗੀ ਬਿਜਲੀ ਤੋਂ ਕੁਝ ਰਾਹਤ ਮਿਲ ਸਕੇ।

ਮੌਕੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਐੱਮ. ਐੱਲ. ਏ. ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਮਹਿੰਗੇ ਬਿਜਲੀ ਟੈਰਿਫ ਰੇਟ ਪੰਜਾਬ ਦੇ ਲੋਕਾਂ ਨੂੰ ਮਿਲ ਰਹੇ ਹਨ। ਇਸ ਲਈ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਜੂਨੀਅਰ ਬਾਦਲ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਬੇਈਮਾਨੀ ਭਰੇ ਵਤੀਰੇ ਪੀ. ਪੀ. ਏ. ਦੀ ਮੁੜ ਜਾਂਚ ਕੀਤੀ ਜਾਵੇ। ਖਹਿਰਾ ਨੇ ਕਿਹਾ ਕਿ ਜੂਨੀਅਰ ਬਾਦਲ ਦੇ ਇਸ ਅਨੈਤਿਕ ਅਤੇ ਭ੍ਰਿਸ਼ਟਕਾਰੇ ਨੇ ਨਾ-ਸਿਰਫ ਪੀ. ਐੱਸ. ਪੀ. ਸੀ. ਐੱਲ. ਨੂੰ ਵਿੱਤੀ ਤਬਾਹੀ ਕੰਢੇ ਲਿਆ ਦਿੱਤਾ, ਬਲਕਿ ਸਾਧਾਰਨ ਖਪਤਕਾਰਾਂ ਉੱਪਰ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਟੈਰਿਫਾਂ ਦਾ ਵੱਡਾ ਬੋਝ ਵੀ ਪਾ ਦਿੱਤਾ

ਨੇ ਕਿਹਾ ਕਿ ਪੰਜਾਬ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ 1.35 ਰੁਪਏ ਯੁਨਿਟ, ਰਾਜਪੁਰਾ ਪਲਾਂਟ ਨੂੰ 1.50 ਰੁਪਏ ਫੀ ਯੂਨਿਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ 1.93 ਰੁਪਏ ਯੂਨਿਟ ਦਾ ਫਿਕਸ ਖਰਚਾ ਅਦਾ ਕਰ ਰਿਹਾ ਹੈ। ਜਦਕਿ ਗੁਜਰਾਤ ਵਿਚਲੇ ਮੁੰਦਰਾ ਥਰਮਲ ਪਲਾਂਟ ਦੇ 90 ਪੈਸੇ ਯੁਨਿਟ ਅਤੇ ਮੱਧ ਪ੍ਰਦੇਸ਼ ਦੇ ਸਾਸਨ ਥਰਮਲ ਪਲਾਂਟ ਦੇ ਸਿਰਫ 17 ਪੈਸੇ ਫਿਕਸ ਖਰਚੇ ਹਨ। ਖਹਿਰਾ ਨੇ ਇਲਜ਼ਾਮ ਲਗਾਇਆ ਕਿ ਉਸ ਵੇਲੇ ਦੇ ਰਿਨਿਊਏਬਲ ਐਨਰਜੀ ਅਤੇ ਪੇਡਾ ਦੇ ਮੰਤਰੀ ਬਿਕਰਮ ਮਜੀਠੀਆ ਅਤੇ ਬਿਜਲੀ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਲਰ ਅਤੇ ਬਾਇਉਮਾਸ ਪਲਾਂਟਾਂ ਨਾਲ ਵੀ ਵੱਡੀ ਦਰ ਉੱਪਰ ਪੀ.ਮਮਨਪੀ.ਏ ਸਾਈਨ ਕੀਤੇ ਹਨ।

ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਐੱਮ. ਪੀ. ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮੀਸ਼ਨ ਦੇ ਟੈਰਿਫ ਆਰਡਰ ਅਨੁਸਾਰ ਪੰਜਾਬ ਨੇ 2017-18 ਦੌਰਾਨ 5.90 ਰੁਪਏ ਫੀ ਯੂਨਿਟ ਦੇ ਹਿਸਾਬ ਨਾਲ 1712 ਮਿਲੀਅਨ ਯੂਨਿਟ ਸੋਲਰ ਪਾਵਰ ਦੇ 1010 ਕਰੋੜ ਰੁਪਏ ਅਦਾ ਕੀਤੇ। ਇਸੇ ਦੌਰਾਨ ਹੀ ਬਾਇਉਮਾਸ ਪਲਾਂਟਾਂ ਨੂੰ 5.32 ਰੁਪਏ ਫੀ ਯੂਨਿਟ ਦੇ ਹਿਸਾਬ ਨਾਲ 1459 ਮਿਲੀਅਨ ਯੂਨਿਟ ਦੇ 776 ਕਰੋੜ ਰੁਪਏ ਸੂਬੇ ਨੇ ਅਦਾ ਕੀਤੇ।

ਡਾ. ਗਾਂਧੀ ਨੇ ਇਲਜ਼ਾਮ ਲਗਾਇਆ ਕਿ ਭਾਰੀ ਕੀਮਤ ਉੱਪਰ ਕੋਲਾ ਇੰਪੋਰਟ ਕਰਨ ਵਾਲੀਆਂ ਆਡਾਨੀਆਂ ਦੀਆਂ ਕੰਪਨੀਆਂ ਨੂੰ ਲਾਹਾ ਪਹੁੰਚਾਉਣ ਲਈ ਬਾਦਲਾਂ ਨੇ ਜਾਣ ਬੁੱਝ ਕੇ ਝਾਰਖੰਡ ਵਿਚ ਅਲਾਟ ਹੋਈ ਪਛਵਾੜਾ ਕੋਲਾ ਖਾਨ ਨੂੰ ਅਪ੍ਰੈਲ 2015 ਤੋਂ ਚਾਲੂ ਹੀ ਨਹੀਂ ਕੀਤਾ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਸੈਂਕੜਿਆਂ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਇਸ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਅਤੇ ਹੋਰਨਾਂ ਨਿੱਜੀ ਕੰਪਨੀਆਂ ਤੋਂ ਮਹਿੰਗੇ ਮੁੱਲ ਉੱਪਰ ਬਿਜਲੀ ਅਤੇ ਕੋਲਾ ਖਰੀਦਣਾ ਪਿਆ।

ਇਸ ਮੌਕੇ ਜਗਦੇਵ ਸਿੰਘ ਕਮਾਲੂ ਐੱਮ. ਐੱਲ. ਏ. ਮੌੜ, ਮਾਸਟਰ ਬਲਦੇਵ ਸਿੰਘ ਐੱਮ. ਐੱਲ. ਏ ਜੈਤੋਂ, ਪਿਰਮਲ ਸਿੰਘ ਖਾਲਸਾ ਐੱਮ. ਐੱਲ. ਏ. ਭਦੌੜ, ਸੀ. ਪੀ. ਆਈ. ਦੇ ਬੰਤ ਸਿੰਘ ਬਰਾੜ, ਆਰ. ਐੱਮ. ਪੀ. ਆਈ. ਦੇ ਮੰਗਤ ਰਾਮ ਬੰਸਲ ਅਤੇ ਰਸ਼ਪਾਲ ਸਿੰਘ ਜੋੜਾਮਾਜਰਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।


author

Shyna

Content Editor

Related News