ਐਗਜ਼ਿਟ ਪੋਲ ਦੇ ਦਾਅਵੇ ਹੋਣ ਲੱਗੇ ਸੱਚ, ਪੰਜਾਬ 'ਚ 'ਆਪ' ਪੂਰਨ ਬਹੁਮਤ ਵੱਲ

Thursday, Mar 10, 2022 - 12:01 PM (IST)

ਐਗਜ਼ਿਟ ਪੋਲ ਦੇ ਦਾਅਵੇ ਹੋਣ ਲੱਗੇ ਸੱਚ, ਪੰਜਾਬ 'ਚ 'ਆਪ' ਪੂਰਨ ਬਹੁਮਤ ਵੱਲ

ਚੰਡੀਗੜ੍ਹ (ਭਾਸ਼ਾ)- ਪੰਜਾਬ 'ਚ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ (ਆਪ) ਕੁੱਲ 117 ਵਿਧਾਨ ਸਭਾ ਸੀਟਾਂ ਵਿਚੋਂ 88 ਸੀਟਾਂ ’ਤੇ ਅੱਗੇ ਚੱਲ ਕੇ ਸੂਬੇ ਵਿਚ ਪੂਰਨ ਬਹੁਮਤ ਹਾਸਲ ਕਰਨ ਲਈ ਅੱਗੇ ਵਧ ਰਹੀ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਵਿਧਾਨ ਸਭਾ ਸੀਟਾਂ ਤੋਂ ਪਿੱਛੇ ਚੱਲ ਰਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਵੀ ਆਪੋ-ਆਪਣੀ ਸੀਟਾਂ 'ਤੇ ਪਿੱਛੇ ਚੱਲ ਰਹੇ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਜਲਾਲਾਬਾਦ ਸੀਟ ਤੋਂ ਕਰੀਬ 2000 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਅੰਮ੍ਰਿਤਸਰ ਪੂਰਬੀ ਸੀਟ ਤੋਂ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਪਿੱਛੇ ਚੱਲ ਰਹੇ ਹਨ। ਇੱਥੋਂ ‘ਆਪ’ ਦੀ ਉਮੀਦਵਾਰ ਜੀਵਨ ਜੋਤ ਕੌਰ ਅੱਗੇ ਚੱਲ ਰਹੀ ਹੈ। ਉਥੇ ਹੀ ਧੂਰੀ ਸੀਟ ਤੋਂ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ 26,516 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸਵੇਰੇ 10.30 ਵਜੇ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਅੰਕੜਿਆਂ ਮੁਤਾਬਕ ਆਮ ਆਦਮੀ ਪਾਰਟੀ (ਆਪ) 88 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ 13 ਸੀਟਾਂ 'ਤੇ, ਸ਼੍ਰੋਮਣੀ ਅਕਾਲੀ ਦਲ 8 ਸੀਟਾਂ 'ਤੇ, ਭਾਰਤੀ ਜਨਤਾ ਪਾਰਟੀ (ਭਾਜਪਾ) 5 ਸੀਟਾਂ 'ਤੇ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) 2 ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਇਕ ਸੀਟ 'ਤੇ ਇਕ ਆਜ਼ਾਦ ਉਮੀਦਵਾਰ ਅੱਗੇ ਹੈ।

ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੀਰਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਹੋ ਰਹੀ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਦੀ ਜਿੱਤ ਹੋ ਰਹੀ ਹੈ। ਉਨ੍ਹਾਂ ਕਿਹਾ, “ਪਿਛਲੀਆਂ ਸਰਕਾਰਾਂ ਦੇ ਸ਼ਾਸਨ ਦੌਰਾਨ ਸੂਬੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੀਆਂ ਉਮੀਦਾਂ ‘ਆਪ’ ‘ਤੇ ਟਿਕੀਆਂ ਹੋਈਆਂ ਹਨ।” ਉਨ੍ਹਾਂ ਕਿਹਾ ਕਿ ਪੰਜਾਬ ਲਈ ਇਕ ਨਵੀਂ ਸ਼ੁਰੂਆਤ ਹੋਈ ਹੈ ਅਤੇ ਸੂਬਾ ਹੁਣ ਖੁਸ਼ਹਾਲ ਹੋਵੇਗਾ।

ਕਾਂਗਰਸ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, ''ਇਨ੍ਹਾਂ ਪਾਰਟੀਆਂ ਨੇ ਕਦੇ ਵੀ ਆਮ ਜਨਤਾ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ।'' 'ਆਪ' ਦੇ ਸਮਰਥਕ ਸੁਖਵਿੰਦਰ ਸਿੰਘ ਨੇ ਕਿਹਾ, ''ਸਾਡੀ ਪਾਰਟੀ ਨੂੰ ਰੁਝਾਨ ਵਿਚ ਭਾਰੀ ਬਹੁਮਤ ਮਿਲਿਆ ਹੈ। ਇਹ ਦਿਖਾਈ ਦੇ ਰਿਹਾ ਹੈ ਅਤੇ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਦਿੱਲੀ ਦੇ ਸ਼ਾਸਨ ਮਾਡਲ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ। ਵਿਧਾਨ ਸਭਾ ਹਲਕਾ ਖਰੜ 'ਚ 'ਆਪ' ਦੇ ਸਮਰਥਕ ਲਖਵਿੰਦਰ ਢੋਲ ਦੀ ਤਾਕ 'ਤੇ ਨੱਚਦੇ ਨਜ਼ਰ ਆਏ। ਪਾਰਟੀ ਦੇ ਬਾਕੀ ਸਮਰਥਕਾਂ ਨੂੰ ਮਠਿਆਈਆਂ ਵੰਡਦਿਆਂ ਉਨ੍ਹਾਂ ਕਿਹਾ, 'ਜਿਹੜੀਆਂ ਪਾਰਟੀਆਂ ਕੱਲ੍ਹ ਤੱਕ ਚੋਣਾਂ ਤੋਂ ਬਾਅਦ ਦੇ ਸਰਵੇਖਣਾਂ 'ਤੇ ਸਵਾਲ ਚੁੱਕ ਰਹੀਆਂ ਸਨ, ਜਿਨ੍ਹਾਂ 'ਚ 'ਆਪ' ਨੂੰ ਸਪੱਸ਼ਟ ਬਹੁਮਤ ਦਿਖਾਇਆ ਗਿਆ ਸੀ, ਉਨ੍ਹਾਂ ਕੋਲ ਹੁਣ ਕਹਿਣ ਲਈ ਕੁਝ ਨਹੀਂ ਹੈ।'


author

cherry

Content Editor

Related News