ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਦੀਆਂ ਤਿਆਰੀਆਂ ਸ਼ੁਰੂ, ਚਿੱਤਰ ਪ੍ਰਦਰਸ਼ਨੀ ਬਣੇਗੀ ਖਿੱਚ ਦਾ ਕੇਂਦਰ
Thursday, Oct 22, 2020 - 06:57 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ 'ਚ ਆਈ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੌ ਸਾਲਾ ਸ਼ਤਾਬਦੀ ਮੌਕੇ ਕੀਤੇ ਜਾ ਰਹੇ ਵਿਸ਼ੇਸ਼ ਸਮਾਗਮਾਂ 'ਚ ਸਿੱਖ ਸੰਸਥਾ ਦੀ ਸਥਾਪਨਾ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਰੂਪਮਾਨ ਕਰਦੀ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਬੀਤੇ ਦਿਨੀਂ ਸ਼ਤਾਬਦੀ ਕਮੇਟੀ ਦੀ ਇਕੱਤਰਤਾ 'ਚ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਅਮਲ 'ਚ ਲਿਆਉਣ ਲਈ ਅੱਜ ਨਾਮੀ ਚਿੱਤਰਕਾਰਾਂ ਨਾਲ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਬੈਠਕ ਕਰਕੇ ਪ੍ਰਦਰਸ਼ਨੀ ਦੀ ਰੂਪ-ਰੇਖਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਦੱਸਣਯੋਗ ਹੈ ਕਿ ਇਹ ਚਿੱਤਰ ਪ੍ਰਦਰਸ਼ਨੀ 12 ਤੋਂ 15 ਨਵੰਬਰ ਤੱਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਲਗਾਈ ਜਾਵੇਗੀ। ਇਸ ਮੌਕੇ ਸਜਾਈਆਂ ਜਾਣ ਵਾਲੀਆਂ ਤਸਵੀਰਾਂ ਨੂੰ ਤਿਆਰ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਕ ਹਫ਼ਤੇ ਦੀ ਚਿਤਰਕਲਾ ਵਰਕਸ਼ਾਪ ਵੀ ਲਗਾਈ ਜਾਵੇਗੀ। ਤਿਆਰ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਵਿਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਕੀਤੇ ਗਏ ਸੰਘਰਸ਼, ਮੋਰਚਿਆਂ ਅਤੇ ਕੁਰਬਾਨੀਆਂ ਦੇ ਇਤਿਹਾਸ ਨੂੰ ਦਰਸਾਇਆ ਜਾਵੇਗਾ। ਅੱਜ ਹੋਈ ਇਕੱਤਰਤਾ ਮੌਕੇ 30 ਦੇ ਕਰੀਬ ਚਿੱਤਰਕਾਰਾਂ ਨੇ ਹਿੱਸਾ ਲਿਆ ਅਤੇ ਚਿੱਤਰ ਤਿਆਰ ਕਰਨ ਲਈ ਵਿਸ਼ਿਆਂ ਬਾਰੇ ਰਾਏ-ਮਸ਼ਵਰਾ ਦਿੱਤਾ।
ਚਿੱਤਰਕਾਰਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਇਹ ਯਤਨ ਬੇਹੱਦ ਸਾਰਥਿਕ ਹੈ ਅਤੇ ਇਸ ਨਾਲ ਨੌਜਵਾਨ ਪੀੜੀ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਜੁੜੇਗੀ। ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੀ ਅਜਿਹੀ ਹੀ ਚਿੱਤਰ ਪ੍ਰਦਰਸ਼ਨੀ ਲਗਾਈ ਗਈ ਸੀ। ਪ੍ਰਦਰਸ਼ਨੀ ਸਬੰਧੀ ਕੀਤੀ ਗਈ ਇਕੱਤਰਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਸਕੱਤਰ ਸਿੰਘ, ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ• ਸਾਹਿਬ, ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸਤਵਿੰਦਰ ਸਿੰਘ ਫੂਲਪੁਰ, ਸਿੱਖ ਵਿਦਵਾਨ ਤਲਵਿੰਦਰ ਸਿੰਘ ਬੁੱਟਰ ਸਮੇਤ ਵੱਖ-ਵੱਖ ਥਾਵਾਂ ਤੋਂ ਆਏ ਚਿੱਤਰਕਾਰ ਮੌਜੂਦ ਸਨ।