ਸਾਬਕਾ DETC ਐਕਸਾਈਜ਼ ਵੱਲੋਂ ਸ਼ਰਾਬ ਦੇ ਠੇਕੇ ਨੂੰ ਸ਼ਿਫਟ ਕਰਨ ਦੇ ਹੁਕਮ ''ਤੇ ਲੱਗਾ ਸਵਾਲੀਆ ਨਿਸ਼ਾਨ
Friday, Aug 28, 2020 - 10:31 AM (IST)
ਜਲੰਧਰ (ਜ. ਬ.)— ਆਬਕਾਰੀ ਮਹਿਕਮੇ 'ਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਤੋਂ ਲੈ ਕੇ ਉਨ੍ਹਾਂ ਦੇ ਕਈ ਹੋਰ ਕੰਮਾਂ 'ਚ ਕਈ ਤਰ੍ਹਾਂ ਦੀਆਂ ਹੇਰਾਫੇਰੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਉਕਤ ਮਾਮਲਾ ਜੋ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ, ਉਹ ਹੈ ਸਾਬਕਾ ਡੀ. ਈ. ਟੀ. ਸੀ. ਵੱਲੋਂ ਕਪੂਰਥਲਾ ਦੇ ਇਕ ਸ਼ਰਾਬ ਦੇ ਠੇਕੇ ਨੂੰ ਨਿਯਮਾਂ ਦੀ ਉਲੰਘਣਾ ਕਰਕੇ ਸ਼ਿਫਟ ਕਰਨ ਦੇ ਹੁਕਮ ਜਾਰੀ ਕਰਨ ਦਾ। ਇਸ ਮਾਮਲੇ ਨੂੰ ਲੈ ਕੇ ਮਹਿਕਮੇ 'ਚ ਤਰਥੱਲੀ ਮਚੀ ਹੋਈ ਹੈ ਕਿਉਂਕਿ ਸਾਬਕਾ ਡੀ. ਈ. ਟੀ. ਸੀ. ਨੇ ਨਿਯਮਾਂ ਦੇ ਉਲਟ ਜਾ ਕੇ ਠੇਕੇ ਨੂੰ ਸ਼ਿਫਟ ਕਰਵਾਉਣ ਦੀ ਆਖਰੀ ਤਰੀਕ ਨਿਕਲ ਜਾਣ ਦੇ ਤਕਰੀਬਨ 10 ਦਿਨਾਂ ਬਾਅਦ ਠੇਕੇ ਨੂੰ ਸ਼ਿਫਟ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਮਾਮਲੇ ਬਾਰੇ ਮਹਿਕਮੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਜ਼ੋਨ-1 ਸ਼ੇਖੂਪੁਰਾ ਦਾ ਠੇਕਾ ਮੈਸਰਜ਼ ਹੰਸਰਾਜ ਐਂਡ ਸੰਨਜ਼ ਨੂੰ 2020-21 ਲਈ ਅਲਾਟ ਕੀਤਾ ਗਿਆ ਸੀ। ਉਕਤ ਅਲਾਟੀ ਨੇ 30 ਮਈ ਨੂੰ ਠੇਕਾ ਤਬਦੀਲ ਕਰਕੇ ਸ਼ਿਫਟ ਕਰਨ ਦੀ ਅਰਜ਼ੀ ਦਿੱਤੀ, ਜਿਸ 'ਚ ਅਪਰੂਵਡ ਚਾਰਟ 'ਚ ਦਰਸਾਏ ਇਲਾਕੇ 'ਚੋਂ ਠੇਕਾ ਸ਼ਿਫਟ ਕਰਨ ਦੀ ਅਪੀਲ ਕੀਤੀ ਗਈ ਸੀ। ਜਾਣਕਾਰਾਂ ਦੀ ਮੰਨੀਏ ਤਾਂ ਨਿਯਮਾਂ ਅਨੁਸਾਰ ਠੇਕਾ ਸ਼ਿਫਟ ਕਰਨ ਦੀ ਆਖਰੀ ਤਰੀਕ 31 ਮਈ ਸੀ ਪਰ ਸਬੰਧਤ ਅਧਿਕਾਰੀ ਨੇ ਠੇਕਾ ਸ਼ਿਫਟ ਕਰਨ ਦੇ ਹੁਕਮਾਂ 'ਤੇ 9 ਜੂਨ 2020 ਨੂੰ ਦਸਤਖਤ ਕੀਤੇ।
ਇਸ ਤੋਂ ਬਾਅਦ ਠੇਕਾ ਸ਼ਿਫਟ ਕਰ ਕੇ ਸੁਲਤਾਨਪੁਰ ਲੋਧੀ ਰੋਡ ਨੇੜੇ ਮਾਰਕੀਟ ਚੌਕ 'ਚ ਲਿਜਾਇਆ ਗਿਆ ਪਰ ਜਿੱਥੇ ਇਹ ਠੇਕਾ ਲਿਜਾਇਆ ਗਿਆ, ਉੱਥੇ ਪਹਿਲਾਂ ਤੋਂ ਹੀ ਕਪੂਰਥਲਾ ਜ਼ੋਨ-1 ਦੇ ਜਿਸ ਗਰੁੱਪ ਦਾ ਠੇਕਾ ਸੀ, ਉਸ ਠੇਕੇਦਾਰ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਕਿ ਉਕਤ ਇਲਾਕਾ ਤਾਂ ਉਸ ਨੂੰ ਅਲਾਟ ਹੋਇਆ ਹੈ। ਇਸ ਲਈ ਜੇਕਰ ਉਸ ਦੇ ਠੇਕੇ ਨੇੜੇ ਦੂਜਾ ਠੇਕਾ ਸ਼ਿਫਟ ਕਰਕੇ ਸ਼ੁਰੂ ਕਰਵਾਇਆ ਜਾਵੇਗਾ ਤਾਂ ਉਸ ਦੀ ਸੇਲ ਪ੍ਰਭਾਵਿਤ ਹੋਵੇਗੀ ਪਰ ਉਕਤ ਠੇਕੇਦਾਰ ਦੀ ਕੋਈ ਸੁਣਵਾਈ ਨਹੀਂ ਹੋਈ। ਅਖੀਰ ਉਕਤ ਠੇਕੇਦਾਰ ਨੇ ਇਸ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਇਸ ਦੌਰਾਨ ਮਹਿਕਮੇ 'ਚ ਤਬਾਦਲੇ ਵੀ ਹੋਏ ਅਤੇ ਆਬਕਾਰੀ ਮਹਿਕਮਾ ਰੈਵੇਨਿਊ ਮਹਿਕਮੇ ਤੋਂ ਵੱਖ ਹੋ ਗਿਆ।
ਮਾਮਲੇ ਦੀ ਜਾਂਚ ਮੌਜੂਦਾ ਡੀ. ਈ. ਟੀ. ਸੀ. ਐਕਸਾਈਜ਼ ਕੋਲ ਪਹੁੰਚੀ ਤਾਂ ਮੌਜੂਦਾ ਅਧਿਕਾਰੀ ਨੇ ਸਾਰੇ ਮਾਮਲੇ ਤੋਂ ਪਰਦਾ ਉਠਾਉਂਦੇ ਹੋਏ ਜੋ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਹੈ, ਉਸ ਬਾਰੇ ਮਹਿਕਮੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਪਤਾ ਲੱਗਾ ਹੈ ਕਿ ਡੀ. ਈ. ਟੀ. ਸੀ. ਐਕਸਾਈਜ਼ ਨੇ ਆਪਣੀ ਰਿਪੋਰਟ 'ਚ ਸਾਫ ਲਿਖਿਆ ਹੈ ਕਿ ਉਕਤ ਕਪੂਰਥਲਾ ਜ਼ੋਨ-1 ਦੇ ਸ਼ਰਾਬ ਦੇ ਠੇਕੇ ਨੂੰ ਸ਼ਿਫਟ ਕਰਨ ਦੇ ਹੁਕਮ ਨਿਰਧਾਰਿਤ ਤਰੀਕ ਦੇ ਕਈ ਦਿਨਾਂ ਬਾਅਦ ਨਿਯਮਾਂ ਦੀ ਉਲੰਘਣਾ ਕਰਕੇ ਜਾਰੀ ਕੀਤੇ ਗਏ, ਜੋ ਕਿ ਗਲਤ ਹੈ, ਇਸ ਲਈ ਉਕਤ ਠੇਕਾ ਸ਼ਿਫਟ ਕਰਨ ਦੇ ਹੁਕਮ ਰੱਦ ਕੀਤੇ ਜਾਣ।
ਅਜਿਹੇ 'ਚ ਸਿੱਧੇ ਤੌਰ 'ਤੇ ਸਾਬਕਾ ਡੀ. ਈ. ਟੀ. ਸੀ. ਐਕਸਾਈਜ਼ ਦੇ ਹੁਕਮ ਜੋ ਕਿ ਨਿਰਧਾਰਿਤ ਤਰੀਕ ਤੋਂ ਕਈ ਦਿਨਾਂ ਬਾਅਦ ਨਿਯਮਾਂ ਦੇ ਉਲਟ ਜਾ ਕੇ ਜਾਰੀ ਕੀਤੇ ਗਏ ਸਨ, ਸਵਾਲਾਂ 'ਚ ਘਿਰ ਗਏ ਹਨ। ਵੇਖਣਾ ਹੋਵੇਗਾ ਕਿ ਮੌਜੂਦਾ ਡੀ. ਈ. ਟੀ. ਸੀ. ਦੀ ਰਿਪੋਰਟ 'ਤੇ ਮਹਿਕਮਾ ਕੀ ਐਕਸ਼ਨ ਲੈਂਦਾ ਹੈ। ਮਾਮਲੇ ਬਾਰੇ ਮੌਜੂਦਾ ਡੀ. ਈ. ਟੀ. ਸੀ. ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਹ ਮਹਿਕਮੇ ਦਾ ਮਾਮਲਾ ਹੈ, ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ, ਜਦਕਿ ਸਾਬਕਾ ਡੀ. ਈ. ਟੀ. ਸੀ. ਨਾਲ ਸੰਪਰਕ ਨਹੀਂ ਹੋ ਸਕਿਆ।