ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ 150 ਲਿਟਰ ਲਾਹਣ ਬਰਾਮਦ
Wednesday, Dec 14, 2022 - 05:08 PM (IST)
ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਵੱਲੋਂ ਸਰਕਲ ਬਟਾਲਾ ਅਤੇ ਰੰਗੜ ਨੰਗਲ ਤਹਿਤ ਆਉਂਦੇ ਪਿੰਡਾਂ ਵਿਚ ਸਰਚ ਅਭਿਆਨ ਤੇਜ਼ ਕਰਦਿਆਂ ਲਾਹਣ ਬਰਾਮਦ ਕੀਤੀ ਗਈ ਹੈ। ਰਜਿੰਦਰਾ ਵਾਈਨ ਦੇ ਜੀ.ਐੱਮ. ਤੇਜਿੰਦਰਪਾਲ ਸਿੰਘ ਤੇਜੀ ਅਨੁਸਾਰ ਜ਼ਿਲ੍ਹਾ ਸਹਾਇਕ ਐਕਸਾਈਜ਼ ਕਮਿਸ਼ਨਰ ਰਾਹੁਲ ਭਾਟੀਆ ਤੇ ਐੱਸ.ਐੱਸ.ਪੀ. ਬਟਾਲਾ ਸਤਿੰਦਰ ਸਿੰਘ ਵੱਲੋਂ ਪੁਲਸ ਤੇ ਐਕਸਾਈਜ਼ ਵਿਭਾਗ ਨੂੰ ਦਿੱਤੇ ਸਖ਼ਤ ਹੁਕਮਾਂ ਤਹਿਤ ਈ.ਟੀ.ਓ. ਐਕਸਾਈਜ਼ ਗੌਤਮ ਗੋਬਿੰਦ, ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ, ਇੰਸਪੈਕਟਰ ਅਵਤਾਰ ਸਿੰਘ, ਐਕਸਾਈਜ਼ ਪੁਲਸ ਸਟਾਫ਼ ਬਟਾਲਾ ਏ. ਐੱਸ. ਆਈ. ਗੁਰਮੀਤ ਸਿੰਘ, ਹੌਲਦਾਰ ਪਵਨ ਕੁਮਾਰ, ਹੌਲਦਾਰ ਪਰਗਟ ਸਿੰਘ, ਹੌਲਦਾਰ ਕਰਨਬੀਰ, ਨਰਿੰਦਰ ਕੁਮਾਰ ਹੌਲਦਾਰ, ਗਗਨ ਸਿੰਘ, ਹਰਵਿੰਦਰ ਸਿੰਘ ਹੌਲਦਾਰ, ਸਰਕਲ ਇੰਚਾਰਜ ਜਤਿੰਦਰ ਸਿੰਘ ’ਤੇ ਆਧਾਰਿਤ ਟੀਮ ਨੇ ਰੇਡ ਕੀਤੀ।
ਇਸ ਦੌਰਾਨ ਰੇਡ ਟੀਮ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਰੰਗੜ ਨੰਗਲ ਥਾਣੇ ਤਹਿਤ ਆਉਂਦੇ ਪਿੰਡਾਂ ’ਚ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ ਕਿ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰੰਗੜ ਨੰਗਲ ਦੀ ਡਰੇਨ ’ਤੇ ਕੁੱਝ ਲੋਕ ਸ਼ਰਾਬ ਦਾ ਗ਼ੈਰ ਕਾਨੂੰਨੀ ਧੰਦਾ ਕਰ ਰਹੇ ਹਨ, ਜੇ ਹੁਣੇ ਛਾਪੇਮਾਰੀ ਕੀਤੀ ਜਾਵੇ ਜਿਸ ’ਤੇ ਰੇਡ ਪਾਰਟੀ ਨੇ ਜਦ ਛਾਪੇਮਾਰੀ ਕੀਤੀ ਤਾਂ ਦੋ ਲੋਹੇ ਦੇ ਡਰੰਮਾਂ ਵਿਚ 150 ਲਿਟਰ ਲਾਹਣ ਜੋ ਕਿ ਨਹਿਰ ਦੇ ਕਿਨਾਰੇ ਜ਼ਮੀਨ ’ਚ ਦੱਬੀ ਹੋਈ ਸੀ, ਬਰਾਮਦ ਕਰ ਲਈ। ਬਾਅਦ ਵਿਚ ਐਕਸਾਈਜ਼ ਵਿਭਾਗ ਨੇ ਫੜੀ ਗਈ ਲਾਹਣ ਨੂੰ ਨਸ਼ਟ ਕਰ ਦਿੱਤਾ।