ਲਾਟਰੀ ਸਿਸਟਮ ਰਾਹੀਂ ਕਰੋੜਾਂ ਰੁਪਏ ''ਚ ਠੇਕੇ ਅਲਾਟ

Tuesday, Mar 27, 2018 - 12:20 PM (IST)

ਲਾਟਰੀ ਸਿਸਟਮ ਰਾਹੀਂ ਕਰੋੜਾਂ ਰੁਪਏ ''ਚ ਠੇਕੇ ਅਲਾਟ

ਪਟਿਆਲਾ (ਰਾਜੇਸ਼, ਬਲਜਿੰਦਰ)-ਪੰਜਾਬ ਦੀ ਨਵੀਂ ਆਬਕਾਰੀ ਨੀਤੀ 2018-19 ਤਹਿਤ ਆਬਕਾਰੀ ਵਿਭਾਗ ਨੂੰ ਪਟਿਆਲਾ ਜ਼ਿਲੇ ਦੇ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਤੋਂ ਕਰੋੜਾਂ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਐਕਸਾਈਜ਼ ਵਿਭਾਗ ਵੱਲੋਂ ਲਾਟਰੀ ਸਿਸਟਮ ਰਾਹੀਂ ਸਰਹਿੰਦ ਰੋਡ ਸਥਿਤ ਇਕ ਪੈਲੇਸ ਵਿਚ ਠੇਕਿਆਂ ਦੀ ਅਲਾਟਮੈਂਟ ਕੀਤੀ ਗਈ।
ਸ਼ਹਿਰ ਦੇ ਅੰਦਰਲੇ ਤੇ ਦਿਹਾਤੀ ਖੇਤਰਾਂ ਦੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ (ਐੈੱਲ-14 ਏ ਅਤੇ ਐੈੱਲ-2) ਦੇ 376 ਠੇਕਿਆਂ ਸਬੰਧੀ ਬਣਾਏ ਗਏ 59 ਜ਼ੋਨਾਂ ਲਈ ਡਰਾਅ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀਮਤੀ ਪ੍ਰਨੀਤ ਸ਼ੇਰਗਿੱਲ ਦੀ ਵਿਸ਼ੇਸ਼ ਨਿਗਰਾਨੀ ਹੇਠ ਇੱਥੇ ਸਰਹਿੰਦ ਰੋਡ ਵਿਖੇ ਇਕ ਨਿੱਜੀ ਪੈਲੇਸ 'ਚ ਕੱਢੇ ਗਏ। ਜ਼ਿਲਾ ਪ੍ਰਸ਼ਾਸਨ ਵੱਲੋਂ ਇਹ ਡਰਾਅ ਕੱਢਣ ਦੀ ਸਮੁੱਚੀ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨੀ ਯਕੀਨੀ ਬਣਾਉਣ ਲਈ ਸਹਾਇਕ ਕਮਿਸ਼ਨਰ (ਜਨਰਲ) ਸੂਬਾ ਸਿੰਘ ਦੀ ਅਗਵਾਈ ਹੇਠ ਉਚੇਚੇ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਪਟਿਆਲਾ ਸੁਰਿੰਦਰ ਗਰਗ ਨੇ ਦੱਸਿਆ ਕਿ ਇਸ ਵਾਰ ਜ਼ਿਲੇ ਦੇ ਦੇਸੀ ਅਤੇ ਅੰਗਰੇਜ਼ੀ ਠੇਕਿਆਂ (ਐੈੱਲ-14 ਏ ਅਤੇ ਐੈੱਲ-2) ਤੋਂ ਵਿਭਾਗ ਨੂੰ ਕਰੋੜਾਂ ਰੁਪਇਆਂ ਦਾ ਮਾਲੀਆ ਇਕੱਠਾ ਹੋਵੇਗਾ। ਪਿਛਲੇ ਸਾਲ ਦੌਰਾਨ ਇਹ ਮਾਲੀਆ 268 ਕਰੋੜ ਰੁਪਏ ਦੇ ਕਰੀਬ ਸੀ। ਇਸ ਮੌਕੇ ਈ. ਟੀ. ਓ. ਆਬਕਾਰੀ ਚੰਦਰ ਮਹਿਤਾ ਨੇ ਡਰਾਅ ਕੱਢਣ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ 'ਚ ਆਪਣੀ ਭੂਮਿਕਾ ਨਿਭਾਉਂਦਿਆਂ ਮੰਚ ਸੰਚਾਲਨ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਵਾਰ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ 376 ਠੇਕਿਆਂ ਦੇ 59 ਜ਼ੋਨ ਬਣਾਏ ਗਏ ਸਨ, ਜਿਨ੍ਹਾਂ ਲਈ 310 ਅਰਜ਼ੀਆਂ ਆਈਆਂ ਸਨ। ਪ੍ਰਤੀ ਅਰਜ਼ੀ 18 ਹਜ਼ਾਰ ਰੁਪਏ ਫ਼ੀਸ ਰੱਖੀ ਗਈ ਸੀ। ਇਸ ਤਰ੍ਹਾਂ ਪਟਿਆਲਾ ਦੇ 28 ਜ਼ੋਨਾਂ ਲਈ 155 ਅਰਜ਼ੀਆਂ ਆਈਆਂ ਸਨ। ਰਾਜਪੁਰਾ ਦੇ 13 ਜ਼ੋਨਾਂ ਲਈ 103, ਨਾਭਾ ਦੇ 10 ਜ਼ੋਨਾਂ ਲਈ 42, ਸਮਾਣਾ ਦੇ 4 ਜ਼ੋਨਾਂ ਲਈ 4 ਅਤੇ ਪਾਤੜਾਂ ਦੇ 4 ਜ਼ੋਨਾਂ ਲਈ 5 ਅਰਜ਼ੀਆਂ ਆਈਆਂ ਸਨ।
ਠੇਕਿਆਂ ਦੇ ਡਰਾਅ ਕੱਢੇ ਜਾਣ ਮੌਕੇ ਪ੍ਰਮੋਦ ਸਿੰਗਲਾ, ਰਾਜੂ ਧਮੀਜਾ, ਵਿਜੇ ਗਰਗ, ਸ਼੍ਰੀਮਤੀ ਸੁਨੀਤਾ ਬਤਰਾ, ਹਰਸ਼ਿਤ ਨਾਰੰਗ, ਪਾਇਲ ਗੁਪਤਾ ਤੇ ਰਿਚਾ ਗੋਇਲ (ਸਾਰੇ ਈ. ਟੀ. ਓਜ਼. ਟੈਕਸੇਸ਼ਨ) ਸਮੇਤ ਆਬਕਾਰੀ ਇੰਸਪੈਕਟਰਜ਼, ਡੀ. ਐੈੱਸ. ਪੀ. ਗੁਰਦੇਵ ਸਿੰਘ ਧਾਲੀਵਾਲ, ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ, ਐੈੱਸ. ਐੈੱਚ. ਓ. ਥਾਣਾ ਅਨਾਜ ਮੰਡੀ ਐੈੱਸ. ਆਈ. ਹੈਰੀ ਬੋਪਾਰਾਏ ਅਤੇ ਠੇਕੇ ਲੈਣ ਦੇ ਚਾਹਵਾਨ ਤੇ ਉਨ੍ਹਾਂ ਦੇ ਸਮਰਥਕ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ।
ਨਾਭਾ ਦੇ ਠੇਕਿਆਂ ਦੀ ਨੀਲਾਮੀ ਦੇਰ ਰਾਤ ਤੱਕ ਜਾਰੀ ਰਹੀ : ਜ਼ਿਲੇ ਦੀ ਨਾਭਾ ਤਹਿਸੀਲ ਦੇ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਖਬਰ ਲਿਖੇ ਜਾਣ ਤੱਕ ਦੇਰ ਰਾਤ ਤੱਕ ਜਾਰੀ ਸੀ।
ਪੁਲਸ ਰਹੀ ਤਾਇਨਾਤ : ਐਕਸਾਈਜ਼ ਵਿਭਾਗ ਵੱਲੋਂ ਸਰਹਿੰਦ ਰੋਡ ਵਿਖੇ ਇਕ ਪੈਲੇਸ ਵਿਚ ਸ਼ਰਾਬ ਦੇ ਠੇਕਿਆਂ ਦੀ ਰੱਖੀ ਨੀਲਾਮੀ ਦੌਰਾਨ ਭਾਰੀ ਤਾਦਾਦ ਵਿਚ ਪੁਲਸ ਮੁਲਾਜ਼ਮ ਤਾਇਨਾਤ ਸਨ। ਪੁਲਸ ਮੁਲਾਜ਼ਮਾਂ ਵੱਲੋਂ ਹਰ ਇਕ ਦੀ ਤਲਾਸ਼ੀ ਲੈ ਕੇ ਪੈਲੇਸ ਅੰਦਰ ਜਾਣ ਦਿੱਤਾ ਜਾ ਰਿਹਾ ਸੀ। 
ਸਾਲ 2017-2018 'ਚ ਇਕ ਫਰਮ ਕੋਲ ਹੀ ਸਨ ਠੇਕੇ : ਪਿਛਲੇ ਸਾਲ 2017-18 ਵਿਚ ਇਕ ਫਰਮ ਕੋਲ ਹੀ ਜ਼ਿਲੇ ਦੇ ਸਾਰੇ ਠੇਕੇ ਸਨ। ਪੂਰਾ ਸਾਲ ਮਹਿੰਗੇ ਰੇਟਾਂ 'ਤੇ ਸ਼ਰਾਬ ਦੀ ਵਿਕਰੀ ਹੁੰਦੀ ਰਹੀ। ਆਬਕਾਰੀ ਵਿਭਾਗ ਵੱਲੋਂ ਜ਼ਿਲੇ ਦੇ ਬਣਾਏ 59 ਗਰੁੱਪਾਂ ਦੇ ਚਲਦਿਆਂ ਸ਼ਰਾਬ ਸਸਤੀ ਹੋਣ ਦੀ ਸੰਭਾਵਨਾ ਹੈ। ਹਰ ਸਾਲ ਸ਼ਰਾਬ ਦੇ ਠੇਕਿਆਂ 'ਤੇ ਸਿੰਡੀਕੇਟ ਦਾ ਦਬਦਬਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਮਹਿੰਗੇ ਭਾਅ 'ਤੇ ਸ਼ਰਾਬ ਖਰੀਦਣ ਲਈ ਮਜਬੂਰ ਹੋਣਾ ਪਿਆ ਸੀ। ਜ਼ਿਲੇ ਵਿਚ 59 ਗਰੁੱਪ ਹੋਣ ਕਾਰਨ ਸਾਲ 2018-19 'ਚ ਸਿੰਡੀਕੇਟ ਬਣਨ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦੇ ਰਹੀ।


Related News