ਜ਼ਿਲ੍ਹੇ ’ਚ ਐਕਸਾਈਜ਼ ਨੀਤੀ ਦੀਆਂ ਉਡਣ ਲੱਗੀਆਂ ਧੱਜੀਆਂ, ਕੁੰਭਕਰਨੀ ਨੀਂਦ ਸੁੱਤਾ ਵਿਭਾਗ

Saturday, Sep 02, 2023 - 01:36 PM (IST)

ਜ਼ਿਲ੍ਹੇ ’ਚ ਐਕਸਾਈਜ਼ ਨੀਤੀ ਦੀਆਂ ਉਡਣ ਲੱਗੀਆਂ ਧੱਜੀਆਂ, ਕੁੰਭਕਰਨੀ ਨੀਂਦ ਸੁੱਤਾ ਵਿਭਾਗ

ਮੋਗਾ (ਗੋਪੀ ਰਾਊਕੇ, ਕਸ਼ਿਸ਼) : ਇਕ ਪਾਸੇ ਜਿੱਥੇ ‘ਆਪ’ ਸਰਕਾਰ ਵੱਲੋਂ ਪਿਛਲੇ ਵਰ੍ਹੇ 2022-23 ਵਿਚ ਬਣਾਈ ਗਈ ਨਵੀਂ ਐਕਸਾਈਜ਼ ਨੀਤੀ ਤਹਿਤ ਦਾਅਵਾ ਕੀਤਾ ਗਿਆ ਸੀ ਕਿ ਗ੍ਰਾਹਕਾਂ ਨੂੰ ਸਸਤੀ ਸ਼ਰਾਬ ਮੁਹੱਈਆ ਕਰਵਾਈ ਜਾਵੇਗੀ ਅਤੇ ਐਕਸਾਈਜ਼ ਵਿਭਾਗ ਦਾ ਸਮੁੱਚਾ ਕੰਮਕਾਰ ਵੀ ਪਾਰਦਰਸ਼ੀ ਢੰਗ ਨਾਲ ਚੱਲੇਗਾ। ਇਸੇ ਨੀਤੀ ਨੂੰ ਹੀ 2023-24 ਲਈ ਵੀ ਸਬੰਧਤ ਠੇਕੇਦਾਰਾਂ ਤੋਂ ਹੀ ਵੱਧ ਮਾਲੀਆ ਲੈ ਕੇ ਉਨ੍ਹਾਂ ਠੇਕੇਦਾਰਾਂ ਦੇ ਠੇਕੇ ਹੀ ਰੀਨਿਊ ਕਰ ਦਿੱਤੇ ਸਨ। ਮੋਗਾ ਜ਼ਿਲ੍ਹੇ ਅੰਦਰ ਪੰਜ ਸ਼ਰਾਬ ਦੇ ਕਾਰੋਬਾਰੀਆਂ ਕੋਲ ਸ਼ਰਾਬ ਦੇ ਠੇਕੇ ਹਨ।‘ਜਗ ਬਾਣੀ’ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 1 ਅਪ੍ਰੈਲ ਨੂੰ ਜਦੋਂ ਠੇਕੇ ਰੀਨਿਊ ਹੋਏ ਤਾਂ ਦੇਖਦੇ ਹੀ ਦੇਖਦੇ ਮੋਗਾ ਜ਼ਿਲ੍ਹੇ ਅੰਦਰ ਸ਼ਰਾਬ ਦੀਆਂ ਧੜਾਧੜ ਨਵੀਆਂ ਦੁਕਾਨਾਂ ਖੁੱਲ੍ਹ ਗਈਆਂ। ਨਵੀਂ ਨੀਤੀ ਤਹਿਤ ਭਾਵੇਂ ਗਰੁੱਪਾਂ ਨੂੰ ਕੁਝ ਫੀਸ ਭਰ ਕੇ ਨਵਾਂ ਠੇਕਾ ਖੋਲ੍ਹਣ ਦੀ ਮਨਜ਼ੂਰੀ ਤਾਂ ਹੈ, ਪਰ ਇਸ ਤੋਂ ਇਲਾਵਾ ਕਥਿਤ ਤੌਰ ’ਤੇ ਹੁਣ ਵੱਖ-ਵੱਖ ਥਾਵਾਂ ’ਤੇ ਨਾਜਾਇਜ਼ ਬ੍ਰਾਂਚਾਂ ਖੁੱਲਣ ਦਾ ਇਕ ਤਰ੍ਹਾਂ ਨਾਲ ਹੜ੍ਹ ਹੀ ਆ ਗਿਆ ਹੈ। ਜ਼ੋਨ-1 ਦੇ ਇਲਾਕੇ ਦੀ ਜਦੋਂ ਤਹਿਕੀਕਾਤ ਕੀਤੀ ਤਾਂ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਇਸ ਖੇਤਰ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਵੀ ਸਰਕਾਰੀ ਅੰਕੜਿਆਂ ਤੋਂ ਜ਼ਿਆਦਾ ਸ਼ਰਾਬ ਦੀਆਂ ਦੁਕਾਨਾਂ ਚੱਲਦੀਆਂ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਐਕਸਾਈਜ਼ ਵਿਭਾਗ ਇਸ ਮਾਮਲੇ ’ਤੇ ਆਖਿਰਕਾਰ ਚੁੱਪ ਕਿਉਂ ਵੱਟੀ ਬੈਠਾ ਹੈ। ਨਿਯਮਾਂ ਦੀ ਅਣਦੇਖੀ ਕਰ ਕੇ ਖੋਲ੍ਹੀਆਂ ਗਈਆਂ ਦੁਕਾਨਾਂ ਕੋਈ ਲੁਕ ਛੁਪ ਕੇ ਨਹੀਂ। ਸਗੋਂ ਚਿੱਟੇ ਦਿਨ ਹੀ ਚੱਲਦੀਆਂ ਹਨ। ਸੂਤਰਾਂ ਨੇ ਇਸ ਗੱਲ ਖੁਲਾਸਾ ਵੀ ਕੀਤਾ ਹੈ ਕਿ ਨਿਯਮਾਂ ਦੀ ਅਣਦੇਖੀ ਕਰ ਕੇ ਚੱਲਦੀਆਂ ਦੁਕਾਨਾਂ ਸਬੰਧੀ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਵੀ ਸਭ ਕੁਝ ਪਤਾ ਹੀ ਹੈ।

ਸੂਤਰ ਦੱਸਦੇ ਹਨ ਕਿ ਪਹਿਲਾਂ ਪਹਿਲ ਅਪ੍ਰੈਲ ਮਹੀਨੇ ਜਦੋਂ ਸਰਕਾਰੀ ਨਿਯਮਾਂ ਤੋਂ ਵਧੇਰੇ ਦੁਕਾਨਾਂ ਖੋਲਣ ਦੀ ਪ੍ਰੀਕਿਰਿਆ ਆਰੰਭ ਹੋਈ ਤਾਂ ਵਿਭਾਗ ਵੱਲੋਂ ਇਕ-2 ਨਾਜਾਇਜ਼ ਦੁਕਾਨਾਂ ਨੂੰ ਕਥਿਤ ਤੌਰ ’ਤੇ ਖੋਲ੍ਹਣ ਦੀ ਮਨਾਹੀ ਵੀ ਕੀਤੀ ਗਈ, ਜਿਸ ਤਹਿਤ ਕੁਝ ਠੇਕੇਦਾਰਾਂ ਨੇ ਅਪ੍ਰੈਲ ਮਹੀਨੇ ਕੁਝ ਦਿਨ ਨਿਯਮਾਂ ਨੂੰ ਛਿੱਕੇ ਟੰਗ ਕੇ ਖੁੱਲ੍ਹੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਵੀ ਕਰਵਾਇਆ ਪਰ ਕੁਝ ਦਿਨਾਂ ਬਾਅਦ ਇਹ ਵਰਤਾਰਾ ਫਿਰ ਸ਼ੁਰੂ ਹੋ ਗਿਆ ਅਤੇ ਹੁਣ ਪਿਛਲੇ ਚਾਰ ਮਹੀਨਿਆਂ ਤੋਂ ਬਿਨਾਂ ਸਰਕਾਰੀ ਫੀਸ ਭਰੇ ਕੁਝ ਦੁਕਾਨਾਂ ਵਾਧੂ ਵੀ ਚਲਾਈਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਸਿੱਧੇ ਤੌਰ ’ਤੇ ਠੇਕੇਦਾਰਾਂ ਦੀ ਤਾਂ ਭਾਵੇਂ ਚਾਂਦੀ ਬਣੀ ਹੋਈ ਹੈ, ਪਰ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਚੂਨਾ ਲੱਗ ਰਿਹਾ ਹੈ।

ਤਿੰਨ ਦਿਨਾਂ ਤੋਂ ਐਕਸਾਈਜ਼ ਮਹਿਕਮੇ ਨੇ ਨਾ ਦਿੱਤੀ ਜਾਣਕਾਰੀ

ਇਸੇ ਦੌਰਾਨ ਹੀ ‘ਜਗ ਬਾਣੀ’ ਦੀ ਟੀਮ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਮੋਗਾ ਸ਼ਹਿਰ ਅੰਦਰ ਚੱਲਦੀਆਂ ਕਥਿਤ ਨਾਜਾਇਜ਼ ਬ੍ਰਾਂਚਾਂ ਦੀ ਜਾਣਕਾਰੀ ਵਾਰ-ਵਾਰ ਮਹਿਕਮੇ ਤੋਂ ਮੰਗੀ ਜਾ ਰਹੀ ਸੀ ਤਾਂ ਮਹਿਕਮੇ ਵੱਲੋਂ ਹਮੇਸ਼ਾ ਹੀ ਜਲਦੀ ਜਾਇਜ਼ ਠੇਕਿਆਂ ਦੀ ਲਿਸਟ ਜਾਰੀ ਕਰਨ ਦਾ ਭਰੋਸਾ ਦਿੱਤਾ ਜਾਂਦਾ ਸੀ, ਪਰ ਵਿਭਾਗ ਦੇ ਈ. ਟੀ. ਓ. ਵਿਜੇ ਕੁਮਾਰ ਨੇ ਇਸ ਮਗਰੋਂ ਫੋਨ ਹੀ ਚੁੱਕਣਾ ਬੰਦ ਕਰ ਦਿੱਤਾ। ਇਸ ਕਾਰਨ ਭਾਵੇਂ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਤਾਂ ਨਾ ਮਿਲ ਸਕੀ ਪਰ ‘ਜਗ ਬਾਣੀ’ ਕੋਲ ਅਜਿਹੀਆਂ ਨਾਜਾਇਜ਼ ਬ੍ਰਾਂਚਾਂ ਦਾ ਪੁਖਤਾ ਰਿਕਾਰਡ ਮੌਜੂਦ ਹੈ, ਜੋ ਨਿਯਮਾਂ ਦੀ ਅਣਦੇਖੀ ਕਰ ਕੇ ਚੱਲ ਰਹੀਆਂ ਹਨ।

ਐਕਸਾਈਜ਼ ਵਿਭਾਗ ਪੰਜਾਬ ਦੀ ਟੀਮ ਜਾਂਚ ਕਰੇ ਤਾਂ ਹੋ ਸਕਦੇ ਹਨ ਹੈਰਾਨੀਜਨਕ ਖੁਲਾਸੇ

ਸ਼ਰਾਬ ਦੇ ਕਾਰੋਬਾਰ ਨਾਲ ਲੰਮਾਂ ਸਮਾਂ ਜੁੜੇ ਰਹੇ ਪੁਰਾਣੇ ਕਾਰੋਬਾਰੀ ਦਾ ਕਹਿਣਾ ਹੈ ਕਿ ਜੇਕਰ ਐਕਸਾਈਜ਼ ਵਿਭਾਗ ਇਨ੍ਹਾਂ ਕਥਿਤ ਨਾਜਾਇਜ਼ ਚੱਲਦੀਆਂ ਬ੍ਰਾਂਚਾਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰੇ ਤਾਂ ਸਾਰੀ ਸੱਚਾਈ ਸਾਹਮਣੇ ਆ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਸਰਕਾਰ ਜਾਂ ਵਿਭਾਗ ਇਸ ਮਾਮਲੇ ਨੂੰ ਕਿੰਨੀ ਕੁ ਤਵੱਜੋ ਦਿੰਦਾ ਹੈ।


author

Gurminder Singh

Content Editor

Related News