ਵਿਦਿਆਰਥੀਆਂ ਦੇ ਚਿਹਰਿਆਂ ''ਤੇ ਦਿਸੀਆਂ ਰੌਣਕਾਂ
Tuesday, Mar 06, 2018 - 03:23 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ, ਸੁਖਪਾਲ)- ਸੀ. ਬੀ. ਐੱਸ. ਈ. ਸਿਲੇਬਸ ਨਾਲ ਸਬੰਧਤ 10ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਪੇਪਰ ਅੱਜ ਤੋਂ ਸ਼ੁਰੂ ਹੋ ਗਏ ਹਨ। ਸ੍ਰੀ ਮੁਕਤਸਰ ਸਾਹਿਬ ਖੇਤਰ ਨਾਲ ਸਬੰਧਤ ਸੀ. ਬੀ. ਐੱਸ. ਈ. ਸਿਲੇਬਸ ਦੀ ਪੜ੍ਹਾਈ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਲਈ ਜ਼ਿਲੇ ਵਿਚ ਦੋ ਸਕੂਲਾਂ ਵਿਚ ਸੈਂਟਰ ਬਣਾਏ ਗਏ ਹਨ।
ਇਸ ਖੇਤਰ ਵਿਚ 12ਵੀਂ ਜਮਾਤ ਦੇ ਰੁਲ 715 ਵਿਦਿਆਰਥੀ ਹਨ। ਪੇਪਰ ਲੈਣ ਲਈ ਇਕ ਸੈਂਟਰ ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਦਕਿ ਦੂਸਰਾ ਸੈਂਟਰ ਸਥਾਨਕ ਜਲਾਲਾਬਾਦ ਰੋਡ 'ਤੇ ਸਥਿਤ ਨੈਸ਼ਨਲ ਪਬਲਿਕ ਸਕੂਲ 'ਚ ਬਣਾਇਆ ਗਿਆ ਹੈ।
ਕਿਹੜੇ ਸੈਂਟਰ 'ਚ ਕਿੰਨੇ ਵਿਦਿਆਰਥੀ ਬੈਠੇ
ਡੇਰਾ ਭਾਈ ਮਸਤਾਨ ਸਿੰਘ ਵਿਚ ਬਣਾਏ ਗਏ ਸੈਂਟਰ ਵਿਚ 310 ਵਿਦਿਆਰਥੀ 12ਵੀਂ ਕਲਾਸ ਦਾ ਪਹਿਲਾ ਅੰਗਰੇਜ਼ੀ ਦਾ ਪੇਪਰ ਦੇਣ ਲਈ ਬੈਠੇ, ਜਦਕਿ 11 ਵਿਦਿਆਰਥੀ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਸਨ। ਇਸੇ ਤਰ੍ਹਾਂ ਨੈਸ਼ਨਲ ਪਬਲਿਕ ਸਕੂਲ ਦੇ ਸੈਂਟਰ 'ਚ 405 ਵਿਦਿਆਰਥੀ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਸਨ ਅਤੇ ਇੱਥੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਗਿਣਤੀ 435 ਹੈ।
ਜਦੋਂ ਉਕਤ ਸਕੂਲਾਂ ਦੇ ਵਿਦਿਆਰਥੀਆਂ ਕੋਲੋ ਅੱਜ ਦੇ ਪੇਪਰ ਬਾਰੇ ਪੁੱਛਿਆ ਗਿਆ ਤਾਂ ਜ਼ਿਆਦਾਤਰ ਵਿਦਿਆਰਥੀ ਇਹੋ ਕਹਿ ਰਹੇ ਸਨ ਕਿ ਪੇਪਰ ਠੀਕ ਸੀ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਵੀ ਦਿਖਾਈ ਦੇ ਰਹੀ ਸੀ।
ਸੁਰੱਖਿਆ ਦੇ ਸਨ ਸਖ਼ਤ ਪ੍ਰਬੰਧ
ਸੀ. ਬੀ. ਐੱਸ. ਈ. ਦਾ ਪੇਪਰ ਲੈਣ ਲਈ ਸੁਰੱਖਿਆ ਦੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਸੈਂਟਰਾਂ ਦੇ ਅੰਦਰ ਕਿਸੇ ਵੀ ਵਾਧੂ ਵਿਅਕਤੀ ਨੂੰ ਨਹੀਂ ਜਾਣ ਦਿੱਤਾ ਗਿਆ ਅਤੇ ਇੱਥੋਂ ਤੱਕ ਕਿ ਸਬੰਧਤ ਸਕੂਲ ਦਾ ਸਟਾਫ਼ ਮੈਂਬਰ ਵੀ ਅੰਦਰ ਨਹੀਂ ਜਾ ਰਿਹਾ ਸੀ।
