ਸੀ. ਬੀ. ਐੱਸ. ਈ. ਸਖਤ : ਸੋਸ਼ਲ ਮੀਡੀਆ ''ਤੇ ਐਗਜ਼ਾਮ ਦੀ ਫਰਜ਼ੀ ਸੂਚਨਾ ਦੇਣ ਵਾਲਿਆਂ ''ਤੇ ਹੋਵੇਗੀ FIR
Tuesday, Apr 07, 2020 - 03:01 PM (IST)
ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਦੇ ਚਲਦੇ ਦੇਸ਼ 'ਚ ਪਹਿਲਾਂ ਤੋਂ ਹੀ ਡਰ ਦਾ ਮਾਹੌਲ ਕਾਇਮ ਹੋ ਚੁੱਕਾ ਹੈ, ਉੱਥੇ ਕੁਝ ਸ਼ਰਾਰਤੀ ਤੱਤ ਮੌਕੇ ਦੀ ਨਜ਼ਾਕਤ ਨੂੰ ਨਾ ਸਮਝਦੇ ਹੋਏ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਗਲਤ ਅਫਵਾਹਾਂ ਰਾਹੀਂ ਗੁੰਮਰਾਹ ਕਰ ਰਹੇ ਹਨ। ਸੈਂਟ੍ਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਨੇ ਅਜਿਹੇ ਸ਼ਰਾਰਤੀ ਅਨਸਰਾਂ ਦੀ ਪੁਲਸ 'ਚ ਸ਼ਿਕਾਇਤ ਦੇਣ ਦੀ ਚਿਤਾਵਨੀ ਦੇਣ ਦੇ ਨਾਲ ਵਿਦਿਆਰਥੀਆਂ ਨੂੰ ਕਿਸੇ ਵੀ ਅਫਵਾਹ 'ਤੇ ਧਿਆਨ ਨਾ ਦੇਣ ਦਾ ਸੁਝਾਅ ਦਿੱਤਾ ਹੈ। ਬੋਰਡ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਐਗਜ਼ਾਮ ਦੀ ਫਰਜ਼ੀ ਸੂਚਨਾ ਦੇਣ ਵਾਲਿਆਂ 'ਤੇ ਐੱਫ. ਆਈ. ਆਰ. ਦਰਜ ਕਰਵਾਈ ਜਾਵੇਗੀ। ਇਹੀ ਨਹੀਂ, ਬੋਰਡ ਨੇ ਪੇਰੈਂਟਸ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਸੀ. ਬੀ. ਐੱਸ. ਈ. ਸਬੰਧੀ ਕੋਈ ਵੀ ਸੂਚਨਾ ਹਾਸਲ ਕਰਨ ਲਈ ਅਧਿਕਾਰਤ ਵੈੱਬਸਾਈਟ ਜਾਂ ਟਵਿਟਰ ਹੈਂਡਲ ਨੂੰ ਸਰਚ ਕਰਦੇ ਰਹੋ।
ਇਹ ਵੀ ਪੜ੍ਹੋ ► ਕੋਰੋਨਾ ਮੁਸੀਬਤ: 5ਵੀਂ ਕਲਾਸ ਦੀ ਪ੍ਰੀਖਿਆ ਲਈ ਸਿੱਖਿਆ ਵਿਭਾਗ ਨੇ ਲਿਆ ਅਹਿਮ ਫੈਸਲਾ
ਇਸ ਤਰ੍ਹਾਂ ਦੇ ਪੱਤਰ ਹੋ ਰਹੇ ਵਾਇਰਲ
ਜਾਣਕਾਰੀ ਮੁਤਾਬਕ ਕਿਸੇ ਸ਼ਰਾਰਤੀ ਤੱਤ ਨੇ ਸੀ. ਬੀ. ਐੱਸ. ਈ. ਦੇ ਨਾਮ ਨਾਲ ਬੋਰਡ ਐਗਜ਼ਾਮ, ਮੁਲਾਂਕਣ ਅਤੇ ਪਾਸ ਕ੍ਰੀਏਰੀਆ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਪੱਤਰ ਵਾਇਰਲ ਕਰ ਦਿੱਤਾ। ਇਸ ਤੋਂ ਇਲਾਵਾ ਸੀ. ਬੀ. ਐੱਸ. ਈ. ਦੇ ਨਾਮ ਨਾਲ ਇਕ ਹੋਰ ਪੱਤਰ ਵਾਇਰਲ ਹੋਇਆ ਕਿ ਬੋਰਡ ਦੀਆਂ ਰੱਦ ਪ੍ਰੀਖਿਆਵਾਂ 22 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਪੱਤਰਾਂ ਦੇ ਵਾਇਰਲ ਹੁੰਦੇ ਹੀ ਸੀ. ਬੀ. ਐੱਸ. ਈ. ਨੇ ਸਪੱਸ਼ਟ ਕੀਤਾ ਕਿ ਉਕਤ ਪੱਤਰ ਫਰਜ਼ੀ ਹੈ। ਇਸ ਪੱਤਰ ਵਿਚ ਵਿਦਿਆਰਥੀਆਂ ਨੂੰ ਗਲਤ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਸੀ, ਹਾਲਾਂਕਿ ਬੋਰਡ ਨੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ਵਾਲੇ ਵਿਅਕਤੀਆਂ ਅਤੇ ਲਿੰਕ 'ਤੇ ਆਈ. ਟੀ. ਐਕਟ ਦੇ ਤਹਿਤ ਐੱਫ. ਆਈ. ਆਰ. ਵੀ ਦਰਜ ਕਰਵਾ ਦਿੱਤੀ ਹੈ, ਨਾਲ ਹੀ ਅਧਿਕਾਰਤ ਤੌਰ 'ਤੇ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਵਿਦਿਆਰਥੀ ਰੱਖਣ ਧਿਆਨ
ਸੀ. ਬੀ. ਐੱਸ. ਈ. ਨੇ ਪੇਰੈਂਟਸ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਯਕੀਨ ਨਾ ਕਰਨ । ਐਗਜ਼ਾਮ ਅਤੇ ਹੋਰ ਕਿਸੇ ਚੀਜ਼ ਨਾਲ ਜੁੜੀ ਜਾਣਕਾਰੀ ਲਈ ਸੀ. ਬੀ. ਐੱਸ. ਈ. ਬੋਰਡ ਦਾ ਆਫਿਸ਼ੀਅਲ ਟਵਿਟਰ ਹੈਂਡਲ ਚੈੱਕ ਕਰਨ। ਬੋਰਡ ਨੇ ਕਿਹਾ ਕਿ ਹਰ ਤਰ੍ਹਾਂ ਦੀ ਸੂਚਨਾ ਵੈੱਬਸਾਈਟ 'ਤੇ ਮੁਹੱਈਆ ਕਰਵਾਈ ਜਾਂਦੀ ਹੈ।
ਪੇਰੈਂਟਸ ਅਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਸੀ. ਬੀ. ਐੱਸ. ਈ. ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਸਰਚ ਕਰਨ ਜਾਂ ਸਕੂਲ ਅਧਿਆਪਕ ਨਾਲ ਗੱਲ ਕਰਨ। ਵੈਸੇ ਸਕੂਲਾਂ ਵੱਲੋਂ ਵੀ ਸੀ. ਬੀ. ਐੱਸ. ਈ. ਦੀ ਹਰ ਨਵੀਂ ਸੂਚਨਾ ਆਪਣੀ ਵੈੱਬਸਾਈਟ 'ਤੇ ਵੀ ਅਪਲੋਡ ਕੀਤੀ ਜਾਂਦੀ ਹੈ, ਜਿੱਥੋਂ ਬੱਚੇ ਕੋਈ ਵੀ ਜਾਣਕਾਰੀ ਲੈ ਸਕਦੇ ਹਨ।
-ਡੀ. ਪੀ. ਗੁਲੇਰੀਆ, ਪ੍ਰਿੰਸੀਪਲ ਬੀ. ਸੀ. ਐੱਮ. ਸਕੂਲ ਚੰਡੀਗੜ੍ਹ ਰੋਡ।