ਹਰਕਤ ''ਚ ਆਇਆ ਸਰਕਾਰੀ ਕੰਨਿਆ ਕਾਲਜ 1 ਡੈਸਕ ''ਤੇ ਇਕ ਪ੍ਰੀਖਿਆਰਥੀ ਨੇ ਦਿੱਤੀ ਪ੍ਰੀਖਿਆ
Sunday, Mar 04, 2018 - 06:07 AM (IST)
ਲੁਧਿਆਣਾ(ਵਿੱਕੀ)—ਸਰਕਾਰੀ ਕੰਨਿਆ ਕਾਲਜ ਵਿਚ ਬਣੇ ਪੀ. ਐੱਸ. ਈ. ਬੀ. 12ਵੀਂ ਦੇ ਪ੍ਰੀਖਿਆ ਕੇਂਦਰ ਵਿਚ 1-1 ਬੈਂਚ 'ਤੇ 2-2 ਪ੍ਰੀਖਿਆਰਥੀਆਂ ਨੂੰ ਬਿਠਾ ਕੇ ਪ੍ਰੀਖਿਆ ਲੈਣ ਦਾ ਮਾਮਲਾ ਜਗ ਬਾਣੀ ਵਲੋਂ 2 ਮਾਰਚ ਨੂੰ ਉਠਾਏ ਜਾਣ ਤੋਂ ਬਾਅਦ ਕਾਲਜ ਮੈਨੇਜਮੈਂਟ ਹਰਕਤ ਵਿਚ ਆ ਗਿਆ ਹੈ। ਪ੍ਰੀਖਿਆਰਥੀਆਂ ਨੂੰ ਵੱਖ-ਵੱਖ ਬਿਠਾਉਣ ਲਈ 4 ਹੋਰ ਕਮਰੇ ਖੋਲ੍ਹਣ ਤੋਂ ਇਲਾਵਾ ਡੈਸਕ ਵੀ ਮੁਹੱਈਆ ਕਰਵਾ ਦਿੱਤੇ ਹਨ। ਸ਼ਨੀਵਾਰ ਨੂੰ ਪੰਜਾਬੀ ਵਿਸ਼ੇ ਦਾ ਪੇਪਰ ਸੀ। ਇਸ ਸੈਂਟਰ ਵਿਚ ਪ੍ਰੀਖਿਆ ਦੇਣ ਆਏ 471 ਪ੍ਰੀਖਿਆਰਥੀਆਂ ਵਿਚੋਂ 180 ਤਾਂ ਹਾਲ ਵਿਚ ਹੀ ਡੈਸਕਾਂ 'ਤੇ ਬੈਠੇ, ਜਦਕਿ ਹੋਰ 180 ਪ੍ਰੀਖਿਆਰਥੀਆਂ ਨੂੰ ਕਾਲਜ ਵਲੋਂ ਖੋਲ੍ਹੇ ਗਏ 4 ਵੱਖ-ਵੱਖ ਕਮਰਿਆਂ ਵਿਚ ਬਿਠਾਇਆ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੋਏ ਦੋ ਪੇਪਰਾਂ ਵਿਚੋਂ 360 ਪ੍ਰੀਖਿਆਰਥੀਆਂ ਨੂੰ ਇਕ ਹੀ ਹਾਲ ਵਿਚ 180 ਡੈਸਕਾਂ 'ਤੇ (2-2 ਦੇ ਰੂਪ ਵਿਚ) ਬਿਠਾਇਆ ਗਿਆ ਸੀ। ਓਧਰ ਹੋਰ 111 ਪ੍ਰੀਖਿਆਰਥੀ ਕਾਲਜ ਵਲੋਂ ਮੁਹੱਈਆ ਕਰਵਾਏ ਗਏ 3 ਹੋਰ ਕਮਰਿਆਂ ਵਿਚ ਬਿਠਾ ਕੇ ਪ੍ਰੀਖਿਆ ਦੇ ਰਹੇ ਸਨ।
ਵਿਭਾਗ ਨੇ ਭੇਜੇ 200 ਡੈਸਕ
ਕਾਲਜ ਵਲੋਂ ਕਮਰੇ ਮੁਹੱਈਆ ਨਾ ਕਰਵਾਏ ਜਾਣ ਕਾਰਨ ਪ੍ਰੀਖਿਆ ਹਾਲ ਵਿਚ ਹੀ ਇਕ ਡੈਸਕ 'ਤੇ 2-2 ਪ੍ਰੀਖਿਆਰਥੀਆਂ ਨੂੰ ਬਿਠਾ ਕੇ ਪ੍ਰੀਖਿਆ ਲੈਣੀ ਪੈ ਰਹੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰੀਖਿਆਰਥੀਆਂ ਨੂੰ ਬਿਠਾਉਣ ਲਈ ਡੀ. ਈ. ਓ. ਨੇ 200 ਦੇ ਕਰੀਬ ਡੈਸਕਾਂ ਦਾ ਪ੍ਰਬੰਧ ਵੀ ਆਪਣੇ ਵਲੋਂ ਕਰਵਾਇਆ ਸੀ ਕਿਉਂਕਿ ਕਾਲਜ ਨੇ ਡੈਸਕਾਂ ਦੀ ਕਮੀ ਸਬੰਧੀ ਵਿਭਾਗ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ।
ਪੜ੍ਹਾਈ ਪ੍ਰਭਾਵਿਤ ਹੋਣ ਦਾ ਹਵਾਲਾ ਦੇ ਰਿਹਾ ਸੀ ਕਾਲਜ
ਪ੍ਰੀਖਿਆ ਹਾਲ ਵਿਚ ਇਕ ਹੀ ਡੈਸਕ 'ਤੇ 2-2 ਪ੍ਰੀਖਿਆਰਥੀਆਂ ਨੂੰ ਬਿਠਾ ਕੇ ਲਈ ਜਾ ਰਹੀ ਪ੍ਰੀਖਿਆ ਦਾ ਮਾਮਲਾ ਜਗ ਬਾਣੀ ਵਲੋਂ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਹਰਕਤ ਵਿਚ ਆਏ ਕਾਲਜ ਪ੍ਰਸ਼ਾਸਨ ਨੇ ਵਿਭਾਗ ਨੂੰ ਸਹਿਯੋਗ ਕਰਨ ਲਈ ਕਦਮ ਅੱਗੇ ਵਧਾਏ ਕਿਉਂਕਿ ਇਸ ਤੋਂ ਪਹਿਲਾਂ ਹੋਏ ਦੋ ਪੇਪਰਾਂ ਦੌਰਾਨ ਵਿਭਾਗ ਵਲੋਂ ਕਾਲਜ ਦੇ ਪ੍ਰੀਖਿਆਰਥੀਆਂ ਨੂੰ ਬਿਠਾਉਣ ਲਈ ਕੁਝ ਹੋਰ ਕਮਰਿਆਂ ਦੀ ਮੰਗ ਕੀਤੀ ਜਾ ਰਹੀ ਸੀ ਪਰ ਕਾਲਜ ਵਲੋਂ ਆਪਣੇ ਪ੍ਰੀਖਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਹਵਾਲਾ ਦੇ ਕੇ ਵਿਭਾਗ ਦੀ ਗੱਲ ਨੂੰ ਕਥਿਤ ਅਣਸੁਣਿਆ ਕੀਤਾ ਜਾ ਰਿਹਾ ਸੀ।
ਡੀ. ਈ. ਓ. ਨੇ ਰਿਲੀਵ ਕੀਤੇ 2 ਸੁਪਰਵਾਈਜ਼ਰ
ਸ਼ਨੀਵਾਰ ਨੂੰ ਪੰਜਾਬੀ ਦੀ ਪ੍ਰੀਖਿਆ ਦੌਰਾਨ ਡੀ. ਈ. ਓ. ਸਵਰਨਜੀਤ ਕੌਰ ਨੇ ਪ੍ਰੀਖਿਆ ਕੇਂਦਰ ਵਿਚ 2 ਸੁਪਰਵਾਈਜ਼ਰਾਂ ਨੂੰ ਰਿਲੀਵ ਕਰ ਕੇ ਉਨ੍ਹਾਂ ਦੇ ਸਥਾਨ 'ਤੇ ਦੋ ਹੋਰ ਨਿਗਰਾਨ ਨਿਯੁਕਤ ਕਰ ਦਿੱਤੇ ਹਨ। ਓਧਰ ਕਾਲਜ ਵਲੋਂ ਖੋਲ੍ਹੇ ਗਏ 4 ਹੋਰ ਕਮਰਿਆਂ ਵਿਚ ਵੀ ਵਿਭਾਗ ਨੇ ਡਿਊਟੀ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਨਿਗਰਾਨ ਦੇ ਤੌਰ 'ਤੇ ਭੇਜਿਆ ਹੈ।
ਅੱਜ ਹੋਈ ਉਕਤ ਪ੍ਰੀਖਿਆ ਦੌਰਾਨ ਨਵੇਂ ਖੋਲ੍ਹੇ ਗਏ ਕਮਰਿਆਂ (ਹਰੇਕ ਕਮਰੇ 'ਚ 45 ਵਿਦਿਆਰਥੀ) ਵਿਚ ਬਿਠਾਇਆ ਗਿਆ। ਡਿਪਟੀ ਡੀ. ਈ. ਓ. ਨੇ ਚਰਨਜੀਤ ਸਿੰਘ 'ਤੇ ਆਧਾਰਿਤ ਫਲਾਇੰਗ ਟੀਮ ਨੇ ਵੀ ਪ੍ਰੀਖਿਆ ਕੇਂਦਰ ਦੀ ਚੈਕਿੰਗ ਕੀਤੀ।
