ਸਨੌਰ ’ਚ ਗੁੰਡਾਗਰਦੀ, ਸਾਬਕਾ ਵਣ ਰੇਂਜ ਅਫਸਰ ਵੱਲੋਂ ਸਾਥੀਆਂ ਸਮੇਤ ਨੌਜਵਾਨ ’ਤੇ ਡਾਂਗਾਂ ਤੇ ਕਿਰਚਾਂ ਨਾਲ ਹਮਲਾ

11/04/2023 11:38:54 AM

ਪਟਿਆਲਾ (ਜ. ਬ.) : ਸਾਬਕਾ ਵਣ ਰੇਂਜ ਅਫਸਰ ਕਾਬਲ ਸਿੰਘ ਢਿੱਲੋਂ ਉਰਫ ਬਲਬੀਰ ਸਿੰਘ, ਹਰਜਿੰਦਰ ਸਿੰਘ ਅਤੇ ਉਸ ਦੇ 3 ਸਾਥੀਆਂ ਵੱਲੋਂ ਸਨੌਰ ਵਿਖੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ-ਨਾਚ ਕੀਤਾ ਗਿਆ। ਸਾਬਕਾ ਵਣ ਰੇਂਜ ਅਫਸਰ ਨੇ ਸਨੌਰ ਸੂਏ ਉੱਪਰ ਸਥਿਤ ਇਕ ਕਾਲੋਨੀ ’ਚ ਬੈਠੇ ਹਰਸ਼ਦੀਪ ਸਿੰਘ ਉੱਪਰ ਡਾਂਗਾਂ ਅਤੇ ਕਿਰਚਾਂ ਨਾਲ ਹਮਲਾ ਕਰ ਕੇ ਉਸ ਦੀ ਬਾਂਹ ਅਤੇ ਗੁੱਟ ਤੋੜ ਦਿੱਤਾ ਗਿਆ। ਲੰਘੇ ਦੋ ਦਿਨਾਂ ਤੋਂ ਹਰਸ਼ਦੀਪ ਹਸਪਤਾਲ ’ਚ ਜ਼ੇਰੇ ਇਲਾਜ ਹੈ। ਹਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਸਨੌਰ ਪ੍ਰਜਾਪਤ ਕਾਲੋਨੀ ਦਾ ਰਹਿਣ ਵਾਲਾ ਹੈ। ਸਨੌਰ ਸੂਏ ਉੱਪਰ ਸਥਿਤ ਇਕ ਕਾਲੋਨੀ ’ਚ ਗ੍ਰਾਹਕ ਨੂੰ ਪਲਾਟ ਦਿਖਾਉਣ ਲਈ ਗਿਆ ਸੀ, ਜਿੱਥੇ ਗੋਇਲ ਵੀ ਉਨ੍ਹਾਂ ਦੇ ਨਾਲ ਸੀ। ਉੱਥੇ ਕੁਝ ਸਮੇਂ ਬਾਅਦ ਮੋਟਰਸਾਈਕਲਾਂ ਉੱਪਰ ਸਾਬਕਾ ਵਣ ਰੇਂਜ ਅਫਸਰ ਕਾਬਲ ਸਿੰਘ ਢਿੱਲੋਂ ਉਰਫ ਬਲਬੀਰ ਸਿੰਘ, ਹਰਜਿੰਦਰ ਸਿੰਘ ਅਤੇ ਤਿੰਨ ਹੋਰ ਵਿਅਕਤੀ ਆ ਗਏ, ਜਿਨ੍ਹਾਂ ਨੇ ਆਉਂਦੇ ਹੀ ਉਨ੍ਹਾਂ ਉੱਪਰ ਡਾਂਗਾਂ ਨਾਲ ਹਮਲਾ ਕਰ ਦਿੱਤਾ ਅਤੇ ਕਿਰਚਾਂ ਕੱਢ ਕੇ ਉਸ ਨੂੰ ਮਾਰਨ ਲਈ ਦੌੜੇ। ਇਥੇ ਹੀ ਬੱਸ ਨਹੀਂ, ਸਾਬਕਾ ਵਣ ਰੇਂਜ ਅਫਸਰ ਨੇ ਉਸ ਨੂੰ ਜਾਤੀਸੂਚਕ ਸ਼ਬਦ ਬੋਲੇ।

ਹਰਸ਼ਦੀਪ ਨੇ ਆਖਿਆ ਕਿ ਉਸ ਨੇ ਬੜੀਆਂ ਮਿੰਨਤਾਂ ਕੀਤੀਆਂ ਕਿ ਉਸਦਾ ਕਸੂਰ ਦੱਸਿਆ ਜਾਵੇ ਪਰ ਉਨ੍ਹਾਂ ਨੇ ਨਾਲ ਹੀ ਖੜ੍ਹੇ ਗੋਇਲ ਉੱਪਰ ਵੀ ਡਾਂਗਾਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਰਚ ਵੀ ਮਾਰੀ। ਹਰਸ਼ਦੀਪ ਨੇ ਆਖਿਆ ਕਿ ਉਸ ਦਾ ਗੁੱਟ ਅਤੇ ਬਾਂਹ ਤੋੜ ਦਿੱਤੀ ਗਈ, ਜਿਸ ਕਾਰਨ ਉਹ ਦੋ ਦਿਨਾਂ ਤੋਂ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਨੇ ਸਨੌਰ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਐੱਸ. ਐੱਚ. ਓ. ਸਾਹਿਬ ਸਿੰਘ ਨੇ ਪੁਲਸ ਪਾਰਟੀ ਭੇਜੀ ਅਤੇ ਹਸਪਤਾਲ ’ਚ ਆ ਕੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਸਾਬਕਾ ਵਣ ਰੇਂਜ ਅਫਸਰ ਕਾਬਲ ਸਿੰਘ, ਹਰਜਿੰਦਰ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਗਿਆ।

ਡਾਕਟਰੀ ਰਿਪੋਰਟ ਆਉਣ ’ਤੇ ਕਰਾਂਗੇ ਧਾਰ ’ਚ ਵਾਧਾ : ਐੱਸ. ਐੱਚ. ਓ.

ਇਸ ਸੰਬੰਧੀ ਜਦੋਂ ਐੱਸ. ਐੱਚ. ਓ. ਸਨੌਰ ਸਾਹਿਬ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਕਾਨੂੰਨ ਤੋੜਨ ਦੀ ਇਜ਼ਾਜਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਐੱਸ. ਐੱਸ. ਪੀ. ਪਟਿਆਲਾ ਵਰੁਣ ਸ਼ਰਮਾ ਅਤੇ ਡੀ. ਐੱਸ. ਪੀ. ਗੁਰਦੇਵ ਸਿੰਘ ਧਾਲੀਵਾਲ ਦੀਆਂ ਸਖਤ ਹਦਾਇਤਾਂ ਹਨ ਕਿ ਕਾਨੂੰਨ ਤੋੜਨ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇ। ਸਾਹਿਬ ਸਿੰਘ ਨੇ ਆਖਿਆ ਕਿ ਹਰਸ਼ਦੀਪ ਅਤੇ ਉਸ ਦੇ ਸਾਥੀ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਬਿਨ੍ਹਾਂ ਕਿਸੇ ਦਬਾਅ ਤੁਰੰਤ ਐੱਫ. ਆਈ. ਆਰ. ਨੰਬਰ 98, ਧਾਰਾ 323, 341, 506, 198, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਡਾਕਟਰਾਂ ਦੀ ਪੂਰੀ ਰਿਪੋਰਟ ਆਉਣ ਤੋਂ ਬਾਅਦ ਧਾਰਾਵਾਂ ’ਚ ਵਾਧਾ ਕਰ ਦਿੱਤਾ ਜਾਵੇਗਾ। ਹਰਸ਼ਦੀਪ ਨੇ ਜੋ ਬਿਆਨ ਦਰਜ ਕਰਵਾਏ ਹਨ, ਉਸ ਅਨੁਸਾਰ ਜਾਤੀਸੂਚਕ ਸ਼ਬਦ ਬੋਲਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਐੱਸ. ਸੀ. ਭਾਈਚਾਰੇ ’ਤੇ ਹਮਲਾ ਬਰਦਾਸ਼ਤ ਨਹੀਂ ਕਰਾਂਗੇ : ਡਾ. ਜਤਿੰਦਰ ਮੱਟੂ

ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਇਸ ਸਬੰਧੀ ਆਖਿਆ ਕਿ ਐੱਸ. ਸੀ. ਭਾਈਚਾਰੇ ’ਤੇ ਹਮਲਾ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪਹਿਲਾਂ ਵੀ ਐੱਸ. ਸੀ. ਭਾਈਚਾਰੇ ਨੂੰ ਦਬਾਇਆ ਜਾਂਦਾ ਰਿਹਾ ਹੈ। ਅੱਜ ਵੀ ਇਹ ਸਪੱਸ਼ਟ ਉਦਾਰਹਨ ਹੈ ਕਿ ਇਕ ਐੱਸ. ਸੀ. ਭਾਈਚਾਰੇ ਦੇ ਇਕ ਬੱਚੇ ਨੂੰ ਜਿਹੜਾ ਕਿ ਮਹਿਜ ਥੋੜੇ ਜਿਹੜੇ ਪੈਸਿਆਂ ਨਾਲ ਆਪਣੀ ਰੋਜ਼ੀ ਰੋਟੀ ਚਲਾ ਰਿਹਾ ਹੈ, ਦੀ ਕੁੱਟਮਾਰ ਕਰ ਕੇ ਬਾਂਹ ਤੋੜ ਦਿੱਤੀ ਗਈ। ਉਨ੍ਹਾਂ ਆਖਿਆ ਕਿ ਹਰਸ਼ਦੀਪ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ। ਉਹ ਸਨੌਰ ਪੁਲਸ ਨੂੰ ਬੇਨਤੀ ਕਰਦੇ ਹਨ ਕਿ ਤੁਰੰਤ ਇਨ੍ਹਾਂ ਵਿਅਕਤੀਆਂ ਉੱਪਰ ਐੱਸ. ਸੀ. ਐਕਟ ਲਗਾਇਆ ਜਾਵੇ ਅਤੇ ਬਾਂਹ ਤੋੜਨ ਦੀਆਂ ਧਾਰਾਵਾਂ ’ਚ ਵਾਧਾ ਕੀਤਾ ਜਾਵੇ ਜੀ। ਜੇਕਰ ਅਜਿਹਾ ਨਾ ਹੋਇਆ ਤਾਂ ਉਹ ਐੱਸ. ਐੱਸ. ਪੀ. ਪਟਿਆਲਾ ਨੂੰ ਉਨ੍ਹਾਂ ਦਾ ਸੰਘ ਮੈਮੋਰੰਡਮ ਦੇਵੇਗਾ। ਐੱਸ. ਸੀ. ਕਮਿਸ਼ਨ ਪੰਜਾਬ ਨੂੰ ਵੀ ਪੂਰਾ ਕੇਸ ਮੈਮੋਰੰਡਮ ਦੇ ਰੂਪ ’ਚ ਦਿੱਤਾ ਜਾਵੇਗਾ।
 


Gurminder Singh

Content Editor

Related News