ਹੁਣ ਹਰ ਤਰ੍ਹਾਂ ਦੇ ਉਦਯੋਗਾਂ ਲਈ ਜ਼ਰੂਰੀ ਐੱਨ. ਓ. ਸੀ. ਇੱਕੋ ਛੱਤ ਹੇਠ ਮਿਲੇਗੀ : ਹਰਪਾਲ ਚੀਮਾ

Wednesday, Apr 19, 2023 - 01:07 PM (IST)

ਜਲੰਧਰ (ਧਵਨ) : ਯੂਨਾਈਟਿਡ ਫੋਰਮ ਆਫ਼ ਇੰਡਸਟਰੀ ਐਂਡ ਟਰੇਡ ਜਲੰਧਰ ਦੇ ਅਹੁਦੇਦਾਰਾਂ ਨੇ ਮੰਗਲਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰ ਕੇ ਆਪਣੀਆਂ ਸਮੱਸਿਆਵਾਂ ਅਤੇ ਸੁਝਾਵਾਂ ਸਬੰਧੀ ਮੰਗ-ਪੱਤਰ ਸੌਂਪਿਆ। ਵਿੱਤ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਉਦਯੋਗਪਤੀਆਂ ਨੂੰ ਮਾਨ ਸਰਕਾਰ ਵੱਲੋਂ ਸੂਬੇ ’ਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣੂ ਕਰਵਾਇਆ। ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੀ ਨੀਤੀ ਬਣਾਈ ਹੈ, ਜਿਸ ਅਧੀਨ ਹਰ ਤਰ੍ਹਾਂ ਦੇ ਉਦਯੋਗਾਂ ਨੂੰ ਇੱਕੋ ਛੱਤ ਹੇਠ ਜ਼ਰੂਰੀ ਐੱਨ. ਓ. ਸੀ. ਉਪਲੱਬਧ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਉਦਯੋਗ ਲਾਉਣ ਲਈ ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀ ਲੈਣ ’ਚ ਕਾਫੀ ਦਿੱਕਤ ਆਉਂਦੀ ਸੀ। ਇਸ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹੀ ਨੀਤੀ ਤਿਆਰ ਕਰਨ ਲਈ ਕਿਹਾ ਸੀ, ਜਿਸ ’ਚ ਜ਼ਮੀਨ ਦੀ ਰਜਿਸਟਰੀ ਦੇ ਨਾਲ-ਨਾਲ ਉਦਯੋਗ ਲਾਉਣ ਲਈ ਉਦਯੋਗ ਨੀਤੀ ਤਿਆਰ ਕੀਤੀ ਜਾਵੇ ਤਾਂ ਜੋ ਲੋੜੀਂਦੀ ਐੱਨ. ਓ. ਸੀ. ਫੀਸ ਜਮ੍ਹਾ ਕਰਵਾ ਕੇ ਕਲੀਅਰੈਂਸ ਮਿਲ ਜਾਏ। ਚੀਮਾ ਨੇ ਕਿਹਾ ਕਿ ਉਦਯੋਗ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਦੀ ਰੀੜ੍ਹ ਦੀ ਹੱਡੀ ਵਜੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਕਾਰਨ ਜਿੱਥੇ ਮਾਲੀਏ ’ਚ ਵਾਧਾ ਹੁੰਦਾ ਹੈ, ਉੱਥੇ ਰੋਜ਼ਗਾਰ ਦੇ ਅਣਗਿਣਤ ਮੌਕੇ ਵੀ ਪੈਦਾ ਹੁੰਦੇ ਹਨ। ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਸਮੇਤ ਪੂਰੇ ਸੂਬੇ ਦੇ ਉਦਯੋਗਪਤੀਆਂ ਦੀਆਂ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹਨ।

ਇਹ ਵੀ ਪੜ੍ਹੋ : ਪੈਦਾਵਾਰ ਦੇ ਨਜ਼ਰੀਏ ਨਾਲ ਮਿੱਟੀ ਹੋਈ ਖ਼ਰਾਬ, ਪਾਣੀ ਹੋਇਆ ਖਾਰਾ ਤਾਂ ਮੱਛੀ ਪਾਲਣ ਸਹਾਰਾ

ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਉਦਯੋਗਾਂ ਨੂੰ ਬਰਬਾਦ ਕਰ ਦਿੱਤਾ : ਸੁਸ਼ੀਲ ਰਿੰਕੂ
ਜਲੰਧਰ ਉੱਪ ਚੋਣ ਲਈ ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਉਦਯੋਗ ਦੇਸ਼ ਅਤੇ ਖੇਤਰ ਦੇ ਵਿਕਾਸ ਦੀ ਨੀਂਹ ਹਨ। ਅੱਜ ਉਨ੍ਹਾਂ ਸੂਬਿਆਂ ਦੇ ਉਦਯੋਗਾਂ ਨੇ ਦੇਸ਼ ਦੇ ਵਿਕਾਸ ’ਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ, ਜਿਨ੍ਹਾਂ ਦਾ ਨਾਂ ਦੇਸ਼ ’ਚ ਪਹਿਲੀ ਸੂਚੀ ’ਚ ਹੈ। ਰਿੰਕੂ ਨੇ ਕਿਹਾ ਕਿ ਉਦਯੋਗਾਂ ਦੇ ਵਿਕਾਸ ਲਈ ਢੁੱਕਵਾਂ ਮਾਹੌਲ ਮੁਹੱਈਆ ਕਰਵਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦਾ ਉਦਯੋਗ ਦੇ ਵਿਕਾਸ ਪ੍ਰਤੀ ਰਵੱਈਆ ਬਹੁਤ ਹੀ ਉਦਾਸੀਨ ਅਤੇ ਨਿਰਾਸ਼ਾਵਾਦੀ ਸੀ। ਹੁਣ ਉਹ ਦੌਰ ਲੰਘ ਚੁੱਕਾ ਹੈ। ਮਾਨ ਸਰਕਾਰ ਉਦਯੋਗਪਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦੇਵੇਗੀ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਉੱਪ ਚੋਣ ਭਾਜਪਾ ਰਿਕਾਰਡ ਵੋਟਾਂ ਨਾਲ ਜਿੱਤੇਗੀ : ਤਰੁਣ ਚੁੱਘ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News