ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਇਸ ਬੀਬੀ ਨੇ ਛੇੜੀ ਖਾਸ ਮੁਹਿੰਮ (ਵੀਡੀਓ)
Friday, Jul 24, 2020 - 01:19 AM (IST)
ਜਲੰਧਰ,(ਵਿਕਰਮ ਸਿੰਘ ਕੰਬੋਜ): ਕੋਰੋਨਾ ਵਾਇਰਸ ਦੌਰਾਨ ਹੋਈ ਤਾਲਾਬੰਦੀ ਨੇ ਸਾਨੂੰ ਬਹੁਤ ਕੁੱਝ ਸਿਖਾਇਆ ਹੈ, ਫੈਕਟਰੀਆਂ ਬੰਦ ਹੋਈਆਂ ਅਤੇ ਹਵਾਂ, ਪਾਣੀ ਵਾਤਾਵਰਨ ਸਭ ਕੁੱਝ ਸ਼ੁੱਧ ਹੋ ਗਿਆ। ਦੂਰੋਂ-ਦੂਰੋਂ ਪਹਾੜੀਆਂ ਜੋ ਲੋਕ ਦੇਖਣ ਨੂੰ ਜਾਂਦੇ ਸਨ, ਉਹ ਜਲੰਧਰ ਬੈਠੇ ਹੀ ਦਿਸਣ ਲੱਗੀਆਂ ਸਨ ਪਰ ਜਦੋਂ ਤੋਂ ਤਾਲਾਬੰਦੀ ਹਟੀ ਹੈ ਤਾਂ ਹਾਲਾਤ ਫਿਰ ਤੋਂ ਪਹਿਲਾਂ ਵਾਂਗ ਹੋ ਗਏ ਹਨ। ਉਥੇ ਹੀ ਕਈ ਅਜਿਹੇ ਲੋਕ ਵੀ ਹਨ ਜੋ ਕਿ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆ ਰਹੇ ਹਨ, ਜਿਨ੍ਹਾਂ 'ਚ ਜਲੰਧਰ ਦੀ ਪੂਜਾ ਖੰਨਾ ਵੀ ਸ਼ਾਮਲ ਹੈ, ਜਿਨ੍ਹਾਂ ਨੇ ਵਾਤਾਵਰਣ ਨੂੰ ਬਚਾਉਣ ਲਈ ਇਕ ਮੁਹਿੰਮ ਛੇੜੀ ਹੈ ਅਤੇ ਬਾਹਰੋ ਸਮਾਨ ਲਿਆ ਕੇ ਸਪਲਾਈ ਕਰਦੇ ਹਨ।
ਪੂਜਾ ਖੰਨਾ ਨੇ ਦੱਸਿਆ ਕਿ ਉਹ ਰੱਦੀ ਤੋਂ ਪੈਨਸਿਲਾਂ ਤੇ ਬੱਚਿਆਂ ਦੇ ਵਰਤੋਂ 'ਚ ਆਉਣ ਵਾਲੇ ਸਟੇਸ਼ਨਰੀ ਸਮਾਨ ਨੂੰ ਵੇਚਦੇ ਹਨ। ਜਿਸ 'ਚ ਲੱਕੜ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ ਅਤੇ ਇਹ ਸਾਰਾ ਸਮਾਨ ਰੱਦੀ ਅਖਬਾਰਾਂ ਤੇ ਹੋਰ ਰੱਦੀ ਚੀਜ਼ਾਂ ਤੋਂ ਬਣਾਇਆ ਹੋਇਆ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਾਡੇ ਕੋਲੋਂ ਪੈਨਸਿਲ ਵੀ ਖਰੀਦਦਾ ਹੈ ਤਾਂ ਇਨ੍ਹਾਂ ਉਪਰ ਲੱਕੜ ਨਹੀਂ ਹੁੰਦੀ ਕਿਉਂਕਿ ਇਹ ਅਖਬਾਰਾਂ ਤੇ ਰੱਦੀ ਚੀਜ਼ਾਂ ਨਾਲ ਬਣਦੀਆਂ ਹਨ, ਜਿਨ੍ਹਾਂ ਨੂੰ ਉਹ ਡੀਲ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਮੈਂ ਇਹ ਕੰਮ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨਾਲ ਉਨ੍ਹਾਂ ਦੀ ਸਹਿਯੋਗੀ ਸੁਮਿਤੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਦੋਵੇਂ ਇਕ ਹੀ ਘਰ 'ਚ ਰਹਿੰਦੀਆਂ ਹਾਂ ਅਤੇ ਅਸੀਂ ਦੋਵਾਂ ਨੇ ਸੋਚਿਆ ਕਿ ਅਸੀਂ ਵਾਤਾਵਰਣ ਲਈ ਕੁੱਝ ਕਰੀਏ ਹਾਲਾਂਕਿ ਅਸੀਂ ਘਰ 'ਚ ਸਬਜ਼ੀਆਂ ਵੀ ਉਗਾਉਂਦੇ ਹਾਂ ਪਰ ਅਸੀਂ ਸੋਚਿਆ ਕਿ ਇਸ ਤੋਂ ਇਲਾਵਾ ਅਸੀਂ ਹੋਰ ਕੀ ਕਰ ਸਕਦੇ ਹਾਂ? ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੈਂ ਗੂਗਲ 'ਤੇ ਵਾਤਾਵਰਣ ਨੂੰ ਸਾਫ ਅਤੇ ਸੰਭਾਲਣ ਲਈ ਕਾਫੀ ਸਰਚ ਕੀਤੀ ਕਿ ਕਿਸ ਤਰ੍ਹਾਂ ਇਹ ਸਭੰਵ ਹੋ ਸਕਦਾ ਹੈ। ਇਸ ਦੌਰਾਨ ਮੇਰੀ ਨਜ਼ਰ ਇਨ੍ਹਾਂ ਪੈਨਸਿਲਾਂ 'ਤੇ ਪਈ ਜਿਹੜੀਆਂ ਕਿ ਐਮਾਜ਼ਾਨ ਰਾਹੀਂ ਦੇਖੀਆਂ ਪਰ ਇਹ ਭਾਰਤ 'ਚੋਂ ਕਿਤਿਓਂ ਵੀ ਨਹੀਂ ਮਿਲ ਸਕੀਆਂ ਅਤੇ ਮੈਨੂੰ ਫਿਰ ਕੁੱਝ ਸ਼ਹਿਰਾਂ ਬਾਰੇ ਪਤਾ ਲੱਗਾ, ਜਿਨ੍ਹਾਂ 'ਚ ਇਹ ਪੈਨਸਿਲਾਂ ਬਣਾਈਆਂ ਜਾਂਦੀਆਂ ਹਨ, ਜਿਵੇਂ ਕਿ ਮਹਾਰਾਸ਼ਟਰ, ਗੁਜਰਾਤ ਤੇ ਚੇਨੰਈ ਵੱਲ ਬਹੁਤ ਲੋਕ ਹਨ, ਜੋ ਇਸ ਤਰ੍ਹਾਂ ਦੀਆਂ ਵਸਤਾਂ ਨੂੰ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕੁੱਝ ਪੈਨਸਿਲਾਂ ਬਣਾਉਣ ਲਈ ਲੱਖਾਂ ਦਰੱਖਤ ਵੱਢ ਦਿੱਤੇ ਜਾਂਦੇ ਹਨ ਅਤੇ ਜੇਕਰ ਰੱਦੀ ਤੋਂ ਬਣੀਆਂ ਪੈਨਸਿਲਾਂ ਜਾਂ ਹੋਰ ਸਮਾਨ ਬੱਚਿਆਂ ਨੂੰ ਦਿੱਤਾ ਜਾਵੇਗਾ ਅਤੇ ਉਹ ਇਨ੍ਹਾਂ ਦਾ ਇਸਤੇਮਾਲ ਕਰਨਗੇ ਤਾਂ ਉਨ੍ਹਾਂ ਨੂੰ ਯਾਦ ਰਹੇਗਾ ਕਿ ਅਸੀਂ ਵਾਤਾਵਰਣ ਨੂੰ ਸਾਂਭ ਕੇ ਰੱਖਣ ਲਈ ਕੁੱਝ ਕਰ ਰਹੇ ਹਾਂ। ਇਸ ਨਾਲ ਸ਼ੁਰੂ ਤੋਂ ਹੀ ਬੱਚਾ ਕੁਦਰਤ ਨਾਲ ਜੁੜੇਗਾ ਅਤੇ ਕੁਦਰਤੀ ਸਾਧਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇਗਾ।
ਉਨ੍ਹਾਂ ਕਿਹਾ ਜੇਕਰ ਅਧਿਆਪਕ ਬੱਚਿਆਂ ਨੂੰ ਅਜਿਹੀਆਂ ਪੈਨਸਿਲਾਂ ਦੀ ਵਰਤੋਂ ਕਰਨ ਨੂੰ ਕਹਿੰਦੇ ਹਨ ਅਤੇ ਬੱਚਿਆਂ ਨੂੰ ਇਹ ਅਧਿਆਪਕਾਂ ਵਲੋਂ ਇਹ ਕਿਹਾ ਜਾਵੇ ਕਿ ਤੁਸੀਂ ਰੁੱਖਾਂ ਨੂੰ ਕੱਟਣ ਤੋਂ ਬਚਾ ਰਹੇ ਹੋ ਤਾਂ ਇਹ ਗੱਲਾਂ ਬੱਚਿਆਂ ਨੂੰ ਸ਼ੁਰੂ ਤੋਂ ਯਾਦ ਰਹਿਣਗੀਆਂ ਅਤੇ ਜਿਥੇ ਕਿਤੇ ਦਰੱਖਤ ਕੱਟੇ ਜਾਣਗੇ ਤਾਂ ਬੱਚਿਆਂ ਨੂੰ ਇਹ ਪਤਾ ਹੋਵੇਗਾ ਕਿ ਇਹ ਗਲਤ ਹੋ ਰਿਹਾ ਹੈ ਅਤੇ ਉਹ ਵਾਤਾਵਰਣ ਨੂੰ ਸੰਭਾਲ ਕੇ ਰੱਖਣ ਲਈ ਸੁਚੇਤ ਰਹਿਣਗੇ। ਜੇਕਰ ਅਸੀਂ ਇਹ ਛੋਟੀ ਜਿਹੀ ਤਬਦੀਲੀ ਬੱਚਿਆਂ ਅੰਦਰ ਲਿਆ ਸਕੀਏ ਤਾਂ ਇਹ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੈਨਸਿਲਾਂ ਤੇ ਸਮਾਨ ਨੂੰ ਸਕੂਲਾਂ ਵਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਪਰ ਲੋਕਲ ਮਾਰਕਿਟ ਤੋਂ ਸਾਨੂੰ ਕੋਈ ਸਪੋਰਟ ਨਹੀਂ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ 'ਚ ਹੀ ਉਨ੍ਹਾਂ ਦਾ ਗੋਦਾਮ ਤੇ ਦਫਤਰ ਹੈ, ਜਿਥੋਂ ਕੋਈ ਵੀ ਉਨ੍ਹਾਂ ਤੋਂ ਇਹ ਸਮਾਨ ਖਰੀਦ ਸਕਦਾ ਹੈ ਅਤੇ ਮੰਗਵਾ ਸਕਦਾ ਹੈ।