ਪ੍ਰਦੂਸ਼ਣ ਕੰਟਰੋਲ ਦੇ ਯਤਨਾਂ ਨੂੰ ਠੇਸ ਪਹੁੰਚਾ ਰਹੇ ਨੇ ਨਗਰ ਕੌਂਸਲ ਮੁਲਾਜ਼ਮ

11/22/2017 12:21:51 AM

ਅਬੋਹਰ(ਸੁਨੀਲ)—ਦਿੱਲੀ ਦੇ ਮੁੱਖ ਮੰਤਰੀ ਤੇ ਨਿਆਂਪਾਲਿਕਾ ਪੰਜਾਬ ਅਤੇ ਹਰਿਆਣਾ ਨੂੰ ਪ੍ਰਦੂਸ਼ਣ ਕੰਟਰੋਲ ਵਿਚ ਸਹਿਯੋਗ ਕਰਨ ਦਾ ਸੁਝਾਅ ਦੇ ਰਹੇ ਹਨ ਅਤੇ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਨੇ ਵੀ ਕੂੜਾ-ਕਰਕਟ ਸਾੜਨ ਵਿਰੁੱਧ ਸਖਤ ਨਿਰਦੇਸ਼ ਜਾਰੀ ਕਰ ਰੱਖੇ ਹਨ। ਇਨ੍ਹਾਂ ਸਾਰੇ ਯਤਨਾਂ ਨੂੰ ਠੇਸ ਪਹੁੰਚਾਉਣ ਵਿਚ ਸਥਾਨਕ ਨਗਰ ਕੌਂਸਲ ਦੇ ਸਫਾਈ ਮੁਲਾਜ਼ਮਾਂ ਵਿਚ ਹੋੜ ਲੱਗੀ ਹੋਈ ਹੈ।
ਜਾਗਰੂਕ ਨਾਗਰਿਕਾਂ ਨੇ ਜ਼ਿਲਾ ਤੇ ਉਪਮੰਡਲ ਪ੍ਰਸ਼ਾਸਨ ਦਾ ਧਿਆਨ ਇਸ ਗੱਲ ਵੱਲ ਖਿੱਚਣ ਦਾ ਯਤਨ ਕੀਤਾ ਹੈ ਕਿ ਕਈ ਸਫਾਈ ਮੁਲਾਜ਼ਮ ਨਾ ਕੇਵਲ ਰੇਲਵੇ ਰੋਡ ਤੇ ਘੰਟਾ ਘਰ ਚੌਕ ਬਲਕਿ ਮੁੱਖ ਡਾਕਘਰ ਤੇ ਬੀ. ਐੱਸ. ਐੱਨ. ਐੱਲ. ਵਿਚਕਾਰ ਸਥਿਤ ਕੂੜਾ ਘਰ ਵਿਚ ਕੂੜਾ ਜਮ੍ਹਾ ਕਰਨ ਦੀ ਬਜਾਏ ਇਸ ਦੇ ਬਾਹਰ ਹੀ ਉਸ ਨੂੰ ਅੱਗ ਲਾ ਦਿੰਦੇ ਹਨ। ਕੂੜਾ ਸਾੜਨ 'ਤੇ ਉੱਠ ਰਹੇ ਧੂੰਏਂ ਨਾਲ ਨਾ ਕੇਵਲ ਇਨ੍ਹਾਂ ਦੋਵਾਂ ਦਫਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਤੇ ਉਪਭੋਗਤਾਵਾਂ ਬਲਕਿ ਸਰਕਾਰੀ ਮਾਡਲ ਹਾਈ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਇਸ ਮਾਮਲੇ 'ਚ ਪ੍ਰਸ਼ਾਸਨ ਤੋਂ ਜਲਦ ਦਖਲ-ਅੰਦਾਜ਼ੀ ਕਰ ਕੇ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ। 


Related News