ਬਠਿੰਡਾ ਦੇ ਮਾਲ ਰੋਡ ’ਤੇ ਪੁਲਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ, 5 ਕਾਬੂ
Tuesday, Feb 17, 2026 - 09:25 PM (IST)
ਬਠਿੰਡਾ (ਵਿਜੇ, ਪਰਮਿੰਦਰ) : ਬਠਿੰਡਾ ਦੇ ਮਾਲ ਰੋਡ ’ਤੇ ਅੱਜ ਤੜਕਸਾਰ ਕਰੀਬ 6 ਵਜੇ ਪੁਲਸ ਤੇ ਲੁਟੇਰਿਆਂ ਦੇ ਇਕ ਗਿਰੋਹ ਵਿਚਾਲੇ ਹੋਏ ਮੁਕਾਬਲੇ ’ਚ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਦ ਕਿ ਉਸ ਦੇ 4 ਹੋਰ ਸਾਥੀਆਂ ਨੂੰ ਪੁਲਸ ਨੇ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ। ਜ਼ਖਮੀ ਬਦਮਾਸ਼ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਮੁਲਜ਼ਮ ਰੇਲਵੇ ਰੋਡ ਇਲਾਕੇ ’ਚ ਰਾਹਗੀਰਾਂ ਤੋਂ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਅਤੇ ਨਸ਼ਾ ਸਮੱਗਲਿੰਗ ਕਰਦੇ ਸਨ।
ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਰੋਡ ’ਤੇ ਲੁੱਟ ਅਤੇ ਨਸ਼ਾ ਸਮੱਗਲਿੰਗ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਫਾਇਰ ਬ੍ਰਿਗੇਡ ਚੌਕ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਕੁਝ ਨੌਜਵਾਨ ਰੇਲਵੇ ਸਟੇਸ਼ਨ ਤੋਂ ਉਤਰਨ ਵਾਲੇ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਮੌਜੂਦਾ ਸਮੇਂ ਮਾਲ ਰੋਡ ’ਤੇ ਸਥਿਤ ਪਰਲਜ਼ ਕੰਪਨੀ ਦੀ ਖਾਲੀ ਇਮਾਰਤ ’ਚ ਲੁਕੇ ਹੋਏ ਹਨ।
ਜਦੋਂ ਪੁਲਸ ਨੇ ਇਸ ਖੰਡਰ ਇਮਾਰਤ ’ਚ ਛਾਪੇਮਾਰੀ ਕੀਤੀ ਤਾਂ ਅੰਦਰ ਮੌਜੂਦ ਨੀਰਜ ਸ਼ਰਮਾ ਉਰਫ ਕਾਲੂ ਨੇ ਪੁਲਸ ਪਾਰਟੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰ ਦਿੱਤੀ। ਪੁਲਸ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਨੀਰਜ ਦੀ ਖੱਬੀ ਲੱਤ ’ਚ ਗੋਲੀ ਲੱਗੀ। ਪੁਲਸ ਨੇ ਮੌਕੇ ਤੋਂ ਉਸ ਦੇ ਭਰਾ ਘੋਟਾ ਸਮੇਤ ਕਰਨ, ਰਾਹੁਲ ਅਤੇ ਵਿਕਰਮਜੀਤ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਰਿਕਾਰਡ ਅਨੁਸਾਰ ਨੀਰਜ ਕਾਲੂ ਅਤੇ ਘੋਟਾ ’ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ’ਚ 7-7 ਅਪਰਾਧਿਕ ਮਾਮਲੇ ਦਰਜ ਹਨ। ਕਰਨ ਅਤੇ ਵਿਕਰਮਜੀਤ ’ਤੇ ਵੀ 2-2 ਕੇਸ ਦਰਜ ਹਨ। ਐੱਸ. ਪੀ. ਸਿਟੀ ਨੇ ਸਪੱਸ਼ਟ ਕੀਤਾ ਕਿ ਇਸੇ ਇਲਾਕੇ ’ਚ ਨਸ਼ਾ ਵੇਚਣ ਦੀ ਵਾਇਰਲ ਹੋਈ ਵੀਡੀਓ ਇਕ ਵੱਖਰਾ ਮਾਮਲਾ ਹੈ, ਜਿਸ ’ਚ ਪੁਲਸ ਨੇ 7 ਹੋਰ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
