ਪੰਜਾਬ 'ਚ ਫਿਰ ਐਨਕਾਊਂਟਰ, ਰਿਕਵਰੀ ਲਈ ਲਿਆਂਦੇ ਗੈਂਗਸਟਰ ਨੇ ਚਲਾ 'ਤੀਆਂ ਗੋਲੀਆਂ (ਤਸਵੀਰਾਂ)
Sunday, Feb 23, 2025 - 01:49 PM (IST)

ਭਵਾਨੀਗੜ੍ਹ (ਕਾਂਸਲ, ਵਿਕਾਸ ਮਿੱਤਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਨਾਦਮਪੁਰ ਤੋਂ ਪਿੰਡ ਥੰਮਣ ਸਿੰਘਵਾਲਾ ਨੂੰ ਜਾਣ ਵਾਲੀ ਨਹਿਰ ਦੀ ਪਟੜੀ ਵਾਲੀ ਸੜਕ ਨੇੜੇ ਅੱਜ ਪੁਲਸ ਵੱਲੋਂ ਅਸਲੇ ਦੀ ਰਿਕਵਰੀ ਲਈ ਲਿਆਂਦੇ ਇਕ ਗੈਂਗਸਟਰ ਅਤੇ ਪੁਲਸ ਵਿਚਕਾਰ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ’ਚ ਗੈਂਗਸਟਰ ਦੀ ਲੱਤ ’ਚ ਗੋਲੀ ਲੱਗਣ ਕਾਰਨ ਉਹ ਜਖ਼ਮੀ ਹੋ ਗਿਆ। ਘਟਨਾ ਸਥਾਨ ’ਤੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਐੱਸ. ਪੀ. ਸੰਗਰੂਰ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਸੀ. ਆਈ. ਸਟਾਫ਼ ਦੇ ਇੰਚਾਰਜ ਸੰਦੀਪ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਇਕ ਗੈਂਗਸਟਰ ਮਨਿੰਦਰ ਸਿੰਘ ਮੋਹਾਲੀ ਨੂੰ ਇਕ ਅਸਲੇ ਦੀ ਰਿਕਵਰੀ ਲਈ ਪਿੰਡ ਨਾਦਮਪੁਰ ਤੋਂ ਪਿੰਡ ਥੰਮਣ ਸਿੰਘਵਾਲਾ ਨੂੰ ਜਾਣ ਵਾਲੀ ਨਹਿਰ ਦੀ ਪਟੜੀ ਵਾਲੀ ਸੜਕ 'ਤੇ ਲਿਆਂਦਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਜਦੋਂ ਪੁਲਸ ਪਾਰਟੀ ਉਸ ਨੂੰ ਇੱਥੇ ਲੈ ਕੇ ਆਈ ਤਾਂ ਉਸ ਨੇ ਤੁਰੰਤ ਇੱਥੇ ਖਤਾਨਾਂ ’ਚ ਪਹਿਲਾਂ ਤੋਂ ਲੁਕਾ ਕੇ ਰੱਖੀ ਇਕ ਵਿਦੇਸ਼ੀ ਪਿਸਤੌਲ, ਜੋ ਕਿ ਲੋਡਿਡ ਸੀ, ਨਾਲ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਪੂਰੀ ਤਰ੍ਹਾਂ ਮੁਸਤੈਦ ਪੁਲਸ ਮੁਲਾਜ਼ਮਾਂ ਨੇ ਆਪਣਾ ਬਚਾਅ ਕਰਨ ਦੇ ਨਾਲ-ਨਾਲ ਜਵਾਬੀ ਫਾਇਰਿੰਗ ਕਰਦਿਆਂ ਗੈਂਗਸਟਰ ਦੀ ਲੱਤ ’ਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਗੈਂਗਸਟਰ ਵੱਲੋਂ ਪੁਲਸ ਪਾਰਟੀ 'ਤੇ ਕੀਤੀ ਗਈ ਫਾਇਰਿੰਗ ’ਚ ਇਕ ਗੋਲੀ ਇਕ ਪੁਲਸ ਮੁਲਾਜ਼ਮ ਦੀ ਪੱਗ ਨੂੰ ਛੂੰਹਦੀ ਹੋਈ ਲੰਘੀ ਅਤੇ ਇਕ ਪੁਲਸ ਦੀ ਗੱਡੀ ਉੱਪਰ ਲੱਗੀ। ਜ਼ਖਮੀ ਗੈਂਗਸਟਰ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਭੇਜਿਆ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : AAP 'ਚ ਸ਼ਾਮਲ ਹੋ ਸਕਦਾ ਹੈ ਫਿਲਮੀ ਜਗਤ ਦਾ ਵੱਡਾ ਨਾਂ
ਐੱਸ. ਪੀ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀਆਂ ਕੋਲ ਮਾਰੂ ਹਥਿਆਰ ਹਨ ਅਤੇ ਉਹ ਟਾਰਗੇਟ ਕਿਲਿੰਗ ਕਰਨ ਲਈ ਘੁੰਮ ਰਹੇ ਹਨ। ਇਸ ਦੇ ਆਧਾਰ ’ਤੇ ਪੁਲਸ ਨੇ ਬੀਤੇ ਦਿਨੀ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਸੀ, ਜਿਨ੍ਹਾਂ ਦੇ ਕਬਜ਼ੇ ’ਚੋਂ ਪੁਲਸ ਨੂੰ ਵਿਦੇਸ਼ੀ ਪਿਸਤੌਲ ਬਰਾਮਦ ਹੋਏ ਸਨ। ਇਨ੍ਹਾਂ ਤੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਇਹ ਪਤਾ ਚੱਲਿਆ ਕਿ ਸਾਰੇ ਜੇਲ੍ਹ ’ਚ ਬੈਠੇ ਇਕ ਗੈਂਗਸਟਰ ਦੇ ਸੰਪਰਕ ’ਚ ਹਨ ਅਤੇ ਉਹ ਜੇਲ੍ਹ ’ਚ ਬੈਠ ਕੇ ਇਨ੍ਹਾਂ ਨੂੰ ਟਾਰਗੇਟ ਕਿਲਿੰਗ ਕਰਨ ਲਈ ਨਿਰਦੇਸ਼ ਦਿੰਦਾ ਹੈ।
ਇਸ ਤੋਂ ਬਾਅਦ ਪੁਲਸ ਵੱਲੋਂ ਜੇਲ੍ਹ ’ਚ ਬੰਦ ਉਕਤ ਗੈਂਗਸਟਰ ਨੂੰ ਪੁੱਛ-ਗਿੱਛ ਲਈ ਲਿਆਂਦਾ ਗਿਆ ਅਤੇ ਉਸ ਨੇ ਮੰਨਿਆ ਕਿ ਉਸ ਕੋਲ ਵੀ ਇਕ ਵਿਦੇਸ਼ੀ ਪਿਸਤੌਲ ਹੈ, ਜੋ ਕਿ ਉਕਤ ਵੱਲੋਂ ਇੱਥੇ ਨਹਿਰ ਦੀ ਪਟੜੀ ਨੇੜੇ ਖਤਾਨਾ ’ਚ ਲੁਕਾ ਕੇ ਰੱਖੀ ਹੋਈ ਹੈ। ਜਦੋਂ ਪੁਲਸ ਪਾਰਟੀ ਇਸ ਗੈਂਗਸਟਰ ਤੋਂ ਇਸ ਪਿਸਤੌਲ ਦੀ ਬਰਾਮਦਗੀ ਕਰਵਾਉਣ ਲਈ ਇੱਥੇ ਲੈ ਕੇ ਆਈ ਤਾਂ ਉਸ ਨੇ ਇੱਥੇ ਲੁਕਾ ਕੇ ਰੱਖੇ ਪਿਸਤੌਲ ਨਾਲ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਗੈਂਗਸਟਰ ਉੱਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8