ਰੁਜ਼ਗਾਰ ਤੋਂ ਵਾਂਝੇ ਹੋ ਰਹੇ ਵਰਕਰਾਂ ਕੀਤੀ ਨਾਅਰੇਬਾਜ਼ੀ
Thursday, Sep 28, 2017 - 03:11 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)–ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਕਈ ਸਾਲਾਂ ਤੋਂ ਬਤੌਰ ਵਰਕਰ ਕੰਮ ਕਰਦੇ ਆ ਰਹੇ ਦੋ ਦਰਜਨ ਵਰਕਰਾਂ 'ਤੇ ਉਸ ਸਮੇਂ ਗਾਜ ਆ ਡਿੱਗੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲੋਂ ਰੁਜ਼ਗਾਰ ਖੋਹ ਕੇ ਪਲਾਂਟ 'ਚੋਂ ਕੱਢਣ ਦਾ ਫੈਸਲਾ ਹੋ ਗਿਆ ਹੈ। ਰੁਜ਼ਗਾਰ ਤੋਂ ਵਾਂਝੇ ਹੋ ਰਹੇ ਇਨ੍ਹਾਂ ਵਰਕਰਾਂ ਨੇ ਅੱਜ ਉਕਤ ਫੈਸਲੇ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਇਕ ਮੰਗ-ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ।
ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਇਕੱਤਰ ਹੋਏ ਇਨ੍ਹਾਂ ਵਰਕਰਾਂ ਵਰਿੰਦਰ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ, ਜਸਪਾਲ ਸਿੰਘ, ਗੁਰਵਿੰਦਰ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਪ੍ਰਕਾਸ਼ ਚੰਦ, ਹਰਦੇਵ ਸਿੰਘ, ਸੰਦੀਪ ਸਿੰਘ ਤੇ ਕਮਲ ਕੁਮਾਰ ਆਦਿ ਨੇ ਕਿਹਾ ਕਿ ਅਸੀਂ ਮਿਲਕ ਪਲਾਂਟ 'ਚ ਬਤੌਰ ਵਰਕਰ ਵੱਖ-ਵੱਖ ਕੰਮ ਕਰਦੇ ਹਾਂ ਪਰ ਹੁਣ ਸਾਨੂੰ ਕੱਢਿਆ ਜਾ ਰਿਹਾ ਹੈ। ਜਦੋਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਘਰ ਵਿਚ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਹੋਇਆ ਹੈ ਪਰ ਸਾਡੇ ਕੋਲੋਂ ਰੁਜ਼ਗਾਰ ਹੁੰਦੇ ਹੋਏ ਵੀ ਖੋਹਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪਲਾਂਟ 'ਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਸਾਡੇ ਸਾਰੇ ਵਰਕਰਾਂ ਦੇ ਘਰ ਬਰਬਾਦ ਹੋ ਜਾਣਗੇ ਕਿਉਂਕਿ ਸਾਡਾ ਘਰ ਦਾ ਚੁੱਲ੍ਹਾ ਇਸੇ ਰੁਜ਼ਗਾਰ ਦੇ ਸਹਾਰੇ ਚਲਦਾ ਹੈ। ਇਨ੍ਹਾਂ ਵਰਕਰਾਂ ਨੇ ਕਿਹਾ ਕਿ ਪਲਾਂਟ 'ਚ ਨਵੀਂ ਭਰਤੀ ਬੇਸ਼ੱਕ ਹੋਵੇ ਪਰ ਸਾਡੇ ਕੋਲੋਂ ਰੁਜ਼ਗਾਰ ਨਾ ਖੋਹਿਆ ਜਾਵੇ। ਜੇਕਰ ਅਜਿਹਾ ਹੋਇਆ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਲੋਕ ਭਲਾਈ ਸੰਘਰਸ਼ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ ਵੀ ਮੌਜੂਦ ਸਨ।