ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਦਫਤਰ ’ਚ ਮਰੀਜ਼ਾਂ ਦੀ ਖੱਜਲ-ਖੁਆਰੀ

Saturday, Aug 25, 2018 - 01:14 AM (IST)

ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਦਫਤਰ ’ਚ ਮਰੀਜ਼ਾਂ ਦੀ ਖੱਜਲ-ਖੁਆਰੀ

ਅੰਮ੍ਰਿਤਸਰ, (ਦਲਜੀਤ)- ਇੰਪਲਾਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ ਦਫਤਰ ਵੱਲੋਂ ਜ਼ਰੂਰਤਮੰਦ ਮਰੀਜ਼ਾਂ  ਨੂੰ ਰੱਜ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਦਫਤਰ ਦੇ ਘਟੀਆ ਪ੍ਰਬੰਧਾਂ ਕਾਰਨ ਮਰੀਜ਼ਾਂ ਨੂੰ ਗਰਮੀ ਵਿਚ ਧੁੱਪੇ ਅੱਜ ਕਰੀਬ 3 ਘੰਟੇ ਆਪਣੇ ਛੁੱਟੀ ਵਾਲੇ ਫਾਰਮਾਂ ਨੂੰ ਤਸਦੀਕ ਕਰਵਾਉਣ ਲਈ ਡਾਕਟਰ ਦੀ ਉਡੀਕ ਕਰਨੀ ਪਈ। ਡਾਕਟਰ ਦੇ ਦੇਰੀ ਨਾਲ ਆਉਣ ਕਾਰਨ ਕਈ ਲੋਕ ਤਾਂ ਬਿਨਾਂ ਫਾਰਮ ਤਸਦੀਕ ਕਰਵਾਏ ਘਰਾਂ ਨੂੰ ਪਰਤ ਗਏ। ਦਫਤਰ ਦੀ ਹਾਲਤ ਇੰਨੀ ਖਸਤਾ ਹੈ ਕਿ ਨਾ ਤਾਂ ਇਥੇ ਪੀਣ ਵਾਲੇ ਪਾਣੀ ਦਾ ਢੁੱਕਵਾਂ ਪ੍ਰਬੰਧ ਹੈ ਤੇ ਨਾ ਹੀ ਮਰੀਜ਼ਾਂ ਲਈ ਬਾਥਰੂਮ ਦਾ।
®ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਗੈਰ-ਸਰਕਾਰੀ ਅਦਾਰਿਆਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸੁਵਿਧਾ ਲਈ ਮਜੀਠਾ ਰੋਡ ’ਤੇ ਉਕਤ ਦਫਤਰ ਬਣਾਇਆ ਗਿਆ ਹੈ, ਜਿਸ ਵਿਚ ਮੁਲਾਜ਼ਮਾਂ ਦੀ ਮੈਡੀਕਲ ਛੁੱਟੀ ਮਹੀਨੇ ’ਚ ਇਕ ਵਾਰ ਚੰਡੀਗਡ਼੍ਹ ਤੋਂ ਆਉਣ ਵਾਲੇ ਡਾਕਟਰ ਵੱਲੋਂ ਤਸਦੀਕ ਕੀਤੀ ਜਾਂਦੀ ਹੈ। ਅੱਜ ਇਕ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਆਪਣੀ ਛੁੱਟੀ ਤਸਦੀਕ ਕਰਵਾਉਣ ਲਈ ਦਫਤਰ ਵੱਲੋਂ 11:30 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਡਾਕਟਰ ਸਾਹਿਬ 2:15 ਮਿੰਟ ’ਤੇ ਦਫਤਰ ਪੁੱਜੇ। ਇਸ ਦੌਰਾਨ ਦਫਤਰ ’ਚ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਮਰੀਜ਼ ਧੁੱਪੇ ਹੀ ਡਾਕਟਰ ਦੀ ਉਡੀਕ ਕਰਦੇ ਰਹੇ। ਕਈ ਮਰੀਜ਼ ਤਾਂ ਬਿਨਾਂ ਕਾਗਜ਼ਾਂ ਦੀ ਤਸਦੀਕ ਕਰਵਾਏ ਆਪਣੇ ਘਰਾਂ ਨੂੰ ਪਰਤ ਗਏ।
ਦਫਤਰ ਵਿਚ ਮਰੀਜ਼ਾਂ ਲਈ ਬਣਾਏ ਗਏ ਬਾਥਰੂਮ ’ਚ ਗੰਦਗੀ ਦੀ ਭਰਮਾਰ ਹੈ ਅਤੇ ਬਾਥਰੂਮ ਪੂਰੀ ਤਰ੍ਹਾਂ ਬੰਦ ਪਿਆ ਹੈ। ਵਾਸ਼ਵੇਸਨ ’ਤੇ ਲੱਗੀ ਟੂਟੀ ਦੇ ਹੇਠਾਂ ਵੀ ਗੰਦਗੀ ਪਈ ਹੋਈ ਹੈ। ਮਰੀਜ਼ਾਂ ਨੂੰ ਜਿਹਡ਼ੇ ਸ਼ੈੱਡ ਹੇਠ ਬਿਠਾਇਆ ਜਾਂਦਾ ਹੈ ਉਥੇ ਮੁਲਾਜ਼ਮਾਂ ਦੇ ਵਾਹਨ ਲੱਗੇ ਹੁੰਦੇ ਹਨ। ਕੁਝ ਮਰੀਜ਼ਾਂ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾਕਟਰ ਵੱਲੋਂ ਦੇਰੀ ਨਾਲ ਆਉਣ ਕਾਰਨ ਅੱਤ ਦੀ ਗਰਮੀ ’ਚ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਡਾਕਟਰ ਨੇ ਕਦੋਂ ਆਉਣਾ ਹੈ, ਸਬੰਧੀ ਜਦੋਂ ਪੁੱਛਦੇ ਤਾਂ ਕੋਈ ਵੀ ਢੁੱਕਵਾਂ ਜਵਾਬ ਨਹੀਂ ਦਿੰਦਾ। ਬਿਨਾਂ ਪਾਣੀ ਅਤੇ ਛਾਂ ਤੋਂ ਧੁੱਪੇ ਹੀ ਉਨ੍ਹਾਂ ਨੂੰ 3 ਘੰਟੇ ਦੇ ਕਰੀਬ ਡਾਕਟਰ ਦੀ ਉਡੀਕ ਕਰਨੀ ਪਈ। ਮਰੀਜ਼ਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਦਫਤਰ ਤਾਂ ਉਨ੍ਹਾਂ ਦੀ ਸੁਵਿਧਾ ਲਈ ਬਣਾਇਆ ਗਿਆ ਹੈ ਪਰ ਇਥੇ ਸੁਵਿਧਾ ਘੱਟ ਤੇ ਦੁਵਿਧਾ ਵੱਧ ਹੋ ਰਹੀ ਹੈ। 
ਕੀ ਕਹਿਣਾ ਹੈ ਡਾਕਟਰ ਦਾ : ਇਸ ਸਬੰਧੀ ਚੰਡੀਗਡ਼੍ਹ ਤੋਂ ਆਏ ਮੈਡੀਕਲ ਰੈਫਰੀ ਡਾ. ਭਰਤ ਕੁਮਾਰ ਦਾ ਕਹਿਣਾ ਸੀ ਕਿ ਉਹ ਅੱਜ ਇਸ ਲਈ ਲੇਟ ਆਏ ਹਨ ਕਿਉਂਕਿ ਜਲੰਧਰ ਵਿਚ ਵੀ ਉਨ੍ਹਾਂ ਮਰੀਜ਼ਾਂ ਨੂੰ ਦੇਖਣਾ ਸੀ, ਜਿਥੇ ਮਰੀਜ਼ਾਂ ਦਾ ਗਿਣਤੀ ਵੱਧ ਹੋਣ ਕਾਰਨ ਉਹ ਲੇਟ ਹੋ ਗਏ ਪਰ ਬ੍ਰਾਂਚ ਮੈਨੇਜਰ ਨੂੰ ਉਨ੍ਹਾਂ ਨੇ ਆਪਣੇ ਲੇਟ ਆਉਣ ਦੀ ਸੂਚਨਾ ਪਹਿਲਾਂ ਹੀ ਫੋਨ ’ਤੇ ਦੇ ਦਿੱਤੀ ਸੀ। 
ਕੀ ਕਹਿਣਾ ਹੈ ਬ੍ਰਾਂਚ ਮੈਨੇਜਰ ਦਾ : ਇਸ ਸਬੰਧੀ ਬ੍ਰਾਂਚ ਮੈਨੇਜਰ ਸੰਤੋਖ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹਡ਼ੇ ਮਰੀਜ਼ ਠੀਕ ਨਹੀਂ ਸਨ, ਉਨ੍ਹਾਂ ਨੂੰ ਪਹਿਲਾਂ ਭੇਜ ਦਿੱਤਾ ਗਿਆ ਸੀ, ਮਰੀਜ਼ਾਂ ਨੂੰ ਦਫਤਰ ਦੇ ਅੰਦਰ ਆ ਕੇ ਪੱਖੇ ਹੇਠ ਬੈਠਣ ਲਈ ਵੀ ਕਿਹਾ ਗਿਆ ਸੀ।


Related News