ਕਰਮਚਾਰੀਆਂ ਲਈ ਖੁਸ਼ਖਬਰੀ : ਕੋਰੋਨਾ ਸੰਕਟ ਦੇ ਬਾਵਜੂਦ ਮਿਲੇਗੀ ਪੂਰੀ ਤਨਖਾਹ

Monday, Apr 06, 2020 - 09:17 AM (IST)

ਚੰਡੀਗੜ੍ਹ (ਸ਼ਰਮਾ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਵਲੋਂ ਰਾਜ ਦੇ ਜ਼ਿਲਿਆਂ ਨੂੰ ਹੁਣ ਤੱਕ 150 ਕਰੋੜ ਰੁਪਏ ਕੋਰੋਨਾ ਰਾਹਤ ਕਾਰਜਾਂ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮੁਸ਼ਕਲ ਦੇ ਦੌਰ ’ਚ ਸਰਕਾਰ ਸੂਬੇ ਦੇ ਲੋਕਾਂ ਨਾਲ ਖੜ੍ਹੀ ਹੈ ਅਤੇ ਰਾਹਤ ਕਾਰਜਾਂ ਅਤੇ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਜਾਣਗੇ। ਇਸ ਕੰਮ ’ਚ ਪੈਸੇ ਦੀ ਘਾਟ ਕੋਈ ਅੜਿੱਕਾ ਨਹੀਂ ਬਣੇਗੀ। ਵਿੱਤ ਮੰਤਰੀ ਮਨਪ੍ਰੀਤ ਨੇ ਅੱਗੇ ਦੱਸਿਆ ਕਿ ਮੈਡੀਕਲ ਉਪਕਰਨ ਅਤੇ ਹੋਰ ਲੋੜੀਂਦਾ ਸਾਜ਼ੋ-ਸਾਮਾਨ ਖਰੀਦਣ ਲਈ ਵੀ 50 ਕਰੋੜ ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਵਿਡ 19 ਦੇ ਟਾਕਰੇ ਲਈ ਹੰਗਾਮੀ ਕਦਮ ਦੇ ਤੌਰ ’ਤੇ ਵਧੀਕ ਮੁੱਖ ਸਕੱਤਰ ਦੀ ਅਗਵਾਈ ਵਾਲੀ ਖਰੀਦ ਕਮੇਟੀ ਨੂੰ ਕੋਵਿਡ-19 ਬਿਮਾਰੀ ਨਾਲ ਨਿਪਟਣ ਲਈ ਸਬੰਧਤ ਸਾਰੀਆਂ ਖਰੀਦਦਾਰੀਆਂ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।

ਇਸ ਤਰ੍ਹਾਂ ਇਕ ਹੋਰ ਸਵਾਲ ਦੇ ਜਵਾਬ ’ਚ ਵਿੱਤ ਮੰਤਰੀ ਨੇ ਦੱਸਿਆ ਕਿ ਕੋਰੋਨਾ ਕਾਰਨ ਪੈਦਾ ਹੋਏ ਸੰਕਟ ਦੇ ਬਾਵਜੂਦ ਸੂਬਾ ਸਰਕਾਰ ਆਪਣੇ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਦੇਵੇਗੀ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬਠਿੰਡਾ ’ਚ ਹਰ ਰੋਜ਼ 25 ਹਜ਼ਾਰ ਲੋਕਾਂ ਨੂੰ ਪੱਕਿਆ ਹੋਇਆ ਭੋਜਨ ਖੁਆਇਆ ਜਾ ਰਿਹਾ ਹੈ। 7900 ਲੋਕਾਂ ਨੂੰ ਸੁੱਕਾ ਰਾਸ਼ਨ ਵੰਡਿਆ ਜਾ ਚੁੱਕਾ ਹੈ। ਇਸ ਤੋਂ ਬਿਨਾਂ 7 ਦਿਨ ਪਹਿਲਾਂ ਜਿਨ੍ਹਾਂ ਨੂੰ ਇਕ-ਇਕ ਹਫ਼ਤੇ ਦਾ ਰਾਸ਼ਨ ਵੰਡਿਆ ਗਿਆ ਸੀ, ਉਨ੍ਹਾਂ 1000 ਪਰਿਵਾਰਾਂ ਨੂੰ ਅਗਲੇ ਹਫਤੇ ਦਾ ਸੁੱਕਾ ਰਾਸ਼ਨ ਦੁਬਾਰਾ ਵੰਡਿਆ ਜਾ ਰਿਹਾ ਹੈ।

ਇਸੇ ਤਰ੍ਹਾਂ ਕਣਕ ਖਰੀਦ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਸੂਬੇ ਦੀ 22000 ਕਰੋਡ਼ ਰੁਪਏ ਦੀ ਸੀ. ਸੀ. ਲਿਮਟ ਮਨਜ਼ੂਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਣਕ ਖਰੀਦ ਦੀ ਢੁਕਵੀਂ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਤੋਂ ਰੋਜ਼ਾਨਾ ਲਗਭਗ 30-30 ਮਾਲ ਗੱਡੀਆਂ ਦੂਜਿਆਂ ਸੂਬਿਆਂ ਨੂੰ ਜਾ ਰਹੀਆਂ ਹਨ ਜਿਸ ਨਾਲ ਸੂਬੇ ਦੇ ਗੋਦਾਮਾਂ ’ਚ ਅਗਲੀ ਫਸਲ ਭੰਡਾਰ ਲਈ ਵਾਧੂ ਥਾਂ ਉਪਲਬਧ ਹੋਵੇਗੀ।


rajwinder kaur

Content Editor

Related News