...ਤੇ ਹੁਣ 'ਭਰੂਣ' ਤੋਂ 5 ਸਾਲਾਂ ਬਾਅਦ ਜਨਮ ਲਵੇਗਾ ਬੱਚਾ

Monday, Oct 09, 2017 - 12:41 PM (IST)

...ਤੇ ਹੁਣ 'ਭਰੂਣ' ਤੋਂ 5 ਸਾਲਾਂ ਬਾਅਦ ਜਨਮ ਲਵੇਗਾ ਬੱਚਾ

ਚੰਡੀਗੜ੍ਹ (ਅਰਚਨਾ) : ਹੁਣ ਭਰੂਣ ਤੋਂ 9 ਮਹੀਨਿਆਂ ਬਾਅਦ ਨਹੀਂ, ਬਲਕਿ ਪੰਜ ਸਾਲਾਂ ਬਾਅਦ ਬੱਚਾ ਜਨਮ ਲਏਗਾ। ਇਹ ਸੰਭਵ ਹੋਇਆ ਹੈ ਐਂਬ੍ਰਾਏ ਫ੍ਰੀਜ਼ਿੰਗ ਨਾਲ। ਹੁਣ ਤਕ ਟ੍ਰਾਈਸਿਟੀ ਵਿਚ ਐਂਬ੍ਰਾਏ ਫ੍ਰੀਜ਼ਿੰਗ ਦੇ 12 ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਦੋ ਚੰਡੀਗੜ੍ਹ ਦੇ ਤੇ ਬਾਕੀ ਦੇ ਮੋਹਾਲੀ ਤੇ ਪੰਚਕੂਲਾ ਦੇ ਹਨ। ਐਂਬ੍ਰਾਏ ਫ੍ਰੀਜ਼ਿੰਗ ਇਕ ਅਜਿਹੀ ਪ੍ਰੀਕਿਰਿਆ ਹੈ, ਜਿਸ ਵਿਚ ਭਰੂਣ ਨੂੰ ਹਸਪਤਾਲ ਦੇ ਲਿਕਵਿਡ ਨਾਈਟ੍ਰੋਜਨ ਟੈਂਕ ਵਿਚ 5 ਸਾਲਾਂ ਲਈ ਰੱਖਣ ਦੀ ਸਮਰੱਥਾ ਹੁੰਦੀ ਹੈ। ਮਾਂ ਦੇ ਆਂਡੇ ਤੇ ਪਿਤਾ ਦੇ ਵੀਰਜ ਤੋਂ ਤਿਆਰ ਭਰੂਣ ਦਾ ਜਨਮ ਉਦੋਂ ਹੋਵੇਗਾ, ਜਦੋਂ ਜੋੜਾ ਚਾਹੇਗਾ। ਵਿਟੋਰ ਫਰਟੀਲਾਈਜ਼ੇਸ਼ਨ ਤਕਨੀਕ ਨਾਲ ਹੁਣ ਤੱਕ ਸੈਂਕੜੇ ਜੋੜੇ ਐਂਬ੍ਰਾਏ ਫ੍ਰੀਜ਼ਿੰਗ ਅਪਣਾ ਚੁੱਕੇ ਹਨ ਪਰ ਉਹ ਫ੍ਰੀਜ਼ਿੰਗ ਕੁਝ ਹੀ ਘੰਟਿਆਂ ਲਈ ਕੀਤੀ ਜਾਂਦੀ ਸੀ। ਐਂਬ੍ਰਾਏ ਤਿਆਰ ਹੋਣ ਤੋਂ ਬਾਅਦ ਮਾਂ ਦੇ ਗਰਭ ਵਿਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਸੀ ਪਰ ਹੁਣ ਜੋੜੇ ਬਾਂਝਪਣ ਦੀ ਸਮੱਸਿਆ ਤੋਂ ਨਹੀਂ, ਬਲਕਿ ਆਪਣੇ ਕਰੀਅਰ ਲਈ ਅਜਿਹਾ ਕਰਵਾਉਣ ਲੱਗੇ ਹਨ। ਇੰਨਾ ਹੀ ਨਹੀਂ, 40 ਦੇ ਕਰੀਬ ਅਜਿਹੀਆਂ ਅਣਵਿਆਹੀਆਂ ਲੜਕੀਆਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਆਪਣੇ ਆਂਡੇ ਫ੍ਰੀਜ਼ ਕਰਵਾ ਲਏ ਹਨ। ਇਕ ਪ੍ਰਾਈਵੇਟ ਹਸਪਤਾਲ ਦੀ ਗਾਇਨੀਕਾਲੋਜਿਸਟ ਦਾ ਕਹਿਣਾ ਹੈ ਕਿ ਐਂਬ੍ਰਾਏ ਫ੍ਰੀਜ਼ਿੰਗ ਦਾ ਇਸਤੇਮਾਲ ਪਹਿਲਾਂ ਉਹ ਜੋੜੇ ਕਰਵਾਉਂਦੇ ਸਨ, ਜਿਨ੍ਹਾਂ ਨੂੰ ਵਿਆਹ ਦੇ ਕਈ ਸਾਲਾਂ ਬਾਅਦ ਵੀ ਬੱਚਾ ਨਹੀਂ ਹੁੰਦਾ ਸੀ ਪਰ ਹੁਣ ਤੰਦਰੁਸਤ ਜੋੜੇ ਵੀ ਇਹ ਪ੍ਰਕਿਰਿਆ ਅਪਣਾ ਰਹੇ ਹਨ।
ਆਈ. ਟੀ. ਦੇ ਖੇਤਰ 'ਚ ਮੁਕਾਮ ਹਾਸਿਲ ਕਰਨ ਤੋਂ ਬਾਅਦ ਦੇਣਗੇ ਬੱਚੇ ਨੂੰ ਜਨਮ 
ਐਂਬ੍ਰਾਏ ਫ੍ਰੀਜ਼ਿੰਗ ਕਰਵਾਉਣ ਵਾਲਾ ਜੋੜਾ ਆਈ. ਟੀ. ਕੰਪਨੀ ਵਿਚ ਕੰਮ ਕਰਦਾ ਹੈ। ਦੋਵਾਂ ਨੇ ਹਾਲ ਹੀ ਵਿਚ ਵਿਆਹ ਕਰਵਾਇਆ ਹੈ ਤੇ ਦੋਵਾਂ ਦੀ ਉਮਰ ਕਰੀਬ 28 ਸਾਲ ਹੈ। ਦੋਵੇਂ ਆਪਣੇ ਕਰੀਅਰ ਦੇ ਮੁਕਾਮ 'ਤੇ ਪਹੁੰਚਣਾ ਚਾਹੁੰਦੇ ਹਨ। ਡਾਕਟਰ ਨੇ ਦੱਸਿਆ ਕਿ ਜੋੜੇ ਨੇ ਆਪਣੇ ਐਂਬ੍ਰਾਏ ਨੂੰ ਫ੍ਰੀਜ਼ ਕਰਵਾ ਦਿੱਤਾ ਹੈ। ਪੰਜ ਸਾਲ ਬਾਅਦ ਐਂਬ੍ਰਾਏ ਨੂੰ ਔਰਤ ਦੇ ਗਰਭ ਵਿਚ ਸਥਾਪਿਤ ਕਰ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਬੱਚੇ ਦਾ ਜਨਮ ਹੋ ਸਕੇਗਾ। ਐਂਬ੍ਰਾਏ ਨੂੰ ਉਸੇ ਤਰ੍ਹਾਂ ਫ੍ਰੀਜ਼ ਕੀਤਾ ਗਿਆ ਹੈ, ਜਿਸ ਤਰ੍ਹਾਂ ਆਂਡੇ ਤੇ ਵੀਰਜ ਨੂੰ ਫ੍ਰੀਜ਼ ਕੀਤਾ ਜਾਂਦਾ ਹੈ। ਜੋੜਾ ਇਹ ਜਾਣਦਾ ਸੀ ਕਿ ਪੰਜ ਸਾਲਾਂ ਬਾਅਦ ਜਦੋਂ ਦੋਵੇਂ ਬੱਚੇ ਨੂੰ ਜਨਮ ਦੇਣਾ ਚਾਹੁਣਗੇ, ਉਦੋਂ ਉਨ੍ਹਾਂ ਦੀ ਉਮਰ ਵਧ ਜਾਵੇਗੀ ਤੇ ਅਜਿਹੇ ਵਿਚ ਬੱਚੇ ਦੇ ਜੈਨੇਟਿਕ ਡਿਫੈਕਟ ਦੀ ਲਪੇਟ ਵਿਚ ਆਉਣ ਦਾ ਰਿਸਕ ਰਹੇਗਾ। 
ਵਿਦੇਸ਼ ਤੋਂ ਵਾਪਸ ਆ ਕੇ ਐਂਬ੍ਰਾਏ ਨੂੰ ਕਰਵਾਵਾਂਗੇ ਗਰਭ 'ਚ ਵਿਕਸਿਤ 
ਐਂਬ੍ਰਾਏ ਫ੍ਰੀਜ਼ ਕਰਵਾਉਣ ਵਾਲਾ ਦੂਸਰਾ ਜੋੜਾ ਵੀ ਆਪਣੇ ਕਰੀਅਰ ਕਾਰਨ ਪੰਜ ਸਾਲਾਂ ਬਾਅਦ ਬੱਚੇ ਨੂੰ ਜਨਮ ਦੇਣਾ ਚਾਹੁੰਦਾ ਹੈ। ਪਤੀ ਨੇ ਨੌਕਰੀ ਲਈ ਵਿਦੇਸ਼ ਜਾਣਾ ਸੀ। ਪਤੀ ਨਹੀਂ ਚਾਹੁੰਦਾ ਸੀ ਕਿ ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੇ ਬੱਚੇ ਦੀ ਜ਼ਿੰਮੇਵਾਰੀ ਇਕੱਲੀ ਉਸ ਦੀ ਪਤਨੀ 'ਤੇ ਆਏ, ਇਸ ਲਈ ਉਨ੍ਹਾਂ ਨੇ ਐਂਬ੍ਰਾਏ ਫ੍ਰੀਜ਼ਿੰਗ ਦਾ ਫੈਸਲਾ ਲਿਆ ਹੈ।
ਸਭ ਤੋਂ ਘੱਟ ਉਮਰ ਦੀ 17 ਸਾਲਾ ਲੜਕੀ ਨੇ ਕਰਵਾਏ ਆਪਣੇ ਆਂਡੇ ਫ੍ਰੀਜ਼
ਪੰਜਾਬ ਦੀ 17 ਸਾਲਾ ਲੜਕੀ ਦੇ ਓਵੇਰੀਅਨ ਕੈਂਸਰ ਨਾਲ ਗ੍ਰਸਤ ਹੋਣ ਕਾਰਨ ਡਾਕਟਰ ਨੇ ਉਸ ਦੇ 10 ਆਂਡਿਆਂ ਨੂੰ ਫ੍ਰੀਜ਼ ਕਰਕੇ ਰੱਖ ਲਿਆ ਹੈ। ਲੜਕੀ ਦੀ ਓਵਰੀ ਵਿਚ ਵੱਡੀ ਰਸੌਲੀ ਸੀ। ਕੈਂਸਰ ਵਾਲੀ ਰਸੌਲੀ ਕੱਢਦੇ ਹੋਏ ਲੜਕੀ ਦੀਆਂ ਦੋਵੇਂ ਓਵਰੀਆਂ ਨੂੰ ਨੁਕਸਾਨ ਹੋਣ ਦਾ ਖਤਰਾ ਹੈ। ਇਸ ਲਈ ਡਾਕਟਰਾਂ ਨੇ ਲੜਕੀ ਦੀ ਫਰਟੀਲਿਟੀ ਨੂੰ ਬਚਾਉਣ ਲਈ 10 ਸਾਲ ਲਈ ਉਸ ਦੇ ਆਂਡਿਆਂ ਨੂੰ ਵਿਟ੍ਰੀਫਿਕੇਸ਼ਨ ਤਕਨੀਕ ਨਾਲ ਫ੍ਰੀਜ਼ ਕਰ ਲਿਆ ਹੈ, ਜਿਸ ਨੂੰ ਵਿਆਹ ਤੋਂ ਬਾਅਦ ਪਤੀ ਦੇ ਵੀਰਜ ਨਾਲ ਉਸ ਦੇ ਗਰਭ ਵਿਚ ਟ੍ਰਾਂਸਫਰ ਕਰ ਦਿੱਤਾ ਜਾਵੇਗਾ ਤੇ 9 ਮਹੀਨਿਆਂ ਬਾਅਦ ਬੱਚੇ ਦਾ ਕੁਦਰਤੀ ਤਰੀਕੇ ਨਾਲ ਜਨਮ ਹੋ ਜਾਵੇਗਾ।

ਗਾਇਨੀਕਾਲੋਜਿਸਟ ਡਾ. ਪੂਜਾ ਗੁਪਤਾ ਨੇ ਦੱਸਿਆ ਕਿ ਅਜਿਹੇ ਜੋੜੇ ਸਾਹਮਣੇ ਆਏ, ਜੋ ਬੱਚੇ ਦਾ ਜਨਮ ਪੰਜ ਸਾਲ ਤੋਂ ਬਾਅਦ ਚਾਹੁੰਦੇ ਸਨ, ਜਿਸ ਲਈ ਉਹ ਐਂਬ੍ਰਾਏ ਫ੍ਰੀਜ਼ਿੰਗ ਅਪਣਾਉਣਾ ਚਾਹੁੰਦੇ ਹਨ। ਜੋੜਿਆਂ ਨੂੰ 12 ਦਿਨਾਂ ਤਕ ਇੰਜੈਕਸ਼ਨ ਦੇਣ ਤੋਂ ਬਾਅਦ ਆਂਡੇ ਤੇ ਵੀਰਜ ਕੱਢ ਲਏ ਜਾਂਦੇ ਹਨ। ਆਂਡਿਆਂ ਤੇ ਵੀਰਜ ਦੀ ਤਰ੍ਹਾਂ ਐਂਬ੍ਰਾਏ ਨੂੰ ਵੀ ਪਾਣੀ ਤੋਂ ਦੂਰ ਰੱਖਣਾ ਜ਼ਰੂਰੀ ਹੁੰਦਾ ਹੈ। ਆਂਡੇ ਤੇ ਵੀਰਜ ਦਾ ਮਿਲਾਨ ਕਰਨ ਤੋਂ ਬਾਅਦ ਐਂਬ੍ਰਾਏ ਤਿਆਰ ਕੀਤਾ ਜਾਂਦਾ ਹੈ। ਐਂਬ੍ਰਾਏ ਦੇ ਆਸ-ਪਾਸ ਕਾਇਓਪ੍ਰੋਟੈਕਟੈਂਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਰੂਮ ਟੈਂਪਰੇਚਰ 'ਚੋਂ ਕੱਢਣ ਤੋਂ ਬਾਅਦ ਉਸ ਨੂੰ ਲਿਕਵਿਡ ਨਾਈਟ੍ਰੋਜਨ ਟੈਂਕ ਵਿਚ 200 ਡਿਗਰੀ ਸੈਂਟ੍ਰੀਗ੍ਰੇਡ 'ਤੇ ਰੱਖ ਦਿੱਤਾ ਜਾਂਦਾ ਹੈ।


Related News