ਬੇਗੋਵਾਲ ਦੇ ਐਕਸਿਸ ਬੈਂਕ ’ਚ ਕਰੋੜਾਂ ਰੁਪਏ ਦਾ ਗਬਨ ਹੋਣ ਦੇ ਚਰਚੇ, ਆਡਿਟਿੰਗ ਟੀਮ ਖੰਗਾਲ ਰਹੀ ਰਿਕਾਰਡ

Thursday, Aug 25, 2022 - 10:53 PM (IST)

ਬੇਗੋਵਾਲ (ਰਜਿੰਦਰ)-ਬੇਗੋਵਾਲ ’ਚ ਐਕਸਿਸ ਬੈਂਕ ’ਚ ਕਰੋੜਾਂ ਰੁਪਏ ਦਾ ਗਬਨ ਹੋਣ ਦੇ ਚਰਚੇ ਸੁਣਨ ਨੂੰ ਮਿਲ ਰਹੇ ਹਨ। ਜਿਸ ਦੌਰਾਨ ਇਸ ਬੈਂਕ ਦੇ ਗਾਹਕ ਆਪੋ-ਆਪਣੇ ਖਾਤੇ ਚੈੱਕ ਕਰਵਾਉਣ ਲਈ ਤੇਜ਼ੀ ਨਾਲ ਬੈਂਕ ਵਿਚ ਆ ਰਹੇ ਹਨ। ਦੱਸਣਯੋਗ ਹੈ ਕਿ ਇਸ ਸਭ ਦੇ ਚਲਦਿਆਂ ਬੈਂਕ ਦੇ ਸੀਨੀਅਰ ਅਧਿਕਾਰੀ ਤੇ ਆਡਿਟਿੰਗ ਟੀਮ ਵੀ ਬੈਂਕ ਵਿਖੇ ਪਹੁੰਚੀ ਹੋਈ ਹੈ, ਜਿਨ੍ਹਾਂ ਵੱਲੋਂ ਬੈਂਕ ਦੇ ਅੰਦਰ ਕੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ, ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ।  ਦੇਰ ਸ਼ਾਮ ਬੈਂਕ ਤੋਂ ਵਾਪਸੀ ਵੇਲੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕਾਰਪੋਰੇਟ ਹੀ ਇਸ ਸਬੰਧੀ ਜਾਣਕਾਰੀ ਦੇਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਬੈਂਕ ਦੇ ਇਕ ਕਰਮਚਾਰੀ ਵੱਲੋਂ ਇਸ ਗਬਨ ਨੂੰ ਕਰਕੇ ਦੌੜਨ ਦੀ ਅਫਵਾਹ ਫੈਲੀ ਹੋਈ ਹੈ। ਬੈਂਕ ਦੇ ਬਾਹਰ ਆਏ ਲੋਕ ਵੀ ਕਹਿ ਰਹੇ ਹਨ ਕਿ ਉਕਤ ਬੈਂਕ ਕਰਮਚਾਰੀ ਗਾਇਬ ਹੈ ਤੇ ਸਾਡੇ ਖਾਤਿਆਂ ’ਚੋਂ ਨਕਦੀ ਗਾਇਬ ਹੈ ਪਰ ਦੂਜੇ ਪਾਸੇ ਜਾਂਚ ਟੀਮ ਕੀ ਸਿੱਟਾ ਕੱਢਦੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਵਾਸਤੇ ਪਰਿਵਾਰ ਵੱਲੋਂ ਕੱਢਿਆ ਜਾ ਰਿਹਾ ਕੈਂਡਲ ਮਾਰਚ (ਦੇਖੋ ਤਸਵੀਰਾਂ)

ਇਸ ਬਾਰੇ ਤਾਂ ਬਾਅਦ ’ਚ ਹੀ ਪਤਾ ਲੱਗੇਗਾ ਪਰ ਮੌਕੇ ਦੇ ਹਾਲਾਤ ਅਤੇ ਬੈਂਕ ਅਧਿਕਾਰੀਆਂ ਦਾ ਰਵੱਈਆ ਇਸ ਪਾਸੇ ਇਸ਼ਾਰਾ ਕਰ ਰਿਹਾ ਹੈ ਕਿ ਬੈਂਕ ਵਿਚਲੇ ਹਾਲਾਤ ਸਾਧਾਰਨ ਨਹੀਂ ਹਨ। ਦੂਜੇ ਪਾਸੇ ਅੱਜ ਪੁਲਸ ਥਾਣਾ ਬੇਗੋਵਾਲ ਦੇ ਐੱਸ. ਐੱਚ. ਓ. ਰਣਜੋਧ ਸਿੰਘ ਵੀ ਦੋ ਥਾਣੇਦਾਰਾਂ ਸਮੇਤ ਬੈਂਕ ਵਿਚ ਇਕ ਘੰਟੇ ਤੋਂ ਵੱਧ ਸਮਾਂ ਮੌਜੂਦ ਰਹੇ ਪਰ ਬੈਂਕ ਵਿਚ ਆਉਣ ਦਾ ਕਾਰਨ ਪੁੱਛਣ 'ਤੇ ਐੱਸ. ਐੱਚ. ਓ. ਬੇਗੋਵਾਲ ਨੇ ਪੱਤਰਕਾਰਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਜਦਕਿ ਸੰਪਰਕ ਕਰਨ ’ਤੇ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨੇ ਦਸਿਆ ਕਿ ਬੈਂਕ ਦੇ ਜ਼ੋਨਲ ਮੈਨੇਜਰ ਅਤੇ ਆਡਿਟਿੰਗ ਟੀਮ ਬੈਂਕ ’ਚ ਰਿਕਾਰਡ ਚੈੱਕ ਕਰ ਰਹੀ ਹੈ ਪਰ ਹਾਲੇ ਤੱਕ ਬੈਂਕ ਵੱਲੋਂ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ।


Manoj

Content Editor

Related News