ਕਾਂਗਰਸ ਸਰਕਾਰ ਦੌਰਾਨ ਹਜ਼ਾਰਾਂ ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ : ਹਰਪਾਲ ਚੀਮਾ
Sunday, Aug 21, 2022 - 10:47 PM (IST)
ਜਲੰਧਰ (ਨਰਿੰਦਰ ਮੋਹਨ)-ਪਿਛਲੀ ਕਾਂਗਰਸ ਸਰਕਾਰ ਦੀ ਅੱਧੀ ਕੈਬਨਿਟ ਅਤੇ ਸਾਬਕਾ ਮੁੱਖ ਮੰਤਰੀ ਅਗਲੇ ਛੇ ਮਹੀਨਿਆਂ ’ਚ ਸਲਾਖਾਂ ਪਿੱਛੇ ਹੋ ਸਕਦੀ ਹੈ। ਖੇਤੀਬਾੜੀ ਉਪਕਰਨ ਘਪਲਾ, ਖੁਰਾਕ ਤੇ ਸਪਲਾਈ ਵਿਭਾਗ ਘਪਲਾ, ਪੰਚਾਇਤੀ ਜ਼ਮੀਨ ਘਪਲਾ, ਜੇਲ੍ਹ ਵਿਭਾਗ ਘਪਲਾ, ਜੰਗਲਾਤ ਵਿਭਾਗ, ਜਲ ਸਰੋਤ ਵਿਭਾਗ ਘਪਲਾ, ਵਜ਼ੀਫ਼ਾ ਘਪਲਾ, ਟਰਾਂਸਪੋਰਟ ਵਿਭਾਗ ਘਪਲਾ, ਸਿਹਤ ਵਿਭਾਗ ਘਪਲਾ ਆਦਿ ਸ਼ਾਮਲ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਲੋਕਾਂ ਦੇ ਕਈ ਹਜ਼ਾਰ ਕਰੋੜ ਰੁਪਏ ਦਾ ਗਬਨ ਕੀਤਾ ਗਿਆ ਹੈ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸਿਆਸੀ ਬਦਲਾਖੋਰੀ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਘਪਲਿਆਂ ਦੀ ਜਾਂਚ ਦੀ ਚਾਰਜਸ਼ੀਟ ਤਿੰਨ ਮਹੀਨਿਆਂ ਦੇ ਅੰਦਰ ਅਦਾਲਤ ’ਚ ਦਾਖ਼ਲ ਕਰ ਦਿੱਤੀ ਜਾਵੇਗੀ, ਫਿਰ ਅਦਾਲਤਾਂ ਹੀ ਫ਼ੈਸਲਾ ਕਰਨਗੀਆਂ ਕਿ ਕੌਣ ਕਿੰਨਾ ਗੁਨਾਹਗਾਰ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਜਾਂਚ ਨੂੰ ਚੋਣਾਂ ਤਕ ਦਬਾ ਕੇ ਨਹੀਂ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਟੂਰਨਾਮੈਂਟ ਤੋਂ ਬਾਅਦ ਕਬੱਡੀ ਖਿਡਾਰੀ ’ਤੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ ਆਪਣੇ ਹੀ ਸਿਹਤ ਮੰਤਰੀ ਖ਼ਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦੀ ਸ਼ੁਰੂਆਤ ਤੋਂ ਬਾਅਦ ਹੁਣ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਕਥਿਤ ਘਪਲਿਆਂ ’ਤੇ ਕੇਂਦ੍ਰਿਤ ਹੋ ਗਈ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਹੀ ਸੱਤਾਧਾਰੀ ਧਿਰ ਨੇ ਆਪਣੀ ਰਣਨੀਤੀ ਦਾ ਖ਼ੁਲਾਸਾ ਸੰਸਦ ’ਚ ਕਰ ਦਿੱਤਾ ਸੀ, ਜਦੋਂ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ’ਚ ਵੀ.ਆਈ.ਪੀ. ਮਹਿਮਾਨ ਵਾਂਗ ਰੱਖਣ ਅਤੇ ਉਸ ਉੱਤੇ ਲੱਖਾਂ ਰੁਪਏ ਖਰਚ ਕਰਨ ਦਾ ਮੁੱਦਾ ਚੁੱਕਿਆ ਸੀ। ਜੰਗਲਾਤ ਅਤੇ ਅਨੁਸੂਚਿਤ ਜਾਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਬੇਸ਼ੱਕ ਅਜੇ ਵੀ ਜੇਲ੍ਹ ’ਚ ਹਨ ਪਰ ਉਨ੍ਹਾਂ ’ਤੇ ਵਜ਼ੀਫ਼ਾ ਘਪਲੇ ਦਾ ਕਹਿਰ ਵਰ੍ਹਣ ਦੀ ਤਿਆਰੀ ਹੈ। ਸਰਕਾਰ ਇਸ ਮਾਮਲੇ ਨੂੰ ਵਿਜੀਲੈਂਸ ਨੂੰ ਜਾਂਚ ਲਈ ਸੌਂਪ ਰਹੀ ਹੈ। ਉਂਝ ਇਸ ਮਾਮਲੇ ਦੀ ਜਾਂਚ ਇਕ ਆਈ. ਏ. ਐੱਸ. ਅਧਿਕਾਰੀ ਵੱਲੋਂ ਕਾਂਗਰਸ ਸਰਕਾਰ ’ਚ ਹੀ ਹੋ ਗਈ ਸੀ, ਜਿਸ ’ਚ ਮੰਤਰੀ ਅਤੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ। ਅਨਾਜ ਘਪਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ਼ਾਰੇ ਤੱਤਕਾਲੀ ਮੰਤਰੀ ਵੱਲ ਹੋ ਰਹੇ ਹਨ। ਜੇਲ੍ਹ ਵਿਭਾਗ ’ਚ ਮੁਖਤਾਰ ਅੰਸਾਰੀ ਦਾ ਮਾਮਲਾ ਵੀ ਕਾਂਗਰਸ ਲਈ ਗਲੇ ਦੀ ਹੱਡੀ ਬਣਨ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਹੋ ਚੁੱਕੀ ਹੈ ਅਤੇ ਰਿਪੋਰਟ ਮੁੱਖ ਮੰਤਰੀ ਕੋਲ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਪੱਸ਼ਟ ਕਿਹਾ ਸੀ ਕਿ ਇਸ ਮਾਮਲੇ ’ਚ ਪੰਜਾਬ ਦੇ ਹੀ ਨਹੀਂ ਸਗੋਂ ਕੇਂਦਰੀ ਪੱਧਰ ਦੇ ਆਗੂਆਂ ਦੇ ਨਾਂ ਵੀ ਆ ਰਹੇ ਹਨ ਅਤੇ ਇਸ ਮਾਮਲੇ ਦੀ ਜਾਂਚ ਰਿਪੋਰਟ ਕਿਸੇ ਧਮਾਕੇ ਤੋਂ ਘੱਟ ਨਹੀਂ ਹੋਵੇਗੀ। ਕਿਸ ਦੇ ਹੁਕਮਾਂ ’ਤੇ ਮੁਖਤਾਰ ਅੰਸਾਰੀ ਨੂੰ ਵੀ. ਵੀ. ਆਈ. ਪੀ. ਰਿਹਾਇਸ਼, ਹਰ ਸਹੂਲਤ ਦਿੱਤੀ ਗਈ ਸੀ, ਜਿਸ ’ਤੇ 50 ਲੱਖ ਤੋਂ ਵੱਧ ਦਾ ਖ਼ਰਚ ਜੇਲ੍ਹ ਵਿਭਾਗ ਨੇ ਖਰਚ ਕੀਤਾ।
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਸਮੱਗਲਰ ਗ੍ਰਿਫ਼ਤਾਰ ਤੇ 78 ਲੱਖ ਦੀ ਡਰੱਗ ਮਨੀ ਬਰਾਮਦ
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਨੂੰ ਡਰਾਉਣ ਦਾ ਕੰਮ ਕਰ ਰਹੀ ਹੈ, ਜਿਸ ਦਾ ਵਿਰੋਧ ਸੋਮਵਾਰ ਨੂੰ ਕਾਂਗਰਸ ਵਿਜੀਲੈਂਸ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਕਰੇਗੀ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਸੱਤਾਧਾਰੀ ਨੇਤਾਵਾਂ ਦੀ ਜਾਇਦਾਦ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਆਸੀ ਬਦਲਾ ਨਹੀਂ ਲੈ ਰਹੀ ਅਤੇ ਨਾ ਹੀ ਜਾਂਚ ਨੂੰ ਰੱਖਿਆ ਜਾ ਰਿਹਾ ਹੈ, ਸਗੋਂ ਸਾਰਿਆਂ ਦਾ ਚਲਾਨ ਤਿੰਨ ਮਹੀਨਿਆਂ ’ਚ ਅਦਾਲਤ ’ਚ ਦਾਖ਼ਲ ਕਰ ਦਿੱਤਾ ਜਾਵੇਗਾ। ਫਿਰ ਅਦਾਲਤਾਂ ਹੀ ਫ਼ੈਸਲਾ ਕਰਨਗੀਆਂ। ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ’ਚ ਇਨ੍ਹਾਂ ਗੱਲਾਂ ਦਾ ਇਨਸਾਫ਼ ਹੋ ਜਾਵੇਗਾ ਪਰ ਉਸ ਤਰ੍ਹਾਂ ਨਹੀਂ ਹੋਵੇਗਾ, ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ’ਚ ਹੁੰਦਾ ਸੀ ਕਿ ਜਾਂਚ ਨੂੰ ਚੋਣਾਂ ਤਕ ਦਬਾ ਕੇ ਰੱਖਿਆ ਜਾਂਦਾ ਸੀ ਤੇ ਫਿਰ ਉਸ ਦੀ ਵਰਤੋਂ ਸਿਆਸੀ ਲਾਭ ਲਈ ਕੀਤੀ ਜਾਂਦੀ ਸੀ। ਵਿੱਤ ਮੰਤਰੀ ਨੇ ਚੱਲ ਰਹੀ ਜਾਂਚ ’ਚ ਸ਼ਾਮਲ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਅਤੇ ਸਾਬਕਾ ਮੰਤਰੀਆਂ ਦੇ ਨਾਂ ਦਾ ਖ਼ੁਲਾਸਾ ਨਾ ਕਰਦੇ ਹੋਏ ਕਿਹਾ ਕਿ ਜਾਂਚ ਪੂਰੀ ਹੁੰਦੇ ਹੀ ਸਾਬਕਾ ਮੁੱਖ ਮੰਤਰੀ, ਮੰਤਰੀਆਂ ਅਤੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ ’ਚ ਫੂਡ ਮਾਫ਼ੀਆ ਹੁਣ ਸਭ ਤੋਂ ਵੱਡਾ : ਕਟਾਰੂਚੱਕ
ਅੱਜ ਚੰਡੀਗੜ੍ਹ ’ਚ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆਂ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅਜੇ ਤੱਕ ਪੰਜਾਬ ’ਚ ਰੇਤ, ਸ਼ਰਾਬ ਮਾਫ਼ੀਆ ਦਾ ਨਾਂ ਹੀ ਵੱਡੇ ਨਾਵਾਂ ’ਚ ਆਉਂਦਾ ਸੀ ਪਰ ਜਿਸ ਤਰ੍ਹਾਂ ਨਾਲ ਵਿਭਾਗ ’ਚ ਸ਼ਿਕਾਇਤਾਂ ਦੇ ਢੇਰ ਲੱਗ ਰਹੇ ਹਨ ਅਤੇ ਘਪਲੇ ਸਾਹਮਣੇ ਆ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਫੂਡ ਮਾਫ਼ੀਆ ਵੀ ਪੰਜਾਬ ’ਚ ਹਾਵੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸ਼ੈਲਰਾਂ ਨੂੰ ਬਿਜਲੀ ਨਿਗਮ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿਸ ਸ਼ੈਲਰ ਨੇ ਕਿੰਨਾ ਝੋਨਾ ਸੰਭਾਲਿਆ ਹੈ। ਕਟਾਰੂਚੱਕ ਨੇ ਇਹ ਵੀ ਕਿਹਾ ਕਿ ਜੋ ਅਧਿਕਾਰੀ ਘਪਲਾ ਕਰਕੇ ਵਿਦੇਸ਼ਾਂ ’ਚ ਭੱਜ ਰਹੇ ਹਨ, ਉਨ੍ਹਾਂ ਵਿਰੁੱਧ ਸਿਰਫ ਮੁਕੱਦਮੇ ਹੀ ਨਹੀਂ ਦਰਜ ਕੀਤੇ ਜਾਣਗੇ ਸਗੋਂ ਉਨ੍ਹਾਂ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਸੀ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸਾਰੇ ਗੋਦਾਮਾਂ ਦੀ ਜਾਂਚ ਵਿਸ਼ੇਸ਼ ਟੀਮਾਂ ਵੱਲੋਂ ਕੀਤੀ ਜਾਵੇਗੀ, ਜਿਸ ’ਚ ਜਾਂਚ ਅਧਿਕਾਰੀ ਹੋਰ ਜ਼ਿਲ੍ਹਿਆਂ ਤੋਂ ਹੋਣਗੇ।