ਗੁੱਸੇ ''ਚ ਆਏ ਨਿਗਮ ਮੁਲਾਜ਼ਮਾਂ ਨੇ ਸਾੜਿਆ ਸਿੱਧੂ ਦਾ ਪੁਤਲਾ

Thursday, Nov 23, 2017 - 05:05 AM (IST)

ਅੰਮ੍ਰਿਤਸਰ,   (ਵੜੈਚ)-  ਨਗਰ ਨਿਗਮ ਦੀ ਸਾਂਝੀ ਸੰਘਰਸ਼ ਕਮੇਟੀ ਅਤੇ ਸਾਂਝੇ ਸੰਘਰਸ਼ ਮੋਰਚੇ ਵੱਲੋਂ ਪਿਛਲੇ ਦੋ ਮਹੀਨਿਆਂ ਦੀਆਂ ਤਨਖਾਹਾਂ ਨਾ ਮਿਲਣ ਤੇ ਹੋਰ ਮੰਗਾਂ ਪੂਰੀਆਂ ਨਾ ਹੋਣ ਦੇ ਵਿਰੋਧ ਵਿਚ ਨਿਗਮ ਯੂਨੀਅਨ ਵੱਲੋਂ ਜਾਰੀ ਸਾਂਝਾ ਸੰਘਰਸ਼ 10ਵੇਂ ਦਿਨ ਵੀ ਜਾਰੀ ਰਿਹਾ। ਨਿਗਮ ਦਫਤਰ ਵਿਚ ਰੋਸ ਪ੍ਰਦਰਸ਼ਨ ਕਰਨ ਦੇ ਬਾਅਦ ਮੁਲਾਜ਼ਮਾਂ ਨੇ ਪੈਦਲ ਮਾਰਚ ਕਰਦਿਆਂ ਇੰਪਰੂਵਮੈਂਟ ਟਰੱਸਟ ਚੌਕ ਵਿਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਸਾੜ ਕੇ ਪਿੱਟ-ਸਿਆਪਾ ਕੀਤਾ। ਗੁੱਸੇ ਵਿਚ ਆਏ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 
ਨਿਗਮ ਦਫਤਰ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਹਰਜਿੰਦਰ ਸਿੰਘ ਵਾਲੀਆ, ਮੇਜਰ ਸਿੰਘ, ਕਰਮਜੀਤ ਸਿੰਘ ਕੇ. ਪੀ., ਸੰਜੇ ਖੋਸਲਾ, ਸੁਰਿੰਦਰ ਟੋਨਾ, ਦਵਿੰਦਰ ਰਾਜਾ, ਧੀਰਜ ਭਾਸਕਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਮੁਲਾਜ਼ਮਾਂ ਦੇ ਹੱਕ ਵਿਚ ਨਿਕੰਮੀ ਸਰਕਾਰ ਸਾਬਤ ਹੋ ਰਹੀ ਹੈ। ਪਿਛਲੇ ਸਮੇਂ ਤੋਂ ਤਨਖਾਹਾਂ ਦੀ ਪ੍ਰਾਪਤੀ ਲਈ ਨਿਗਮ ਮੁਲਾਜ਼ਮ ਸੰਘਰਸ਼ ਕਰ ਕਰ ਕੇ ਥੱਕ ਚੁੱਕੇ ਹਨ ਪਰ ਸਰਕਾਰ ਹੈ ਕਿ ਟਸ ਤੋਂ ਮਸ ਨਹੀਂ ਹੋ ਰਹੀ। 10 ਦਿਨਾਂ ਤੋਂ ਨਿਗਮ ਕਰਮਚਾਰੀ ਹੜਤਾਲ 'ਤੇ ਹਨ ਪਰ ਸਰਕਾਰ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਤੀਸਰਾ ਮਹੀਨਾ ਖਤਮ ਹੋਣ 'ਤੇ ਆਇਆ ਹੈ ਤਨਖਾਹਾਂ ਨਾ ਮਿਲਣ ਕਰ ਕੇ ਘਰਾਂ ਦੇ ਗੁਜ਼ਾਰੇ ਹੋਣੇ ਮੁਸ਼ਕਲ ਹੋ ਚੁੱਕੇ ਹਨ। ਦੋ ਮਹੀਨੇ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਚੰਡੀਗੜ੍ਹ ਸਥਿਤ ਦਫਤਰ ਵਿਖੇ ਬੈਠਕ ਹੋਣ ਉਪਰੰਤ ਵੀ ਮੁਲਾਜ਼ਮਾਂ ਦੇ ਮਾਮਲਿਆਂ ਨੂੰ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। 
ਇਸ ਮੌਕੇ  ਅਸ਼ੋਕ ਕੁਮਾਰ, ਸੁਰਿੰਦਰ ਸੋਨੂੰ, ਰਾਜ ਕੁਮਾਰ ਰਾਜੂ, ਸੁਖਦੇਵ, ਜੋਗਿੰਦਰ ਸਿੰਘ ਕੰਬੋਜ, ਅਰੁਣ ਸਹਿਜਪਾਲ, ਸਤਿੰਦਰ ਸਿੰਘ, ਦਲਜੀਤ ਸਿੰਘ, ਭਗਵੰਤ ਸਿੰਘ, ਅਸ਼ੋਕ ਮਜੀਠਾ, ਪਰਮਜੀਤ ਸਿੰਘ ਪੰਮਾ, ਬਲਵਿੰਦਰ ਸਿੰਘ ਬਿੱਲੂ, ਮਹਾਵੀਰ ਸੁੱਚਾ ਸਿੰਘ ਵੀ ਮੌਜੂਦ ਸਨ। 
ਨਜ਼ਰ ਨਹੀਂ ਆ ਰਹੀ ਧਰਮ-ਵੀਰ ਦੀ ਜੋੜੀ  : ਫਿਲਮ ਧਰਮ-ਵੀਰ ਦੀ ਜੋੜੀ ਦੀ ਤਰ੍ਹਾਂ ਇਕੱਠੇ ਸੰਘਰਸ਼ ਕਰਨ ਵਾਲੇ ਹਰਜਿੰਦਰ ਸਿੰਘ ਵਾਲੀਆ ਅਤੇ ਵਿਨੋਦ ਬਿੱਟਾ ਵਿਚਕਾਰਨ ਮਨਮਟਾਅ ਨਜ਼ਰ ਆ ਰਿਹਾ ਹੈ। ਤਨਖਾਹਾਂ ਪ੍ਰਾਪਤ ਕਰਨ ਲਈ ਜਾਰੀ ਸੰਘਰਸ਼ ਵਿਚ ਸ਼੍ਰੀ ਵਾਲੀਆ ਨਜ਼ਰ ਆ ਰਹੇ ਹਨ ਪਰ ਵਿਨੋਦ ਬਿੱਟਾ ਅਤੇ ਆਸ਼ੂ ਨਾਹਰ ਨਜ਼ਰ ਨਹੀਂ ਆ ਰਹੇ ਹਨ। ਵਿਨੋਦ ਬਿੱਟਾ ਨੇ ਕਿਹਾ ਕਿ ਉਹ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਲਈ ਹਮੇਸ਼ਾ ਤਿਆਰ ਹਨ ਪਰ ਸਾਂਝੀ ਸੰਘਰਸ਼ ਕਮੇਟੀ ਨੇ ਸੰਘਰਸ਼ ਦੇ ਐਲਾਨ ਦੌਰਾਨ ਕੋਈ ਵਿਚਾਰ ਨਹੀਂ ਕੀਤਾ। ਉਹ ਸੰਘਰਸ਼ ਤੋਂ ਬਾਹਰ ਹਨ ਅਤੇ ਸਫਾਈ ਕਰਮਚਾਰੀ, ਵਰਕਸ਼ਾਪ ਮੁਲਾਜ਼ਮ, ਸੀਵਰੇਜ ਕਰਮਚਾਰੀ ਕੰਮਾਂ 'ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਲੋਕਲ ਨੇਤਾਵਾਂ ਨੂੰ ਛੱਡ ਕੇ ਕੇਂਦਰੀ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਦੇ ਪੁਤਲੇ ਸਾੜਨਾ ਸਮਝ ਤੋਂ ਦੂਰ ਹੈ। 
ਸ਼ੁੱਕਰਵਾਰ ਸਾੜਿਆ ਜਾਵੇਗਾ ਮੁੱਖ ਮੰਤਰੀ ਦਾ ਪੁਤਲਾ : ਮੇਜਰ : ਸਾਂਝੀ ਸੰਘਰਸ਼ ਕਮੇਟੀ ਨਾਲ ਸਬੰਧਤ ਅੰਮ੍ਰਿਤਸਰ ਨਗਰ ਨਿਗਮ ਵਰਕਰਜ਼ ਯੂਨੀਅਨ (ਸੀਟੂ) ਦੇ ਪ੍ਰਧਾਨ ਮੇਜਰ ਸਿੰਘ ਨੇ ਕਿਹ ਕਿ ਤਨਖਾਹ ਦੀ ਮੰਗ ਪੂਰੀ ਨਾ ਹੋਣ ਕਾਰਨ ਮੁਲਾਜ਼ਮਾਂ ਦੇ ਪਰਿਵਾਰਾਂ ਵਿਚ ਪ੍ਰੇਸ਼ਾਨੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਜੇਕਰ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ ਜਾਵੇਗਾ। 
ਡਿਊਟੀ ਵਾਲੇ ਦਿਨ ਹੀ ਕਿਉਂ ਹੁੰਦੀ ਹੈ ਹੜਤਾਲ   : ਹਮੇਸ਼ਾ ਦੇਖਣ ਵਿਚ ਆਉਂਦਾ ਹੈ ਕਿ ਯੂਨੀਅਨਾਂ ਡਿਊਟੀ ਦੇ ਦਿਨ ਤਾਂ ਹੜਤਾਲ 'ਤੇ ਬੈਠਦੀਆਂ ਹਨ ਪਰ ਜਿਵੇਂ ਹੀ ਸ਼ਨੀਵਾਰ, ਐਤਵਾਰ ਸਮੇਤ ਕੋਈ ਹੋਰ ਛੁੱਟੀ ਆਉਂਦੀ ਹੈ ਤਾਂ ਮੁਲਾਜ਼ਮ ਹੜਤਾਲ 'ਤੇ ਨਹੀਂ ਜਾਂਦੇ ਅਤੇ ਘਰਾਂ ਵਿਚ ਹੀ ਆਰਾਮ ਕਰਦੇ ਹਨ ਜਦਕਿ ਛੁੱਟੀਆਂ ਦੇ ਦਿਨ ਹੜਤਾਲ ਦੇ ਦਿਨਾਂ ਵਿਚ ਹੀ ਗਿਣੇ ਜਾਂਦੇ ਹਨ। 23 ਨਵੰਬਰ ਵੀਰਵਾਰ ਨੂੰ ਸਰਕਾਰੀ ਛੁੱਟੀ ਹੋਣ ਕਰ ਕੇ ਮੁਲਾਜ਼ਮ ਹੜਤਾਲ 'ਤੇ ਨਹੀਂ ਹੋਣਗੇ। 


Related News