ਸਰਕਾਰ ਵਲੋਂ ਇਲੈਕ੍ਰਟਾਨਿਕ ਬੱਸਾਂ ਚਲਾਉਣ ਬਾਰੇ ਜਾਪਾਨ ਨਾਲ ਗੱਲਬਾਤ

12/03/2019 12:55:30 AM

ਚੰਡੀਗੜ੍ਹ,(ਅਸ਼ਵਨੀ): ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਤੋਂ ਪਟਿਆਲਾ ਤੱਕ ਅਜ਼ਮਾਇਸ਼ੀ ਤੌਰ 'ਤੇ ਪੰਜ ਇਲੈਕਟ੍ਰੌਨਿਕ ਬੱਸਾਂ ਚਲਾਉਣ ਬਾਰੇ ਜਾਪਾਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਬੱਸਾਂ ਜਾਪਾਨੀ ਤਕਨੀਕ ਤੇਜ਼ੀ ਨਾਲ ਚਾਰਜ ਹੋਣ ਵਾਲੀਆਂ ਲਿਥੀਅਮ ਆਇਨ ਬੈਟਰੀਆਂ ਵਾਲੇ ਇਲੈਕਟ੍ਰਿਕ ਵਹੀਕਲ (ਈ.ਵੀ.) 'ਤੇ ਆਧਾਰਿਤ ਹੋਣਗੀਆਂ। ਪੰਜਾਬ ਸਰਕਾਰ ਵਲੋਂ ਆਗਾਮੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ-2019 ਦੌਰਾਨ ਇਸ ਬਾਰੇ ਜਾਪਾਨ ਦੀ ਈ. ਵੀ ਕੌਰੀਡੋਰ 'ਤੇ ਵਿਚਾਰ-ਵਟਾਂਦਰੇ ਨੂੰ ਅੱਗੇ ਤੋਰੇਗੀ, ਜਿਸ 'ਚ ਜਾਪਾਨ ਦੀ ਐਕਸਟਰਨਲ ਟਰੇਡ ਆਰਗੇਨਾਈਜੇਸ਼ਨ (ਜੇ. ਈ.ਟੀ. ਆਰ. ਓ), ਜਾਪਾਨ ਦੀ ਸਰਕਾਰ ਨਾਲ ਸਬੰਧਤ ਇਕ ਸੰਗਠਨ, ਕੰਟਰੀ ਸੈਸ਼ਨ ਲਈ ਭਾਗੀਦਾਰ ਹੈ। ਜੇ. ਈ. ਟੀ. ਆਰ. ਓ. ਵਲੋਂ ਜਾਪਾਨੀ ਸੰਗਠਨਾਂ ਤੇ ਦੂਜੇ ਦੇਸ਼ਾਂ ਵਿਚਕਾਰ ਆਪਸੀ ਲਾਭਕਾਰੀ ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਨਵੈਸਟਮੈਂਟ ਪ੍ਰਮੋਸ਼ਨ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਨੁਸਾਰ ਭਾਰਤ 'ਚ ਜਾਪਾਨ ਦੇ ਰਾਜਦੂਤ ਦੀ ਅਗਵਾਈ 'ਚ ਇਕ ਵਫ਼ਦ ਆਗਾਮੀ ਨਿਵੇਸ਼ਕ ਸੰਮੇਲਨ 'ਚ ਹਿੱਸਾ ਲਵੇਗਾ, ਜਿਸ ਵਿੱਚ ਮਿਤਸੂਈ, ਐਸ. ਐਮ. ਐਲ ਇਸੂਜ਼ੂ, ਮਿਤਸਬਿਸ਼ੀ ਤੇ ਯਾਂਮਾਰ ਦੇ ਨੁਮਾਇੰਦਿਆਂ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ (ਐਮਈਆਈਟੀ) ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਐਡਵਾਂਸਡ ਅਤੇ ਉਭਰਦੀ ਤਕਨਾਲੋਜੀਆਂ ਵਿੱਚ ਸੈਂਟਰ ਆਫ ਐਕਸੀਲੈਂਸ ਬਣਨ ਦੀ ਰਾਹ 'ਤੇ ਅੱਗੇ ਵਧ ਰਿਹਾ ਹੈ। ਇਸ ਤਹਿਤ ਭਾਰਤ ਦੀ ਐਮਈਆਈਟੀ, ਅਤੇ ਜਾਪਾਨ ਦੀ ਐਮਈਟੀਆਈ ਵਿਚਕਾਰ ਐਮਓਯੂ (ਸਮਝੌਤਾ) ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਅਨੁਕੂਲ ਉਦਯੋਗਿਕ ਅਤੇ ਨਿਵੇਸ਼ ਦੇ ਮਾਹੌਲ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਦੁਆਰਾ ਉਤਸ਼ਾਹਿਤ ਵਪਾਰ ਸਬੰਧੀ ਢੁਕਵੀਆਂ ਸਹੂਲਤਾਂ ਦਾ ਲਾਹਾ ਲੈਣ ਸਬੰਧੀ ਜਾਪਾਨ ਵਲੋਂ ਹਾਲ ਹੀ ਦੇ ਮਹੀਨਿਆਂ ਵਿੱਚ ਪੰਜਾਬ 'ਚ ਵਿਸ਼ੇਸ਼ ਕਰਕੇ ਆਟੋਮੋਬਾਈਲ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ


Related News