ਕਰੰਟ ਲੱਗਣ ਨਾਲ ਬਿਜਲੀ ਠੇਕਾ ਮਜ਼ਦੂਰ ਦੀ ਹੋਈ ਮੌਤ

06/19/2019 12:50:47 AM

ਝਬਾਲ/ਬੀੜ ਸਾਹਿਬ(ਲਾਲੂਘੁੰਮਣ, ਬਖਤਾਵਰ)— ਪਾਵਰਕਾਮ ਸਬ ਡਵੀਜ਼ਨ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਛਾਪਾ ਸਥਿਤ ਬਿਜਲੀ ਦੀਆਂ ਤਾਰਾਂ ਪਾਉਣ ਸਮੇਂ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਬਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਲਹੀਆਂ ਵਜੋਂ ਹੋਈ ਹੈ, ਜੋ ਤਿੰਨ ਬੱਚਿਆਂ ਦਾ ਪਿਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਅਵਤਾਰ ਸਿੰਘ, ਚਾਚੇ ਗੁਲਜ਼ਾਰ ਸਿੰਘ ਤੇ ਪ੍ਰਗਟ ਸਿੰਘ ਸਮੇਤ ਭੈਣ ਕੁਲਵਿੰਦਰ ਕੌਰ ਨੇ ਦੱਸਿਆ ਕਿ ਗੁਰਬਿੰਦਰ ਸਿੰਘ 400 ਰੁਪਏ ਦਿਹਾੜੀ 'ਤੇ ਇਕ ਨਿੱਜੀ ਠੇਕੇਦਾਰ ਨਾਲ ਕੰਮ ਕਰ ਰਿਹਾ ਸੀ। ਠੇਕੇਦਾਰ ਵੱਲੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਾਉਣ ਅਤੇ ਖੰਭੇ ਗੱਡਣ ਦਾ ਉਸ ਤੋਂ ਕੰਮ ਕਰਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਪਿੰਡ ਛਾਪਾ ਸਥਿਤ ਕਿਸੇ ਕਿਸਾਨ ਦੀ ਮੋਟਰ ਨੂੰ ਕੁਨੈਕਸ਼ਨ ਦੇਣ ਲਈ ਪਾਈ ਜਾ ਰਹੀ ਬਿਜਲੀ ਦੀ ਲਾਈਨ ਦੀਆਂ ਹਾਈਵੋਲਟੇਜ ਤਾਰਾਂ ਦੀ ਗੁਰਬਿੰਦਰ ਸਿੰਘ ਵੱਲੋਂ ਖੰਭੇ 'ਤੇ ਚੜ੍ਹ ਕੇ ਖਿਚਾਈ ਕੀਤੀ ਜਾ ਰਹੀ ਸੀ ਤਾਂ ਸਿਰਫ ਇਕ ਫੁੱਟ ਨੇੜੇ ਦੀ ਲੰਘ ਰਹੀ 24 ਘੰਟੇ ਵਾਲੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਾਈਨ ਨਾਲ ਗੁਰਬਿੰਦਰ ਸਿੰਘ ਵੱਲੋਂ ਖਿੱਚੀ ਜਾ ਰਹੀ ਤਾਰ ਟਕਰਾਅ ਜਾਣ ਕਾਰਣ ਉਹ ਹਾਈ ਵੋਲਟੇਜ ਕਰੰਟ ਦੀ ਲਪੇਟ 'ਚ ਆ ਗਿਆ। ਉਨ੍ਹਾਂ ਦੱਸਿਆ ਕਿ ਗੰਭੀਰ ਹਾਲਤ 'ਚ ਗੁਰਬਿੰਦਰ ਸਿੰਘ ਨੂੰ ਝਬਾਲ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਬਿੰਦਰ ਸਿੰਘ ਦੀ ਮੌਤ ਲਈ ਪਾਵਰਕਾਮ ਸਬ ਡਵੀਜ਼ਨ ਸਰਾਏ ਅਮਾਨਤ ਖਾਂ ਦੇ ਕਥਿਤ ਅਧਿਕਾਰੀ ਜ਼ਿੰਮੇਵਾਰ ਹਨ, ਕਿਉਂਕਿ ਉਕਤ ਖਿੱਚੀ ਜਾ ਰਹੀ ਬਿਜਲੀ ਲਾਈਨ ਦੇ ਨਾਲ ਲੰਘ ਰਹੀ 24 ਘੰਟੇ ਲਾਈਨ ਬੰਦ ਨਾ ਕਰਨ ਕਰ ਕੇ ਉਕਤ ਹਾਦਸਾ ਵਾਪਰਿਆ ਹੈ। ਪਿੰਡ ਛਾਪਾ ਦੇ ਸਾਬਕਾ ਸਰਪੰਚ ਸਮੇਤ ਸਮੁੱਚੇ ਪਿੰਡ ਵਾਸੀਆਂ ਵੱਲੋਂ ਪੀੜਤ ਪਰਿਵਾਰ ਨੂੰ ਪਿੰਡ ਵੱਲੋਂ ਆਰਥਿਕ ਤੌਰ 'ਤੇ ਮਦਦ ਵਜੋਂ ਇਕ ਲੱਖ ਰੁਪਏ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ਇਸ ਮੌਕੇ ਪੀੜਤ ਪਰਿਵਾਰ ਦੇ ਹਮਾਇਤੀਆਂ ਵੱਲੋਂ ਮੌਕੇ 'ਤੇ ਪੁੱਜੇ ਪਾਵਰਕਾਮ ਸਬ ਡਵੀਜ਼ਨ ਸਰਾਏ ਅਮਾਨਤ ਖਾਂ ਦੇ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕਰਦਿਆਂ ਮ੍ਰਿਤਕ ਦੀ ਪਤਨੀ ਨੂੰ ਵਿਭਾਗ 'ਚ ਨੌਕਰੀ ਦੇਣ ਅਤੇ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ।

ਐੱਸ.ਡੀ.ਓ. ਤੋਂ ਮੰਗਵਾਈ ਗਈ ਹੈ ਰਿਪੋਰਟ : ਐਕਸੀਅਨ ਤਰਸੇਮ ਕੁਮਾਰ
ਐਕਸੀਅਨ ਤਰਸੇਮ ਕੁਮਾਰ ਨੇ ਦੱਸਿਆ ਕਿ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ਹੋਣ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਤੁਰੰਤ ਹੀ ਐੱਸ.ਡੀ.ਓ. ਸਰਾਏ ਅਮਾਨਤ ਖਾਂ ਕੋਲੋਂ ਡੀਟੇਲ ਰਿਪੋਰਟ ਮੰਗੀ ਗਈ ਹੈ ਕਿ ਉਕਤ ਵਿਅਕਤੀ ਨਿੱਜੀ ਤੌਰ 'ਤੇ ਖਪਤਕਾਰ ਵੱਲੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦਾ ਕੰਮ ਕਰ ਰਿਹਾ ਸੀ ਜਾਂ ਵਿਭਾਗ ਦੇ ਕਿਸੇ ਕਰਮਚਾਰੀ ਵੱਲੋਂ ਕਿਸੇ ਨਿੱਜੀ ਵਿਅਕਤੀ ਕੋਲੋਂ ਉਕਤ ਕੰਮ ਕਰਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਉਪਰੰਤ ਜੋ ਸੱਚਾਈ ਸਾਹਮਣੇ ਆਵੇਗੀ ਤੇ ਉਸ ਮੁਤਾਬਕ ਵਿਭਾਗੀ ਤੌਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News